ਸਰਹੱਦੀ ਪਿੰਡ "ਗਗੜ" ਨੂੰ ਮੁੱਢਲੀ ਸਿੱਖਿਆ ਤੇ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੀ ਜਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਚੁੱਕੀ
ਹੁਣ ਗਗੜ ਪਿੰਡ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੋ ਗਿਆ :ਡਾ ਕਰਮਜੀਤ ਸਿੰਘ
5 Dariya News
ਅੰਮ੍ਰਿਤਸਰ 27-Dec-2025
ਤਹਿਸੀਲ ਅਜਨਾਲਾ ਦੇ ਸਰਹੱਦੀ ਪਿੰਡ ਗਗੜ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਗੋਦ ਲੈਣ ਦੇ ਬਾਅਦ ਅੱਜ ਜਿੱਥੇ ਵੱਡੇ ਪੱਧਰ ਤੇ ਰਾਹਤ ਕੈਂਪ ਲਾਇਆ ਗਿਆ ਉੱਥੇ ਇਹ ਐਲਾਨ ਵੀ ਕੀਤਾ ਗਿਆ ਕਿ ਇਹ ਪਿੰਡ ਹੁਣ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹੋ ਗਿਆ ਅਤੇ ਇਸ ਦੇ ਸਰਵਪੱਖੀ ਵਿਕਾਸ ਦੀ ਸਮਾਜਿਕ ਜ਼ਿੰਮੇਵਾਰੀ ਯੂਨੀਵਰਸਿਟੀ ਦੀ ਹੋ ਗਈ ਹੈ। ਅਗਲੇ ਛੇ ਮਹੀਨਿਆਂ ਦੇ ਵਿਚ ਪਿੰਡ ਵਿੱਚ ਮੁੱਢਲੀ ਸਿੱਖਿਆ ਤੇ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੇ ਯਤਨ ਕੀਤੇ ਜਾਣਗੇ।
ਇਹ ਐਲਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ ਕਰਮਜੀਤ ਸਿੰਘ ਨੇ ਕੀਤਾ। ਉਹ ਅੱਜ ਤਹਿਸੀਲ ਅਜਨਾਲਾ ਦੇ ਗੱਗੜ ਪਿੰਡ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਲਾਏ ਰਾਹਤ ਕੈਂਪ ਦੀ ਸ਼ੁਰੂਆਤ ਕਰਨ ਸਮੇਂ ਸੰਬੋਧਨ ਕਰ ਰਹੇ ਸਨ।ਇਸ ਤੋਂ ਪਹਿਲਾ ਪ੍ਰੋਗਰਾਮ ਦੀ ਸ਼ੁਰੂਆਤ ਪ੍ਰੋ. ਬਲਬੀਰ ਸਿੰਘ, ਕੋਆਰਡੀਨੇਟਰ ਐੱਨਐੱਸਐੱਸ ਨੇ ਕੀਤੀ ਅਤੇ ਪਿੰਡ ਦੇ ਵਿਕਾਸ ਲਈ ਉਲੀਕੇ ਪ੍ਰੋਗਰਾਮ ਦੀ ਰੂਪ ਰੇਖਾ ਦੱਸੀ।
ਇਸ ਦੇ ਮੁੱਖ ਮਕਸਦਾਂ ਤੋਂ ਵੀ ਜਾਣੂ ਕਰਵਾਇਆ।ਨੈਸ਼ਨਲ ਸਰਵਿਸ ਸਕੀਮ ਦੀ ਭੂਮਿਕਾ ਤੇ ਜ਼ੋਰ ਦੇਂਦਿਆਂ ਉਨ੍ਹਾਂ ਕਿਹਾ ਕਿ ਅਜਿਹੀਆਂ ਪਹਿਲਕਦਮੀਆਂ ਵਿਦਿਆਰਥੀਆਂ ਵਿੱਚ ਸੇਵਾ, ਦਯਾ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਦੀਆਂ ਹਨ। ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇਆਂ ਜਿੱਥੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਤੇ ਵਧਾਈ ਦਿੱਤੀ ਅਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਸ਼ਹੀਦੀ ਦਿਵਸ ਨੂੰ ਯਾਦ ਕੀਤਾ ਉੱਥੇ ਉਹਨਾਂ ਐਲਾਨ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪਿੰਡ ਦਾ ਸਰਵਪੱਖੀ ਵਿਕਾਸ ਕਰਨ ਦੀ ਪੂਰੀ ਜਿੰਮੇਵਾਰੀ ਚੁੱਕਦੀ ਹੈ।
ਉਨ੍ਹਾਂ ਪਿੰਡ ਵਿੱਚ ਪ੍ਰਾਇਮਰੀ ਸਕੂਲ ਤੇ ਸਿਹਤ ਸਹੂਲਤ ਤਕ ਵੀ ਨਾ ਹੋਣ ਤੇ ਹੈਰਾਨੀ ਪ੍ਰਗਟਾਈ ਤੇ ਕਿਹਾ ਕਿ ਯੂਨੀਵਰਸਿਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਹੈ, ਇਸ ਲਈ ਗੁਰੂ ਜੀ ਦੀ ਕਿਰਪਾ ਨਾਲ ਪਿੰਡ ਵਿੱਚ ਮੁੱਢਲੀ ਸਿੱਖਿਆ ਤੇ ਬੁਨਿਆਦੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੇ ਯਤਨ ਕੀਤੇ ਜਾਣਗੇ। ਇਸ ਤੋਂ ਪਹਿਲਾ ਉਹਨਾਂ ਸਰਵਪੱਖੀ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ ਅਤੇ ਫਿਰ ਲੋੜਵੰਦ ਪਰਿਵਾਰਾਂ ਨੂੰ ਕੰਬਲ, ਸਵੈਟਰ ਤੇ ਗਰਮ ਚਾਦਰਾਂ ਵੰਡੀਆਂ।
ਯੂਨੀਵਰਸਿਟੀ ਦੇ ਲੋਕ-ਹਿੱਤੈਸ਼ੀ ਪਹਿਲਕਦਮੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਪਹਿਲਾਂ ਅੰਮ੍ਰਿਤਸਰ ਨੂੰ ਸਾਫ਼-ਸੁਥਰਾ ਬਣਾਉਣ ਲਈ ਵੱਡੀ ਸਫ਼ਾਈ ਮੁਹਿੰਮ ਚਲਾਈ ਗਈ ਸੀ, ਜਿਸ ਵਿੱਚ ਐੱਨਐੱਸਐੱਸ ਵਲੰਟੀਅਰਾਂ ਨੇ ਕੈਂਪਸ ਤੋਂ ਪੁਤਲੀਘਰ ਚੌਕ ਤੱਕ ਸਫ਼ਾਈ ਕੀਤੀ ਅਤੇ ਸਥਾਨਕ ਪ੍ਰਸ਼ਾਸਨ ਨੂੰ ਸਹਿਯੋਗ ਦਿੱਤਾ। ਗੱਗੜ ਪਿੰਡ ਅਡਾਪਟ ਕਰਨਾ ਅਤੇ ਰਾਹਤ ਕੈਂਪ ਇਸੇ ਲੜੀ ਦਾ ਅਗਲਾ ਕਦਮ ਹੈ।ਵਾਈਸ-ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਦੂਰਅੰਦੇਸ਼ ਲੀਡਰਸ਼ਿਪ ਹੇਠ ਚੱਲ ਰਹੇ ਪ੍ਰੋਗਰਾਮ ਨੂੰ ਡਾ. ਹਰਕਰਨ ਕੌਰ, ਐੱਨਐੱਸਐੱਸ ਪ੍ਰੋਗਰਾਮ ਅਫ਼ਸਰ ਨੇ ਸੁਚਾਰੂ ਢੰਗ ਨਾਲ ਚਲਾਇਆ। ਜਿਸ ਵਿੱਚ ਐੱਨਐੱਸਐੱਸ ਵਲੰਟੀਅਰਾਂ ਨੇ ਵੱਧ-ਚੜ੍ਹ ਕੇ ਹਿੱਸਾ ਪਾਇਆ।
ਰਾਹਤ ਕੈਂਪ ਵਿੱਚ ਪ੍ਰੋ. ਪਲਵਿੰਦਰ ਸਿੰਘ ਡੀਨ ਅਕਾਦਮਿਕ ਅਫ਼ੇਅਰਜ਼, ਪ੍ਰੋ. ਕੇ ਐਸ ਚਾਹਲ ਰਜਿਸਟਰਾਰ, ਪ੍ਰੋ. ਹਰਵਿੰਦਰ ਸਿੰਘ ਸੈਣੀ ਡੀਨ ਸਟੂਡੈਂਟ ਵੈਲਫੇਅਰ, ਪ੍ਰੋ. ਬਲਬੀਰ ਸਿੰਘ ਐੱਨਐੱਸਐੱਸ ਕੋਆਰਡੀਨੇਟਰ, ਪ੍ਰਵੀਨ ਪੁਰੀ, ਡਾਇਰੈਕਟਰ ਲੋਕ ਸੰਪਰਕ ਵਿਭਾਗ,ਪ੍ਰੋ. ਬਲਵਿੰਦਰ ਸਿੰਘ ਪ੍ਰੈਜ਼ੀਡੈਂਟ ਟੀਚਰਜ਼ ਐਸੋਸੀਏਸ਼ਨ, ਸ੍ਰ ਹਰਦੀਪ ਸਿੰਘ ਨਗਰਾ ਪ੍ਰੈਜ਼ੀਡੈਂਟ ਨਾਨ-ਟੀਚਿੰਗ ਐਸੋਸੀਏਸ਼ਨ ਤੇ ਆਫ਼ਿਸਰਜ਼ ਐਸੋਸੀਏਸ਼ਨ ਸਮੇਤ ਐੱਨਐੱਸਐੱਸ ਅਫ਼ਸਰ, ਵਲੰਟੀਅਰ ਤੇ ਸਟਾਫ਼ ਹਾਜ਼ਰ ਸਨ। ਗੱਗੜ ਪਿੰਡ ਦੇ ਟਿਕਾਊ ਤੇ ਸਰਬਪੱਖੀ ਵਿਕਾਸ ਲਈ ਮਿਲ ਕੇ ਕੰਮ ਕਰਨ ਦੇ ਸਾਂਝੇ ਸੰਕਲਪ ਨੂੰ ਦੁਹਰਾਉਂਦਿਆਂ ਪ੍ਰੋ. ਬਲਵਿੰਦਰ ਸਿੰਘ ਨੇ ਵੋਟ ਆਫ਼ ਥੈਂਕਸ ਪੇਸ਼ ਕੀਤਾ ਅਤੇ ਵਾਈਸ ਚਾਂਸਲਰ ਦੀ ਲੀਡਰਸ਼ਿਪ, ਯੂਨੀਵਰਸਿਟੀ ਅਥਾਰਟੀਜ਼ ਦੇ ਸਹਿਯੋਗ ਤੇ ਪਿੰਡ ਵਾਸੀਆਂ-ਵਲੰਟੀਅਰਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ।