5 Dariya News

ਵਿਸ਼ਵ ਏਡਜ਼ ਦਿਵਸ : ਡਾ. ਬਲਬੀਰ ਸਿੰਘ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਅਤੇ ਐੱਚ.ਆਈ.ਵੀ. ਤੋਂ ਆਪਣੇ ਆਪ ਨੂੰ ਬਚਾਉਣ ਦੀ ਅਪੀਲ ਕੀਤੀ

“ਸਮਾਜਿਕ ਕਲੰਕ ਨਾਲ ਨਾ ਜੀਓ - ਇਲਾਜ ਕਰਵਾਓ ਅਤੇ ਸਿਹਤਮੰਦ ਜੀਵਨ ਜੀਓ,” ਸਿਹਤ ਮੰਤਰੀ ਵੱਲੋਂ ਐੱਚ.ਆਈ.ਵੀ. ਨਾਲ ਰਹਿ ਰਹੇ ਲੋਕਾਂ ਨੂੰ ਸਲਾਹ

5 Dariya News

ਖਰੜ (ਐਸ.ਏ.ਐਸ. ਨਗਰ) 01-Dec-2025

ਰਾਜ ਪੱਧਰੀ ਵਿਸ਼ਵ ਏਡਜ਼ ਦਿਵਸ ਸਮਾਗਮ ਨੂੰ ਸੰਬੋਧਨ ਕਰਦਿਆਂ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਐੱਚ.ਆਈ.ਵੀ. ਤੋਂ ਆਪਣੇ ਆਪ ਨੂੰ ਬਚਾਉਣ ਅਤੇ ਸੂਈਆਂ ਸਾਂਝੀਆਂ ਕਰਨ ਦੀ ਮਾੜੀ ਆਦਤ ਨੂੰ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਐੱਚ.ਆਈ.ਵੀ. ਨਾਲ ਪੀੜਤ ਲੋਕਾਂ ਨੂੰ ਅੱਗੇ ਅਪੀਲ ਕੀਤੀ ਕਿ ਉਹ ਇਸ ਨੂੰ ਸਮਾਜਿਕ ਕਲੰਕ ਸਮਝ ਕੇ ਚੁੱਪ-ਚਾਪ ਦੁੱਖ ਨਾ ਝੱਲਣ ਸਗੋਂ ਸਮੇਂ ਸਿਰ ਇਲਾਜ ਲੈਣ ਜੋ ਉਨ੍ਹਾਂ ਨੂੰ ਲੰਬੀ, ਸਿਹਤਮੰਦ ਅਤੇ ਵਿਹਾਰਕ ਜ਼ਿੰਦਗੀ ਜਿਉਣ ਦੇ ਯੋਗ ਬਣਾਉਂਦਾ ਹੈ। 

ਉਨ੍ਹਾਂ ਕਿਹਾ, "ਐੱਚਆਈਵੀ ਦਾ ਇਲਾਜ ਸੰਭਵ ਹੈ। ਕਿਸੇ ਨੂੰ ਵੀ ਟੈਸਟਿੰਗ ਜਾਂ ਇਲਾਜ ਤੋਂ ਡਰਨਾ ਨਹੀਂ ਚਾਹੀਦਾ। ਸਾਨੂੰ ਸਮਾਜਿਕ ਕਲੰਕ ਦੇ ਅੰਦਰਲੇ ਅਹਿਸਾਸ ਨੂੰ ਖਤਮ ਕਰਨਾ ਚਾਹੀਦਾ ਹੈ, ਜਾਗਰੂਕਤਾ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਅਤੇ ਪੰਜਾਬ ਨੂੰ ਐੱਚ ਆਈ ਵੀ ਮੁਕਤ ਬਣਾਉਣ ਲਈ ਸਮੂਹਿਕ ਤੌਰ 'ਤੇ ਕੰਮ ਕਰਨਾ ਚਾਹੀਦਾ ਹੈ।" ਸਿਹਤ ਮੰਤਰੀ ਨੇ 2030 ਤੱਕ ਐੱਚ ਆਈ ਵੀ ਨੂੰ ਕੰਟਰੋਲ ਕਰਨ ਲਈ ਪੰਜਾਬ ਦੀ ਵਚਨਬੱਧਤਾ ਨੂੰ ਦੁਹਰਾਇਆ।

ਇਹ ਸਮਾਗਮ ਪੰਜਾਬ ਸਟੇਟ ਏਡਜ਼ ਕੰਟਰੋਲ ਸੋਸਾਇਟੀ (ਪੀ ਐਸ ਏ ਸੀ ਐਸ) ਦੁਆਰਾ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਦੇ ਅਧੀਨ ਰਿਆਤ ਬਾਹਰਾ ਯੂਨੀਵਰਸਿਟੀ, ਖਰੜ ਵਿਖੇ ਆਯੋਜਿਤ ਕੀਤਾ ਗਿਆ ਸੀ। ਡਾ. ਬਲਬੀਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂ ਕਿ ਵਿਸ਼ੇਸ਼ ਸਕੱਤਰ ਸਿਹਤ-ਕਮ-ਪ੍ਰੋਜੈਕਟ ਡਾਇਰੈਕਟਰ ਪੀ ਐਸ ਏ ਸੀ ਐਸ, ਸ਼੍ਰੀ ਘਣਸ਼ਿਆਮ ਥੋਰੀ, ਆਈ ਏ ਐਸ; ਰਿਆਤ ਬਾਹਰਾ ਯੂਨੀਵਰਸਿਟੀ ਦੇ ਚੇਅਰਮੈਨ-ਕਮ-ਚਾਂਸਲਰ, ਸ. ਗੁਰਵਿੰਦਰ ਸਿੰਘ; ਵਾਈਸ-ਚਾਂਸਲਰ, ਪ੍ਰੋ. ਡਾ. ਸੰਜੇ ਕੁਮਾਰ; ਅਤੇ ਸਾਬਕਾ ਵਿਧਾਇਕ, ਸ. ਗੁਰਪ੍ਰੀਤ ਸਿੰਘ ਜੀ ਪੀ, ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।

ਸਮਾਰੋਹ ਦੌਰਾਨ, ਐੱਚ ਆਈ ਵੀ/ਏਡਜ਼ ਦੀ ਰੋਕਥਾਮ ਅਤੇ ਨਿਯੰਤਰਣ ਵਿੱਚ ਉਸਾਰੂ ਯੋਗਦਾਨ ਪਾਉਣ ਵਾਲੀਆਂ 14 ਸੰਸਥਾਵਾਂ ਅਤੇ ਸੈਂਟਰਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਾਲ ਦੇ ਥੀਮ, "ਰੁਕਾਵਟ ਨੂੰ ਦੂਰ ਕਰਨਾ, ਏਡਜ਼ ਪ੍ਰਤੀ ਆਪਣੀ ਪ੍ਰਤੀਕਿਰਿਆ ਨੂੰ ਬਦਲਣਾ" ਨੂੰ ਉਜਾਗਰ ਕਰਦੇ ਹੋਏ, ਡਾ. ਬਲਬੀਰ ਸਿੰਘ ਨੇ ਐਚ ਆਈ ਵੀ/ਏਡਜ਼ ਵਿਰੁੱਧ ਲੜਾਈ ਵਿੱਚ ਲਚਕੀਲੇਪਣ, ਨਵੀਨਤਾ ਅਤੇ ਭਾਈਚਾਰਕ ਭਾਗੀਦਾਰੀ ਦੀ ਲੋੜ 'ਤੇ ਜ਼ੋਰ ਦਿੱਤਾ।

ਉਨ੍ਹਾਂ ਕਿਹਾ ਕਿ 2022 ਵਿੱਚ ਸ਼ੁਰੂ ਕੀਤੇ ਗਏ ਰਾਸ਼ਟਰੀ ਏਡਜ਼ ਕੰਟਰੋਲ ਪ੍ਰੋਗਰਾਮ (ਐਨ ਏ ਸੀ ਪੀ) ਦਾ ਪੰਜਵਾਂ ਪੜਾਅ, ਐਚ ਆਈ ਵੀ, ਐਸ ਟੀ ਆਈ ਅਤੇ ਆਰ ਟੀ ਆਈ ਦੇ ਵਿਆਪਕ ਪ੍ਰਬੰਧਨ 'ਤੇ ਕੇਂਦ੍ਰਤ ਕਰਦਾ ਹੈ, ਜਿਸਦਾ ਉਦੇਸ਼ "ਤਿੰਨ 95" ਨੂੰ ਪੂਰਾ ਕਰਨਾ ਹੈ, ਜਿਸ ਵਿੱਚ 95% ਐਚ.ਆਈ.ਵੀ. ਨਾਲ ਜੀ ਰਹੇ ਲੋਕਾਂ ਨੂੰ ਆਪਣਾ ਐਚ.ਆਈ.ਵੀ. ਦਾ ਸਟੇਟਸ ਪਤਾ ਕਰਨਾ ਹੈ, 95% ਐਚ.ਆਈ.ਵੀ. ਪ੍ਰਭਾਵਿਤ ਲੋਕਾਂ ਨੂੰ ਇਲਾਜ ਅਧੀਨ ਰੱਖਣਾ ਹੈ ਅਤੇ 95% ਐਚ.ਆਈ.ਵੀ. ਪ੍ਰਭਾਵਿਤ ਲੋਕਾਂ ਦਾ ਵਾਇਰਲ ਲੋਡ ਘੱਟ ਕਰਨਾ ਹੈ। ਭਾਰਤ ਵਿੱਚ ਇਸ ਸਮੇਂ ਲਗਭਗ 24.67 ਲੱਖ ਐਚਆਈਵੀ ਸੰਕ੍ਰਮਿਤ ਲੋਕ ਹਨ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਵਿੱਚ ਐਚ.ਆਈ.ਵੀ. ਨੂੰ ਕੰਟਰੋਲ ਕਰਨ ਲਈ ਕਈ ਸਿਹਤ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਐਚ.ਆਈ.ਵੀ. ਦੀ ਮੁਫ਼ਤ ਟੈਸਟਿੰਗ ਲਈ ਪੰਜਾਬ ਵਿੱਚ 115 ਆਈ.ਸੀ.ਟੀ.ਸੀ. ਕੇਂਦਰਾਂ ਚਲਾਏ ਜਾ ਰਹੇ ਹਨ। ਜਦੋਂ ਕਿ ਐਚ.ਆਈ.ਵੀ. ਦੇ ਇਲਾਜ ਅਤੇ ਰੋਕਥਾਮ 25 ਏ ਆਰ ਟੀ ਸੈਂਟਰਾਂ ਰਾਹੀਂ ਐਂਟੀਰੈਟਰੋਵਾਇਰਲ ਥੈਰਪੀ (ਏ ਆਰ ਟੀ) ਦੀ ਸੁਵਿਧਾ ਮੁਹੱਈਆ ਕਰਵਾਈ ਗਈ ਹੈ, ਜਿਨ੍ਹਾ ਵਿੱਚ ਲਗਭਗ 68 ਹਜਾਰ ਐਚ.ਆਈ.ਵੀ. ਪ੍ਰਭਾਵਿਤ ਲੋਕ ਮੁਫ਼ਤ ਏ ਆਰ ਟੀ ਦਵਾਈਆਂ ਲੈ ਰਹੇ ਹਨ। 

ਇਸ ਤੋਂ ਇਲਾਵਾ ਪੰਜਾਬ ਵਿੱਚ ਐਨ.ਜੀ.ਓਜ਼ ਦੇ ਸਹਿਯੋਗ ਨਾਲ 71 ਪ੍ਰੀਵੈਂਸ਼ਨ ਯੂਨਿਟਾਂ ਰਾਹੀਂ ਉੱਚ-ਜ਼ੋਖਮ ਵਾਲੇ ਲੋਕਾਂ ਨੂੰ ਮੁੱਖ ਰੱਖਦੇ ਹੋਏ ਖਾਸ ਪ੍ਰੋਗਰਾਮ ਲਾਗੂ ਕੀਤੇ ਹਨ। ਸੂਈਆਂ ਸਰਿੰਜਾਂ ਸਾਂਝੀਆਂ ਕਰਕੇ ਨਸ਼ੇ ਨੂੰ ਰੋਕਣ ਲਈ ਪੰਜਾਬ ਨੇ ਸਰਕਾਰੀ ਹਸਪਤਾਲਾਂ ਅਤੇ ਐਨ.ਜੀ.ਓਜ਼. ਰਾਹੀਂ 43 ਔਪੀਓਇਡ ਸਬਸਟੀਟਿਊਸ਼ਨ ਥੈਰਪੀ (ਓ ਐਸ ਟੀ) ਕੇਂਦਰ ਚਲਾਏ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ਵਿੱਚ ਨਸ਼ਾ ਛੁਡਾਉ ਦਵਾਈਆਂ ਮੁਫ਼ਤ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੇ ਜੀਵਨ ਪੱਧਰ ਵਿੱਚ ਸੁਧਾਰ, ਨਸ਼ਿਆਂ ਦੀ ਦੁਰਵਰਤੋਂ ਨੂੰ ਘਟਾਇਆ ਜਾ ਸਕੇ ਅਤੇ ਦੂਜੀਆਂ ਸਿਹਤ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ।

ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਐਚ.ਆਈ.ਵੀ. ਦੇ ਵਿਤਕਰੇ ਨੂੰ ਖਤਮ ਕਰਨ ਲਈ ਪੰਜਾਬ ਵਿੱਚ ਐਚ.ਆਈ.ਵੀ./ਏਡਜ਼ ਪ੍ਰੀਵੇਂਸ਼ਨ ਐਂਡ ਕੰਟਰੋਲ ਐਕਟ ਲਾਗੂ ਕੀਤਾ ਗਿਆ ਹੈ। ਇਸ ਅਧੀਨ ਸਟੇਟ ਰੂਲਜ਼ ਲਾਗੂ ਕੀਤੇ ਗਏ ਹਨ ਅਤੇ ਐਚ.ਆਈ.ਵੀ. ਪ੍ਰਭਾਵਿਤਾਂ ਨਾਲ ਹੋ ਰਹੇ ਭੇਦਭਾਵ ਸੰਬੰਧੀ ਸ਼ਿਕਾਇਤਾਂ ਦੇ ਹੱਲ ਜਲੰਧਰ, ਪਟਿਆਲਾ, ਫਰੀਦਕੋਟ, ਫਿਰੋਜ਼ਪੁਰ ਅਤੇ ਰੋਪੜ ਦੇ ਸਿਵਿਲ ਸਰਜਨ ਨੂੰ ਰਾਜ ਪੱਧਰ 'ਤੇ ਓੰਮਬਡਸਮੈਨ ਨਿਯੁਕਤ ਕੀਤਾ ਗਿਆ ਹੈ ਅਤੇ ਵੱਖ ਵੱਖ ਸੰਗਠਨਾਂ ਤੇ ਸੰਸਥਾਵਾਂ 'ਤੇ ਸ਼ਿਕਾਇਤ ਅਧਿਕਾਰੀ ਨਿਯੁਕਤ ਕੀਤੇ ਗਏ ਹਨ।

ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਏਡਜ਼ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕਰਨ ਲਈ ਨਾਟਕ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਤੇ ਐਡੀਸ਼ਨਲ ਪ੍ਰੋਜੈਕਟ ਡਾਇਰੈਕਟਰ ਡਾ. ਵਿਸ਼ਾਲ ਗਰਗ, ਜੁਆਇੰਟ ਡਾਇਰੈਕਟਰ (ਆਈ.ਈ.ਸੀ.) ਸ਼੍ਰੀਮਤੀ ਪਵਨ ਰੇਖਾ ਬੇਰੀ ਤੇ ਹੋਰ ਅਧਿਕਾਰੀ ਮੌਜੂਦ ਸਨ।