ਮੀਤ ਹੇਅਰ ਨੇ ਹੰਡਿਆਇਆ ਵਿਖੇ 18 ਘਰਾਂ ਨੂੰ ਦਿੱਤੀ ਆਵਾਸ ਯੋਜਨਾ ਤਹਿਤ ਰੁਪਏ 45 ਲੱਖ ਦੀ ਮਦਦ
ਮੀਂਹ ਕਾਰਨ ਨੁਕਸਾਨੇ 30 ਘਰਾਂ ਨੂੰ ਵੰਡਿਆ ਮੁਆਵਜ਼ਾ
5 Dariya News
ਬਰਨਾਲਾ/ਹੰਡਿਆਇਆ 26-Nov-2025
ਮੈਂਬਰ ਸੰਸਦ ਸ੍ਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਹੰਡਿਆਇਆ ਵਿਖੇ 18 ਲੋੜਵੰਦ ਪਰਿਵਾਰਾਂ ਨੂੰ ਆਵਾਸ ਯੋਜਨਾ ਤਹਿਤ ਨਵੇਂ ਪੱਕੇ ਘਰਾਂ ਦੀ ਉਸਾਰੀ ਲਈ 45 ਲੱਖ ਰੁਪਏ ਦੇ ਗ੍ਰਾਂਟ ਪੱਤਰ ਵੰਡੇ। ਉਨ੍ਹਾਂ ਦੱਸਿਆ ਕਿ ਹਰ ਇੱਕ ਪਰਿਵਾਰ ਨੂੰ ਸਰਕਾਰ ਵੱਲੋਂ 2.50 ਲੱਖ ਰੁਪਏ ਦੀ ਗ੍ਰਾਂਟ ਮਿਲੇਗੀ ਤਾਂ ਜੋ ਲੋਕ ਆਪਣਾ ਘਰ ਬਣਾਉਣ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਨਾਲ ਹੀ ਮੀਂਹ ਕਾਰਨ ਨੁਕਸਾਨੇ ਗਏ ਹੰਡਿਆਏ ਦੇ 30 ਘਰਾਂ ਦੇ ਮਾਲਕਾਂ ਦੇ ਖਾਤਿਆਂ ਵਿੱਚ ਮੁਆਵਜ਼ੇ ਦੀ ਰਾਸ਼ੀ ਵੀ ਟਰਾਂਸਫਰ ਕੀਤੀ ਜਾ ਚੁੱਕੀ ਹੈ। ਪੰਜਾਬ ਸਰਕਾਰ ਵੱਲੋਂ ਔਖੀ ਘੜੀ ਵਿੱਚ ਲੋਕਾਂ ਦਾ ਸਾਥ ਦਿੰਦਿਆਂ ਇਹ ਮੁਆਵਜ਼ਾ ਦਿੱਤਾ ਗਿਆ ਹੈ ਤਾਂ ਜੋ ਉਨ੍ਹਾਂ ਦੀਆਂ ਮੁਸ਼ਕਿਲਾਂ ਘਟਾਈਆਂ ਜਾਣ ।
ਇਨ੍ਹਾਂ ਸਾਰੇ ਪਰਿਵਾਰਾਂ ਨੂੰ ਬਣਦੀ ਰਕਮ ਉਨ੍ਹਾਂ ਦੇ ਖਾਤਿਆਂ 'ਚ ਤਬਦੀਲ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਪਿੰਡ ਪੱਤੀ ਸੇਖਵਾਂ ਵਿਖੇ ਸ੍ਰੀ ਮੀਤ ਹੇਅਰ ਨੇ ਕੁਰੜ ਮਾਈਨਰ ਦੇ 12 ਕਰੋੜ ਦੇ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ ਕੀਤੀ । ਉਨ੍ਹਾਂ ਦੱਸਿਆ ਕਿ ਸਨ 1982 ਤੋਂ ਬਾਅਦ ਹੁਣ ਇਸ 86000 ਫੁੱਟ ਲੰਬੀ ਮਾਈਨਰ ਨੂੰ 43 ਸਾਲਾਂ ਬਾਅਦ ਕੰਕਰੀਟ ਲਾਈਨਿੰਗ ਨਾਲ ਪੱਕਾ ਕੀਤਾ ਜਾ ਰਿਹਾ ਹੈ।
ਇਸ ਨਾਲ ਕੁਰੜ ਮਾਈਨਰ ਵਿੱਚ ਪਾਣੀ ਦੇ ਵਹਾਅ ਦੀ ਸਮੱਰਥਾ ਵਧੇਗੀ ਜਿਸ ਨਾਲ ਟੇਲ ਹੈੱਡ ਉੱਤੇ ਪੈਂਦੇ 30 ਪਿੰਡਾਂ ਨੂੰ ਪਹਿਲੀ ਵਾਰ ਸਿੰਜਾਈ ਲਈ ਪਾਣੀ ਆਸਾਨੀ ਨਾਲ ਮਿਲੇਗਾ। ਉਨ੍ਹਾਂ ਦੱਸਿਆ ਕਿ ਇਸ ਪੂਰੇ ਪ੍ਰੋਜੈਕਟ ਦੀ ਲਾਗਤ 35, ਕਰੋੜ ਰੁਪਏ ਹੈ ਅਤੇ ਨਹਿਰੀ ਪਾਣੀ ਮਿਲਣ ਨਾਲ ਕਿਸਾਨ ਵੀਰਾਂ ਨੂੰ ਧਰਤੀ ਹੇਠਲੇ ਪਾਣੀ ਦੀ ਵਰਤੋਂ ਵੀ ਨਹੀਂ ਕਰਨੀ ਪਵੇਗੀ।
ਇਸ ਮੌਕੇ ਸ੍ਰੀ ਮੀਤ ਹੇਅਰ ਨੇ ਬਰਨਾਲਾ ਸਬ ਮਾਈਨਰ ਦੇ 5.19 ਕਰੋੜ ਰੁਪਏ ਦੀ ਲਾਗਤ ਨਾਲ ਦੋ ਕੰਮ ਸ਼ੁਰੂ ਕਰਵਾਏ । ਉਨ੍ਹਾਂ ਜਲੂਰ ਤੋਂ ਬਾਜਵਾ-ਸੰਘੇੜਾ ਤੱਕ ਬ੍ਰਿਜ ਲਾਈਨ ਦਾ ਕੰਮ ਵੀ ਸ਼ੁਰੂ ਕਰਵਾਇਆ, ਜਿਸ ’ਤੇ ਲਗਭਗ 40 ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਕਿਹਾ ਕਿ ਜਦ ਉਹ ਨਹਿਰੀ ਮੰਤਰੀ ਸਨ ਤਾਂ ਬਰਨਾਲਾ ਇਲਾਕੇ ਲਈ ਪਹਿਲੀ ਵਾਰ 300 ਕਰੋੜ ਰੁਪਏ ਦੇ ਪ੍ਰੋਜੈਕਟ ਪਾਸ ਕਰਵਾਏ ਸਨ।
ਉਨ੍ਹਾਂ ਕਿਹਾ, “ਅੱਜ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਸਾਡੇ ਇਲਾਕੇ ਨੂੰ ਸਦੀਆਂ ਪੁਰਾਣੀਆਂ ਮੰਗਾਂ ਪੂਰੀਆਂ ਕਰਕੇ ਵੱਡਾ ਤੋਹਫ਼ਾ ਦਿੱਤਾ ਹੈ।” ਸ੍ਰੀ ਮੀਤ ਹੇਅਰ ਨੇ ਇਲਾਕੇ ਦੇ ਵਸਨੀਕਾਂ ਨੂੰ ਨਵੇਂ ਪ੍ਰੋਜੈਕਟ ਸ਼ੁਰੂ ਹੋਣ 'ਤੇ ਵਧਾਈ ਦਿੱਤੀ ਅਤੇ ਭਰੋਸਾ ਦਿਵਾਇਆ ਕਿ ਬਹੁਤ ਜਲਦੀ ਇਨ੍ਹਾਂ ਪਿੰਡਾਂ ਵਿੱਚ ਨਹਿਰੀ ਪਾਣੀ ਵੀ ਪਹੁੰਚ ਜਾਵੇਗਾ। ਇਸ ਮੌਕੇ ਹਲਕਾ ਇੰਚਾਰਜ ਹਰਿੰਦਰ ਸਿੰਘ ਧਾਲੀਵਾਲ, ਚੇਅਰਮੈਨ ਨਗਰ ਸੁਧਾਰ ਟਰੱਸਟ ਰਾਮ ਤੀਰਥ ਮੰਨਾ,ਇਸ਼ਵਿੰਦਰ ਜੰਡੂ ਮੈਂਬਰ ਯੋਜਨਾਬੰਦੀ ਬੋਰਡ, ਧੀਰਜ ਕੁਮਾਰ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।