5 Dariya News

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲਾਈਟ ਐਂਡ ਸਾਊਂਡ ਸ਼ੋਅ ਬਰਨਾਲਾ 'ਚ 14 ਨਵੰਬਰ ਨੂੰ: ਟੀ. ਬੈਨਿਥ

ਮੰਤਰੀ ਹਰਪਾਲ ਚੀਮਾ, ਮੰਤਰੀ ਅਮਨ ਅਰੋੜਾ ਅਤੇ ਸੰਸਦ ਮੈਂਬਰ ਮੀਤ ਹੇਅਰ ਹੋਣਗੇ ਮੁੱਖ ਮਹਿਮਾਨ

5 Dariya News

ਬਰਨਾਲਾ 10-Nov-2025

ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ 350 ਵੇਂ ਸਾਲ ਨੂੰ ਸਮਰਪਿਤ ਵਿਸ਼ੇਸ਼ ਲਾਈਟ ਐਂਡ ਸਾਉੰਡ ਸ਼ੋਅ 14 ਨਵੰਬਰ ਨੂੰ ਬਾਬਾ ਕਾਲਾ ਮਿਹਰ ਸਟੇਡੀਅਮ ਬਰਨਾਲਾ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਸੱਦੀ ਗਈ ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ. ਬੈਨਿਥ ਨੇ ਕਿਹਾ ਕਿ ਇਸ ਸਮਾਗਮ 'ਚ ਮੰਤਰੀ ਸ਼੍ਰੀ ਹਰਪਾਲ ਸਿੰਘ ਚੀਮਾ, ਮੰਤਰੀ ਸ਼੍ਰੀ ਅਮਨ ਅਰੋੜਾ ਅਤੇ ਸੰਸਦ ਮੈਂਬਰ ਸ਼੍ਰੀ ਗੁਰਮੀਤ ਸਿੰਘ ਮੀਤ ਹੇਅਰ ਵਿਸ਼ੇਸ਼ ਰੂਪ 'ਚ ਸ਼ਮੂਲੀਅਤ ਕਰਨਗੇ।  

ਮੀਟਿੰਗ ਵਿੱਚ ਐਸ.ਐਸ.ਪੀ. ਬਰਨਾਲਾ ਸ਼੍ਰੀ ਸਰਫ਼ਰਾਜ ਆਲਮ ਸਮੇਤ ਹੋਰ ਅਧਿਕਾਰੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਵਿਭਾਗਾਂ ਨੂੰ ਤਿਆਰੀਆਂ ਕਰਨ ਸਬੰਧੀ ਹੁਕਮ ਦਿੱਤੇ। ਜੰਗਲਾਤ ਵਿਭਾਗ ਨੂੰ ਕਿਹਾ ਗਿਆ ਕਿ ਸਟੇਡੀਅਮ ਦੇ ਆਲੇ ਦੁਆਲੇ ਸਾਰੇ ਦਰੱਖ਼ਤ ਅਤੇ ਝਾੜੀਆਂ ਛਾਂਗ ਦਿੱਤੀਆਂ ਜਾਣ। ਬਿਜਲੀ ਵਿਭਾਗ ਨੂੰ ਹਦਾਇਤ ਦਿੱਤੀ ਗਈ ਕਿ ਇਲਾਕੇ ਵਿੱਚ ਕਿਤੇ ਵੀ ਨੀਵੀਆਂ ਬਿਜਲੀ ਦੀਆਂ ਤਾਰਾਂ ਨਾ ਰਹਿਣ। 

ਪੁਲਿਸ ਨੂੰ ਨਿਰਦੇਸ਼ ਦਿੱਤੇ ਕਿ ਸ਼ੋਅ ਵਿਖੇ ਆਉਣ ਵਾਲੀ ਸੰਗਤ ਲਈ ਸੁਚੱਜੇ ਪਾਰਕਿੰਗ ਆਏ ਸੁਰੱਖਿਆ ਪ੍ਰਬੰਧ ਕੀਤੇ ਜਾਣ। ਜ਼ਿਲ੍ਹਾ ਮੰਡੀ ਬੋਰਡ ਅਤੇ ਨਗਰ ਕੌਂਸਲ ਬਰਨਾਲਾ ਨੂੰ ਪੀਣ ਵਾਲੇ ਪਾਣੀ, ਸਾਫ਼-ਸਫ਼ਾਈ ਅਤੇ ਲਾਇਟ ਦੀ ਵਿਵਸਥਾ ਯਕੀਨੀ ਬਣਾਉਣ ਲਈ ਕਿਹਾ ਗਿਆ । ਸਿਹਤ ਵਿਭਾਗ ਨੂੰ ਸਿਹਤ ਸਬੰਧੀ ਮੁੱਢਲੀ ਸਹਾਇਤਾ ਦਾ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਗਈ ।  

ਡਿਪਟੀ ਕਮਿਸ਼ਨਰ ਨੇ ਬਰਨਾਲਾ ਜ਼ਿਲ੍ਵਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਸਮੇਤ ਇਸ ਸ਼ੋਅ ਦਾ ਹਿੱਸਾ ਬਣਨ ਤਾਂ ਜੋ ਨਵੀਂ ਪੀੜ੍ਹੀ ਗੁਰੂ ਸਾਹਿਬਾਨ ਦੇ ਅਮੁੱਲੇ ਯੋਗਦਾਨ ਤੋਂ ਜਾਣੂ ਹੋ ਸਕੇ। ਇਸ ਮੌਕੇ ਉੱਤੇ ਐ.ਡੀ.ਸੀ. (ਜੀ) ਮੈਡਮ ਅਨੁਪ੍ਰੀਤਾ ਜੌਹਲ, ਐਸ.ਡੀ.ਐਮ. ਬਰਨਾਲਾ ਮੈਡਮ ਸੋਨਮ ਅਤੇ ਹੋਰ ਸਾਰੇ ਵਿਭਾਗਾਂ ਦੇ ਅਫਸਰ ਮੌਜੂਦ ਸਨ।