5 Dariya News

ਰਣਬੀਰ ਸਿੰਘ ਭੁੱਲਰ ਵੱਲੋਂ ਹਲਕੇ ਦੇ ਪੰਜ ਪਿੰਡਾਂ ਵਿੱਚ ਖੇਡ ਮੈਦਾਨਾਂ ਦਾ ਨੀਂਹ ਪੱਥਰ ਰੱਖਿਆ

ਰੱਜੀ ਵਾਲਾ, ਦੁਲਚੀ ਕੇ, ਗੋਖੀ ਵਾਲਾ, ਮਾੜੀਵਾੜਾ–104 ਅਤੇ ਖਾਈ ਪਿੰਡਾਂ ਵਿੱਚ ₹163.64 ਲੱਖ ਦੀ ਲਾਗਤ ਨਾਲ ਹੋਵੇਗੀ ਖੇਡ ਮੈਦਾਨਾਂ ਦੀ ਉਸਾਰੀ: ਵਿਧਾਇਕ ਰਣਬੀਰ ਭੁੱਲਰ

5 Dariya News

ਫਿਰੋਜ਼ਪੁਰ 14-Nov-2025

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਖੇਡਾਂ ਦੇ ਢਾਂਚਾਗਤ ਵਿਕਾਸ ਨੂੰ ਮਜ਼ਬੂਤ ਕਰਨ ਲਈ ਸ਼ੁਰੂ ਕੀਤੀ ਮੁਹਿੰਮ ਵਿੱਚ ਅੱਜ ਇੱਕ ਹੋਰ ਅਹਿਮ ਕਦਮ ਚੁੱਕਿਆ ਗਿਆ। ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਹਲਕੇ ਦੇ ਪਿੰਡ ਰੱਜੀ ਵਾਲਾ, ਦੁਲਚੀ ਕੇ, ਗੋਖੀ ਵਾਲਾ, ਮਾੜੀਵਾੜਾ–104 ਅਤੇ ਖਾਈ ਵਿੱਚ ਖੇਡ ਮੈਦਾਨਾਂ ਦੀ ਨੀਂਹ ਰੱਖੀ।

ਇਸ ਮੌਕੇ ਵਿਧਾਇਕ ਭੁੱਲਰ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰੱਜੀ ਵਾਲਾ ਪਿੰਡ ਵਿੱਚ 12.94 ਲੱਖ, ਦੁਲਚੀ ਕੇ ਵਿੱਚ 46.68 ਲੱਖ, ਗੋਖੀ ਵਾਲਾ ਵਿੱਚ 20.24 ਲੱਖ, ਮਾੜੀਵਾੜਾ–104 ਵਿੱਚ 19.23 ਲੱਖ ਅਤੇ ਖਾਈ ਪਿੰਡ ਵਿੱਚ 64.55 ਲੱਖ ਰੁਪਏ ਦੀ ਲਾਗਤ ਨਾਲ ਆਧੁਨਿਕ ਖੇਡ ਮੈਦਾਨ ਤਿਆਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨਾ ਅਤੇ ਉਹਨਾਂ ਨੂੰ ਨਾ-ਸਿਰਫ਼ ਨਸ਼ਿਆਂ ਤੋਂ ਬਚਾਉਣਾ, ਸਗੋਂ ਸਿਹਤਮੰਦ ਅਤੇ ਅਨੁਸ਼ਾਸਿਤ ਜੀਵਨਸ਼ੈਲੀ ਵੱਲ ਪ੍ਰੇਰਿਤ ਕਰਨਾ ਸਰਕਾਰ ਦੀ ਪ੍ਰਥਮਤਾ ਹੈ। 

ਖੇਡ ਮੈਦਾਨਾਂ ਦੀ ਇਹ ਉਸਾਰੀ ਪਿੰਡ ਪੱਧਰ 'ਤੇ ਲੁਕੀਆਂ ਖੇਡ ਪ੍ਰਤਿਭਾਵਾਂ ਨੂੰ ਨਿਖਾਰਣ ਵਿੱਚ ਮਹੱਤਵਪੂਰਨ ਭੂਮਿਕਾ ਅਦਾ ਕਰੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਹਰ ਪਿੰਡ ਵਿੱਚ ਖੇਡ ਸਹੂਲਤਾਂ ਦਾ ਵਿਸਥਾਰ ਕੀਤਾ ਜਾ ਰਿਹਾ ਹੈ, ਤਾਂ ਜੋ ਬੱਚਿਆਂ ਅਤੇ ਨੌਜਵਾਨਾਂ ਦੀ ਊਰਜਾ ਨੂੰ ਰਚਨਾਤਮਕ ਅਤੇ ਸਕਾਰਾਤਮਕ ਦਿਸ਼ਾ ਮਿਲੇ। ਵਿਧਾਇਕ ਨੇ ਪਿੰਡ ਵਾਸੀਆਂ ਨੂੰ ਖੇਡ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ।

ਇਸ ਮੌਕੇ ਰਾਜ ਬਹਾਦਰ ਸਿੰਘ, ਗੁਰਭੇਜ ਸਿੰਘ, ਹਰਮੀਤ ਸਿੰਘ ਖਾਈ, ਨਿਸ਼ਾਨ ਸਿੰਘ ਸਰਪੰਚ, ਨਿਰਮਲਜੀਤ ਸਿੰਘ, ਦਿਲਬਾਗ ਨਾਗਪਾਲ, ਪਰਗਟ ਸਿੰਘ, ਮੱਸਾ ਸਿੰਘ, ਸ਼ਰਨਜੀਤ ਸਿੰਘ ਲਹਿਰੀ, ਸਾਰਜ ਸਿੰਘ ਸਰਪੰਚ, ਸੰਦੀਪ ਸਿੰਘ, ਮਨਪ੍ਰੀਤ ਸਿੰਘ ਸਮੇਤ ਪਿੰਡਾਂ ਦੇ ਹੋਰ ਪਤਵੰਤੇ ਮੌਜੂਦ ਸਨ।