ਟੀ ਬੈਨਿਥ, ਸਰਫ਼ਰਾਜ਼ ਆਲਮ ਵੱਲੋਂ ਮਤਦਾਨ ਕੇਂਦਰਾਂ ਦਾ ਕੀਤਾ ਗਿਆ ਨਿਰੀਖਣ
ਜ਼ਿਲ੍ਹਾ ਪ੍ਰਸ਼ਾਸਨ ਨਿਰਪੱਖ, ਪਾਰਦਰਸ਼ੀ ਤੇ ਸ਼ਾਂਤੀਪੂਰਨ ਢੰਗ ਨਾਲ ਚੋਣਾਂ ਕਰਵਾਉਣ ਲਈ ਵਚਨਬੱਧ, ਜ਼ਿਲ੍ਹਾ ਚੋਣ ਅਫ਼ਸਰ
5 Dariya News
ਬਰਨਾਲਾ 12-Dec-2025
ਜ਼ਿਲ੍ਹਾ ਚੋਣ ਅਫ਼ਸਰ - ਕਮ - ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਅਤੇ ਐੱਸ ਐੱਸ ਪੀ ਸ੍ਰੀ ਸਰਫ਼ਰਾਜ਼ ਆਲਮ ਨੇ ਅੱਜ ਜ਼ਿਲ੍ਹਾ ਬਰਨਾਲਾ ਦੇ ਵੱਖ ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਕੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਤਿਆਰੀਆਂ ਦਾ ਜਾਇਜ਼ਾ ਲਿਆ। ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰਾਂ ਨੂੰ ਬਿਨ੍ਹਾਂ ਕਿਸੇ ਡਰ-ਭੈਅ ਤੋਂ ਵੋਟਾਂ ਪਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਲੋਕ ਆਪਣੇ ਮਤਦਾਨ ਦੀ ਵਰਤੋਂ ਲਾਜ਼ਮੀ ਕਰਨ।
ਉਨ੍ਹਾਂ ਚੋਣਾਂ ਨੂੰ ਨਿਰਪੱਖ, ਪਾਰਦਰਸ਼ੀ, ਅਮਨ-ਅਮਾਨ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆਪਣੀ ਵਚਨਬੱਧਤਾ ਦੁਹਰਾਈ। ਐੱਸ ਐੱਸ ਪੀ ਸ਼੍ਰੀ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਬਰਨਾਲਾ ਜ਼ਿਲ੍ਹੇ ਅੰਦਰ ਸਾਂਤੀਪੂਰਨ ਤੇ ਅਮਨ ਅਮਾਨ ਨਾਲ ਵੋਟਾਂ ਪੁਆਈਆਂ ਜਾਣਗੀਆਂ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਕਾਨੂੰਨ ਆਪਣੇ ਹੱਥ 'ਚ ਲੈਣ ਦੀ ਇਜ਼ਾਜਤ ਨਹੀਂ ਦਿੱਤੀ ਜਾਵੇਗੀ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਚੋਣਾਂ ਲਈ ਕੁੱਲ 3,14,554 ਮਤਦਾਤਾ 14 ਦਸੰਬਰ ਨੂੰ ਵੋਟਾਂ ਪਾਉਣਗੇ। ਇਨ੍ਹਾਂ ਵਿੱਚ 1,66,681 ਪੁਰਸ਼ ਮਤਦਾਤਾ, 1,47,872 ਮਹਿਲਾ ਮਤਦਾਤਾ ਅਤੇ ਇੱਕ ਟ੍ਰਾਂਸਜੈਂਡਰ ਮਤਦਾਤਾ ਸ਼ਾਮਲ ਹਨ। ਮਤਦਾਤਾ ਆਪਣੀ ਵੋਟ 369 ਪੋਲਿੰਗ ਬੂਥਾਂ ‘ਤੇ ਪਾਓਣਗੇ। ਉਨ੍ਹਾਂ ਦੱਸਿਆ ਕਿ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਮਤਦਾਤਾ 14 ਦਸੰਬਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰ ਰਾਹੀਂ ਵੋਟ ਪਾਓਣਗੇ।
ਪਾਈਆਂ ਗਈਆਂ ਵੋਟਾਂ ਦੀ ਗਿਣਤੀ 17 ਦਸੰਬਰ (ਬੁੱਧਵਾਰ) ਨੂੰ ਨਿਰਧਾਰਤ ਕੇਂਦਰਾਂ ‘ਤੇ ਕੀਤੀ ਜਾਵੇਗੀ। ਬਰਨਾਲਾ ਅਤੇ ਸਹਿਣਾ ਜ਼ੋਨਾਂ ਦੀ ਗਿਣਤੀ ਐਸ.ਡੀ. ਕਾਲਜ ਬਰਨਾਲਾ ਵਿੱਚ ਅਤੇ ਮਹਿਲ ਕਲਾਂ ਦੀ ਗਿਣਤੀ ਐਸ.ਡੀ.ਐਮ. ਦਫ਼ਤਰ ਮਹਿਲ ਕਲਾਂ ਵਿੱਚ ਹੋਵੇਗੀ। ਹੋਰ ਜਾਣਕਾਰੀ ਦਿੰਦਿਆਂ ਸ਼੍ਰੀ ਬੈਨਿਥ ਨੇ ਦੱਸਿਆ ਕਿ ਸ਼ਹਿਣਾ ਵਿੱਚ ਕੁੱਲ 1,27,704 ਮਤਦਾਤਾ ਹਨ, ਜਿਨ੍ਹਾਂ ਵਿੱਚ 67,576 ਪੁਰਸ਼ ਅਤੇ 60,128 ਮਹਿਲਾ ਮਤਦਾਤਾ ਸ਼ਾਮਲ ਹਨ।
ਇਸ ਜ਼ੋਨ ਵਿੱਚ ਕੁੱਲ 158 ਪੋਲਿੰਗ ਬੂਥ ਹਨ। ਇਸੇ ਤਰ੍ਹਾਂ ਬਰਨਾਲਾ ਜ਼ੋਨ ਵਿੱਚ ਕੁੱਲ 67,448 ਮਤਦਾਤਾ ਹਨ, ਜਿਨ੍ਹਾਂ ਵਿੱਚ 35,789 ਪੁਰਸ਼ ਅਤੇ 31,659 ਮਹਿਲਾਵਾਂ ਹਨ। ਇਸ ਜ਼ੋਨ ਵਿੱਚ 80 ਪੋਲਿੰਗ ਬੂਥ ਹਨ। ਮਹਿਲ ਕਲਾਂ ਜ਼ੋਨ ਵਿੱਚ ਕੁੱਲ 1,19,402 ਮਤਦਾਤਾ ਹਨ, ਜਿਨ੍ਹਾਂ ਵਿੱਚ 63,316 ਪੁਰਸ਼, 56,085 ਮਹਿਲਾਵਾਂ ਅਤੇ ਇੱਕ ਟ੍ਰਾਂਸਜੈਂਡਰ ਮਤਦਾਤਾ ਸ਼ਾਮਲ ਹੈ। ਇਸ ਹਲਕੇ ਵਿੱਚ 131 ਪੋਲਿੰਗ ਬੂਥ ਹਨ।