ਨਵਜੋਤ ਕੌਰ ਵਲੋਂ ਜਵਾਹਰਕੇ ਰੋਡ ਦਾ ਜਾਇਜ਼ਾ
ਲੈਬ 'ਚ ਨਮੂਨੇ ਟੈਸਟ ਕਰਾਉਣ ਅਤੇ ਪੜਤਾਲੀਆ ਰਿਪੋਰਟ ਦੇਣ ਦੇ ਨਿਰਦੇਸ਼
5 Dariya News
ਮਾਨਸਾ 10-Nov-2025
ਬੀਤੇ ਦਿਨੀਂ ਇਥੋਂ ਦੀ ਜਵਾਹਰਕੇ ਰੋਡ ਦੇ ਨਿਰਮਾਣ ਵਿਚ ਘਟੀਆ ਸਮੱਗਰੀ ਵਰਤਣ ਦੀ ਸ਼ਿਕਾਇਤ/ ਮੀਡੀਆ ਰਿਪੋਰਟਾਂ ਦਾ ਨੋਟਿਸ ਲੈਂਦੇ ਹੋਏ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਨਵਜੋਤ ਕੌਰ ਆਈ ਏ ਐੱਸ ਨੇ ਸੜਕ ਦਾ ਨਿਰੀਖਣ ਕੀਤਾ ਅਤੇ ਸਬੰਧਤ ਅਧਿਕਾਰੀਆਂ ਨੂੰ ਸੈਂਪਲ ਜਾਂਚ ਲਈ ਲੈਬ ਭੇਜਣ ਅਤੇ ਪੜਤਾਲੀਆ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਿਕ ਨਵੀਆਂ ਸੜਕਾਂ ਦੇ ਕੰਮ ਦਾ ਲਗਾਤਾਰ ਨਿਰੀਖਣ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਵਧੀਆ ਗੁਣਵੱਤਾ ਵਾਲੀਆਂ ਸੜਕਾਂ ਦੀ ਸਹੂਲਤ ਮਿਲ ਸਕੇ। ਓਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਸੜਕ ਦਾ ਕੰਮ ਗੁਣਵੱਤਾ ਮਾਪਦੰਡਾਂ ਅਨੁਸਾਰ ਸਹੀ ਨਹੀਂ ਪਾਇਆ ਜਾਂਦਾ ਤਾਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਐਕਸੀਅਨ ਮੰਡੀ ਬੋਰਡ ਬਠਿੰਡਾ ਵਿਪਨ ਖੰਨਾ ਨੇ ਦੱਸਿਆ ਕਿ ਕਰੀਬ 1 ਕਰੋੜ 25 ਲੱਖ ਰੁਪਏ ਦੀ ਲਾਗਤ ਨਾਲ ਮਾਨਸਾ ਚਕੇਰੀਆਂ ਰੋਡ ਤੋਂ ਨਹਿਰੀ ਕੋਠੀ ਜਵਾਹਰਕੇ ਤੱਕ 2.85 ਕਿਲੋਮੀਟਰ ਲੰਬੀ ਸੜਕ ਬਣਾਈ ਗਈ ਹੈ। ਇਹ ਸੜਕ ਮੰਡੀ ਬੋਰਡ ਦੇ ਅਧਿਕਾਰ ਖੇਤਰ ਵਿੱਚ ਆਉਂਦੀ ਹੈ ਅਤੇ ਮਾਨਸਾ ਸ਼ਹਿਰ ਦੀਆਂ ਸਾਰੀਆਂ ਮੁੱਖ ਸੜਕਾਂ ਤੱਕ ਪਹੁੰਚਦੀ ਹੈ।
ਡਿਪਟੀ ਕਮਿਸ਼ਨਰ ਨੇ ਮੰਡੀ ਬੋਰਡ ਅਧਿਕਾਰੀਆਂ ਨੂੰ ਸੜਕ ਦੇ ਨਮੂਨੇ ਕਿਸਾਨ ਭਵਨ ਚੰਡੀਗੜ੍ਹ ਲੈਬ ਵਿਚ ਭੇਜ ਕੇ ਟੈਸਟ ਕਰਾਉਣ ਅਤੇ ਪੜਤਾਲੀਆ ਰਿਪੋਰਟ ਦੇਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਇਹ ਸੜਕ ਐਸਟੀਮੇਟ ਦੇ ਤਹਿਤ ਮਾਪਦੰਡਾਂ ਦੇ ਅਨੁਸਾਰ ਬਣਾਈ ਗਈ ਹੈ ਅਤੇ ਐੱਸ ਈ (ਹੈਡਕੁਆਰਟਰ) ਵਲੋਂ ਸੜਕ ਦੇ ਲਏ ਨਮੂਨੇ ਵਿਚ ਭਾਰ ਪੂਰਾ ਆਇਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਦੀ ਲਾਗਤ ਨਾਲ ਸੜਕਾਂ ਦਾ ਨਿਰਮਾਣ ਕਾਰਜ ਕਰਵਾਇਆ ਜਾ ਰਿਹਾ ਹੈ। ਓਨ੍ਹਾਂ ਕਿਹਾ ਕਿ ਨਿਰਮਾਣ ਕਾਰਜ ਪੂਰੀ ਤਰ੍ਹਾਂ ਮਿਆਰੀ ਅਤੇ ਮਾਪਦੰਡਾਂ ਅਨੁਸਾਰ ਹੋਵੇ, ਇਸ ਸਬੰਧੀ ਕਿਸੇ ਵੀ ਅਧਿਕਾਰੀ ਜਾਂ ਠੇਕੇਦਾਰ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਕਰੋੜਾਂ ਰੁਪਏ ਦੀ ਲਾਗਤ ਨਾਲ ਕਰਵਾਇਆ ਜਾ ਰਿਹਾ ਹੈ ਸੜਕਾਂ ਦਾ ਨਿਰਮਾਣ ਕਾਰਜ: ਵਿਜੈ ਸਿੰਗਲਾ
ਇਸ ਮੌਕੇ ਵਿਧਾਇਕ ਵਿਜੈ ਸਿੰਗਲਾ ਨੇ ਕਿਹਾ ਕਿ ਹਲਕੇ ਵਿਚ ਕਰੋੜਾਂ ਰੁਪਏ ਦੇ ਫੰਡਾਂ ਨਾਲ ਸੜਕਾਂ ਦਾ ਕੰਮ ਕਰਵਾਇਆ ਜਾ ਰਿਹਾ ਹੈ। ਓਨ੍ਹਾਂ ਦੱਸਿਆ ਕਿ ਕਚਹਿਰੀ ਰੋਡ ਅਤੇ ਮਹਾਰਾਜਾ ਅਗਰਸੈਨ ਮਾਰਗ (ਗਰੀਨ ਵੈਲੀ) ਰੋਡ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਓਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਦੀ ਲਾਗਤ ਨਾਲ ਵਿਕਾਸ ਕੰਮ ਕਰਵਾਏ ਜਾ ਰਹੇ ਹਨ।