5 Dariya News

ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦਾ 21ਵਾਂ ਸਾਲਾਨਾ ਸਮਾਗਮ

ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਕਰਮਜੀਤ ਸਿੰਘ ਰਿੰਟੂ ਵੱਲੋਂ ਸਮਾਗਮ ਵਿੱਚ ਵਿਸ਼ੇਸ਼ ਹਾਜ਼ਰੀ

5 Dariya News

ਅੰਮ੍ਰਿਤਸਰ 29-Nov-2025

ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਭਾਈ ਗੁਰਇਕਬਾਲ ਸਿੰਘ ਜੀ ਅਤੇ ਭਾਈ ਹਰਵਿੰਦਰਪਾਲ ਸਿੰਘ ਲਿਟਲ ਜੀ ਵੱਲੋਂ ਇਸ ਸਾਲ 21ਵਾਂ ਸਾਲਾਨਾ ਸਮਾਗਮ ਅਤੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਰਾਗ ਦਰਬਾਰ ਬੜੀ ਸ਼ਰਧਾ ਅਤੇ ਰੂਹਾਨੀ ਜੋਸ਼ ਨਾਲ ਮਨਾਇਆ ਗਿਆ। ਇਹ ਚਾਰ ਦਿਨਾਂ ਦੇ ਲੜੀਵਾਰ ਸਮਾਗਮਾਂ ਦੀ ਤੀਜੀ ਕੜੀ ਸੀ, ਜੋ ਅੱਜ ਰਾਗ ਦਰਬਾਰ ਦੇ ਰੂਪ ਵਿੱਚ ਆਯੋਜਿਤ ਕੀਤੀ ਗਈ। 

ਇਸ ਮੌਕੇ ਭਾਈ ਹਰਵਿੰਦਰ ਪਾਲ ਸਿੰਘ ਲਿਟਲ ਨੇ ਦੱਸਿਆ ਕਿ ਰਾਗ ਦਰਬਾਰ ਦੀ ਵਿਲੱਖਣਤਾ ਸਿਰਫ਼ ਵੱਡੀ ਸੰਗਤ ਦੀ ਹਾਜ਼ਰੀ ਨਹੀਂ, ਸਗੋਂ ਪ੍ਰਸਿੱਧ ਰਾਗੀਆਂ ਦੀ ਵਿਸ਼ੇਸ਼ ਸ਼ਮੂਲੀਅਤ ਵੀ ਰਹੀ। ਇਸ ਮੌਕੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਸ਼੍ਰੀ ਕਰਮਜੀਤ ਸਿੰਘ ਰਿੰਟੂ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਸੰਗਤ ਦਾ ਹੌਸਲਾ ਵਧਾਇਆ।

ਅੱਜ ਦੇ ਦਰਬਾਰ ਵਿੱਚ ਪਹਿਲਾਂ ਹਜ਼ੂਰੀ ਰਾਗੀ ਭਾਈ ਜਗਰੂਪ ਸਿੰਘ ਜੀ (ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ) ਨੇ ਮਿੱਠੇ ਰਾਗਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਭਾਈ ਗੁਰਮੀਤ ਸਿੰਘ ਸ਼ਾਂਤ ਜਿਨ੍ਹਾਂ ਨੂੰ ਦਿੱਲੀ ਕਮੇਟੀ ਵੱਲੋਂ ਵੱਲੋਂ ਸ਼੍ਰੋਮਣੀ ਰਾਗੀ ਸਨਮਾਨ ਮਿਲਿਆ ਹੈ – ਨੇ ਵੀ ਕੀਰਤਨ ਰਾਹੀਂ ਰੂਹਾਨੀ ਮਾਹੌਲ ਨੂੰ ਚਾਰ ਚੰਦ ਲਗਾਏ। 

ਪ੍ਰਸਿੱਧ ਰਾਗੀਆਂ ਸਮੇਤ ਵੱਡੀ ਗਿਣਤੀ ਵਿੱਚ ਸੰਗਤ ਨੇ ਦਰਬਾਰ ਵਿੱਚ ਹਾਜ਼ਰੀ ਭਰੀ। ਭਾਈ ਹਰਵਿੰਦਰ ਪਾਲ ਸਿੰਘ ਲਿਟਲ ਨੇ ਸੰਗਤਾਂ ਅਤੇ ਰਾਗੀਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਅਤੇ ਦੱਸਿਆ ਕਿ ਕੱਲ੍ਹ ਚੌਥਾ ਅਤੇ ਅਖੀਰਲਾ ਸਮਾਗਮ ਗੁਰਦੁਆਰਾ ਗੁਰੂ ਕੇ ਮਹਿਲ ਵਿੱਚ ਸ਼ਾਮ 4 ਵਜੇ ਤੋਂ ਰਾਤ 12 ਵਜੇ ਤੱਕ ਸਜਾਇਆ ਜਾਵੇਗਾ। 

ਉਨ੍ਹਾਂ ਨੇ ਸਮੂਹ ਇਲਾਕਿਆਂ, ਨਗਰਾਂ ਅਤੇ ਪਿੰਡਾਂ ਦੀ ਸੰਗਤ ਨੂੰ ਬੇਨਤੀ ਕੀਤੀ ਕਿ ਵੱਡੀ ਗਿਣਤੀ ਵਿੱਚ ਪਹੁੰਚ ਕੇ,ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ।ਸਮਾਗਮ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬਾਨ ਦਾ ਮਹੱਤਵਪੂਰਨ ਸਹਿਯੋਗ ਰਿਹਾ। ਇਸ ਮੋਕੇ ਤੇ ਗੁਰਪ੍ਰੀਤ ਸਿੰਘ ਚਾਹਤ, ਦਲਬੀਰ ਸਿੰਘ, ਸਤਵਿੰਦਰ ਪਾਲ ਸਿੰਘ, ਟਹਿਲਇੰਦਰ ਸਿੰਘ, ਕਵਲਜੀਤ ਸਿੰਘ ਭਾਟੀਆ, ਸੁਰਿੰਦਰਪਾਲ ਸਿੰਘ, ਹਰਿੰਦਰ ਸਿੰਘ, ਭੁਪਿੰਦਰ ਸਿੰਘ, ਗੁਰਪਾਲ ਸਿੰਘ ਰਣਜੀਤ ਸਿੰਘ ਗੋਲਡੀ ਸਮੇਤ ਵੱਡੀ ਗਿਣਤੀ ਦੇ ਸੰਗਤਾਂ ਹਾਜ਼ਰ ਸਨ।