5 Dariya News

ਜਸਵਿੰਦਰ ਸਿੰਘ ਰਮਦਾਸ ਨੇ ਜੇਤੂ ਉਮੀਦਵਾਰਾਂ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ

ਕਿਹਾ ਕਿ – ਵਿਕਾਸ ਦੀ ਹੋਈ ਜਿੱਤ

5 Dariya News

ਅੰਮ੍ਰਿਤਸਰ 19-Dec-2025

ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਦੀਆਂ ਚੋਣਾਂ ਵਿੱਚ ਹੋਈ ਜਿੱਤ ਲਈ ਵਾਹਿਗੁਰੂ ਦਾ ਧੰਨਵਾਦ ਕਰਨ ਲਈ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਹਲਕਾ ਰਮਦਾਸ ਦੇ ਵਿਧਾਇਕ ਸ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਇਹ ਜਿੱਤ ਵਿਕਾਸ ਦੀ ਜਿੱਤ ਹੈ ਅਤੇ 2027 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਬਹੁਮਤ ਨਾਲ ਆਪਣੀ ਸਰਕਾਰ ਬਣਾਏਗੀ। ਵਿਧਾਇਕ ਰਮਦਾਸ ਨੇ ਕਿਹਾ ਕਿ ਲੋਕਾਂ ਨੇ ਇਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਖੁਸ਼ ਹੋ ਕੇ ਜਿੱਤ ਦੀ ਮੋਹਰ ਲਗਾਈ ਹੈ। 

ਉਨਾਂ ਕਿਹਾ ਕਿ ਵਿਰੋਧੀ ਕੇਵਲ ਝੂਠੇ ਲਾਰੇ ਹੀ ਲਾ ਸਕਦੇ ਹਨ ਜਾਂ ਝੂਠੀਆਂ ਅਫਵਾਹਾਂ ਹੀ ਫੈਲਾ ਸਕਦੇ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਨ ਦੀ ਸਰਕਾਰ ਹਰ ਸਮੇਂ ਪੰਜਾਬ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਉਨਾਂ ਕਿਹਾ ਕਿ ਲੋਕ ਸਾਡੀ ਪਾਰਟੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਸਾਨੂੰ ਜਿੱਤਾ ਰਹੇ ਹਨ।  

ਉਹਨਾਂ ਕਿਹਾ ਕਿ ਆਉਣ ਵਾਲੇ 14 ਮਹੀਨੇ ਜੋ ਸਰਕਾਰ ਦੇ ਰਹਿੰਦੇ ਹਨ ਉਹਨਾਂ ਵਿੱਚ ਵਿਕਾਸ ਦੇ ਕੰਮ ਲਗਭਗ ਮੁਕੰਮਲ ਹੋ ਜਾਣਗੇ ਅਤੇ ਅਸੀਂ 2027 ਦੀਆਂ ਚੋਣਾਂ ਵਿੱਚ ਆਪਣਾ ਰਿਪੋਰਟ ਕਾਰਡ ਲੈ ਕੇ ਜਨਤਾ ਦੀ ਕਚਹਿਰੀ ਵਿੱਚ ਜਾ ਕੇ ਵੋਟ ਮੰਗਾਂਗੇ। ਉਹਨਾਂ ਕਿਹਾ ਕਿ ਅਸੀਂ ਕੋਈ ਹੋਸ਼ੀ ਰਾਜਨੀਤੀ ਨਹੀਂ ਕਰਨੀ ਬਲਕਿ ਆਪਣੇ ਕੰਮਾਂ ਦੇ ਅਧਾਰ ਉਤੇ ਲੋਕਾਂ ਕੋਲੋਂ ਵੋਟ ਮੰਗਣੀ ਹੈ ਅਤੇ ਮੈਨੂੰ ਭਰੋਸਾ ਹੈ ਕਿ ਲੋਕ ਸਾਡੇ ਕੰਮਾਂ ਨੂੰ ਦੇਖਦੇ ਹੋਏ ਫਿਰ ਦੁਬਾਰਾ ਮੌਕਾ ਸਾਡੀ ਪਾਰਟੀ ਨੂੰ ਦੇਣਗੇ।

ਉਨ੍ਹਾਂ ਇਸ ਜਿੱਤ ਲਈ ਪੰਜਾਬ ਦੇ ਲੋਕਾਂ ਦਾ ਧੰਨਵਾਦ ਕਰਦੇ ਕਿਹਾ ਕਿ ਤੁਹਾਡੇ ਦਿੱਤੇ ਹੁੰਗਾਰੇ ਨੇ ਸਾਨੂੰ ਵੱਡਾ ਹੌਸਲਾ ਦਿੱਤਾ ਹੈ ਅਤੇ ਅਸੀਂ ਡਟ ਕੇ ਲੋਕ ਸੇਵਾ ਵਿੱਚ ਲੱਗੇ ਰਹਾਂਗੇ। ਉਹਨਾਂ ਨੇ ਵਿਰੋਧੀਆਂ ਵੱਲੋਂ ਲਗਾਏ ਜਾ ਰਹੇ ਦੋਸ਼ ਕਿ ਸਰਕਾਰ ਨੇ ਵੋਟਾਂ ਦੇ ਕਾਗਜ਼ ਰੱਦ ਕਰਵਾਉਣ ਜਾਂ ਗਿਣਤੀ ਵਿੱਚ ਹੇਰਾ ਫੇਰੀ ਕੀਤੀ ਹੈ, ਨੂੰ ਮੁੱਢੋਂ ਨਕਾਰਦਿਆਂ ਕਿਹਾ ਕਿ ਸਾਡੀ ਸਰਕਾਰ ਨੇ ਸਾਰਿਆਂ ਨੂੰ ਬਰਾਬਰ ਮੌਕਾ ਦਿੱਤਾ ਸੀ ਪਰ ਲੋਕਾਂ ਨੇ ਫੈਸਲਾ ਆਪਣੀ ਸਮਝ ਦੇ ਅਨੁਸਾਰ ਕਰਕੇ ਸਾਡੀ ਤਾਕਤ ਵਧਾਈ ਹੈ।