ਰਾਜਿੰਦਰ ਪਾਲ ਕੌਰ ਛੀਨਾ ਨੇ ਢੋਲੇਵਾਲ ਚੌਕ ਤੋਂ ਵੱਡੀ ਸਫਾਈ ਮੁਹਿੰਮ ਦਾ ਕੀਤਾ ਆਗਾਜ
ਸਾਰੇ ਵਾਰਡਾਂ ਤੇ ਮੁੱਖ ਸੜਕਾਂ ਨੂੰ ਹਫ਼ਤਾ ਭਰ ਚੱਲਣ ਵਾਲੀ ਸਫ਼ਾਈ ਮੁਹਿੰਮ ਅਧੀਨ ਕਵਰ ਕੀਤਾ ਜਾਵੇਗਾ
5 Dariya News
ਲੁਧਿਆਣਾ 18-Dec-2025
ਵਿਕਾਸ ਅਤੇ ਸਾਫ਼-ਸੁਥਰੇ ਵਾਤਾਵਰਣ ਨੂੰ ਯਕੀਨੀ ਬਣਾਉਣ 'ਤੇ ਧਿਆਨ ਕੇਂਦਰਿਤ ਕਰਦਿਆਂ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰ ਪਾਲ ਕੌਰ ਛੀਨਾ ਨੇ ਵੀਰਵਾਰ ਨੂੰ ਸਵੇਰੇ ਮੋਤੀ ਨਗਰ ਚੌਕ ਤੋ ਬਾਬਾ ਗੱਜਾ ਜੈਨ ਕਲੋਨੀ ਵਿਖੇ ਮੈਗਾ ਸਫਾਈ ਮੁਹਿੰਮ ਦਾ ਆਗਾਜ ਕੀਤਾ। ਇਹ ਹਫ਼ਤਾ ਭਰ ਚੱਲਣ ਵਾਲੀ ਸਫ਼ਾਈ ਮੁਹਿੰਮ ਸ਼ੁੱਕਰਵਾਰ ਨੂੰ ਸ਼ਹਿਰ ਭਰ ਵਿੱਚ ਸ਼ੁਰੂ ਕੀਤੀ ਗਈ ਇੱਕ ਵਿਆਪਕ ਸਫਾਈ ਮੁਹਿੰਮ ਦਾ ਹਿੱਸਾ ਹੈ।
ਨਗਰ ਨਿਗਮ (ਜ਼ੋਨ-ਬੀ) ਦੇ ਜ਼ੋਨਲ ਕਮਿਸ਼ਨਰ ਨੀਰਜ ਜੈਨ ਦੇ ਨਾਲ, ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਦੇ ਸਾਰੇ ਵਾਰਡਾਂ ਅਤੇ ਮੁੱਖ ਸੜਕਾਂ ਨੂੰ ਇਸ ਮੁਹਿੰਮ ਅਧੀਨ ਕਵਰ ਕੀਤਾ ਜਾਵੇਗਾ। ਵਿਧਾਇਕ ਛੀਨਾ ਨੇ ਖੁਦ ਝਾੜੂ ਲਾਕੇ ਸਫਾਈ ਮੁਹਿੰਮ ਦੀ ਅਗਵਾਈ ਕੀਤੀ ਅਤੇ ਉਨ੍ਹਾਂ ਸਫਾਈ ਕਰਮਚਾਰੀਆਂ ਤੋਂ ਫੀਡਬੈਕ ਵੀ ਲਿਆ।
ਵਿਧਾਇਕ ਛੀਨਾ ਨਗਰ ਨਿਗਮ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਵੀਰਵਾਰ ਸਵੇਰੇ ਸਫ਼ਾਈ ਮੁਹਿੰਮ ਦੀ ਨਿਗਰਾਨੀ ਲਈ ਦੋ ਘੰਟੇ ਤੋਂ ਵੱਧ ਸਮੇਂ ਲਈ ਫੀਲਡ ਵਿੱਚ ਰਹੇ। ਵਿਧਾਇਕ ਛੀਨਾ ਨੇ ਅੱਗੇ ਕਿਹਾ ਕਿ ਸਾਰੇ ਖੇਤਰਾਂ ਵਿੱਚ ਫੌਗਿੰਗ ਵੀ ਕੀਤੀ ਜਾਵੇਗੀ ਅਤੇ ਸਿਹਤ ਸ਼ਾਖਾ, ਬੀ ਐਂਡ ਆਰ ਸ਼ਾਖਾ, ਓ ਐਂਡ ਐਮ ਸੈੱਲ ਆਦਿ ਦੀਆਂ ਵੱਖ-ਵੱਖ ਟੀਮਾਂ ਨੂੰ ਹਰ ਪੱਖੋਂ ਸਫਾਈ ਨੂੰ ਯਕੀਨੀ ਬਣਾਉਣ ਲਈ ਇਸ ਮੁਹਿੰਮ ਤਹਿਤ ਤਾਇਨਾਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸੜਕਾਂ ਦੀ ਸਹੀ ਸਫਾਈ ਨੂੰ ਯਕੀਨੀ ਬਣਾਉਣ ਲਈ ਮਕੈਨੀਕਲ ਸਵੀਪਿੰਗ ਮਸ਼ੀਨਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸ਼ਹਿਰ ਨੂੰ ਸਾਫ਼ ਰੱਖਣ ਵਿੱਚ ਨਗਰ ਨਿਗਮ ਦਾ ਸਮਰਥਨ ਕਰਨ ਲਈ ਜਨਤਾ ਨੂੰ ਅਪੀਲ ਕਰਦੇ ਹੋਏ ਵਿਧਾਇਕ ਛੀਨਾ ਨੇ ਕਿਹਾ ਕਿ ਹਲਕੇ ਭਰ ਵਿੱਚ ਹਰੀਆਂ ਪੱਟੀਆਂ/ਪਾਰਕਾਂ ਵਿੱਚ ਵੀ ਸਫਾਈ ਮੁਹਿੰਮ ਚਲਾਈ ਜਾਵੇਗੀ।
ਵਿਧਾਇਕ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਿਕਾਸ ਅਤੇ ਸਾਫ ਸੁਥਰਾ ਵਾਤਾਵਰਨ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਫੀਲਡ ਵਿੱਚ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ ਅਤੇ ਉਹ ਨਿਯਮਤ ਤੌਰ 'ਤੇ ਸਫਾਈ ਮੁਹਿੰਮ ਦੀ ਨਿਗਰਾਨੀ ਵੀ ਕਰਨਗੇ।