5 Dariya News

ਰੁਪਿੰਦਰ ਸਿੰਘ ਹੈਪੀ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਦਾ ਸੱਦਾ

ਪੇਂਡੂ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਸਿਖਲਾਈ ਸੈਸ਼ਨ ਦੌਰਾਨ ਕੀਤੀ ਸਿਰਕਤ

5 Dariya News

ਬਸੀ ਪਠਾਣਾਂ/ਫਤਹਿਗੜ੍ਹ ਸਾਹਿਬ 07-Nov-2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਹੇਠ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਹਿਯੋਗ ਦੇਣ ਲਈ ਸਮੂਹ ਪੇਂਡੂ ਅਤੇ ਵਾਰਡ ਡਿਫੈਂਸ ਕਮੇਟੀਆਂ ਦੇ ਪ੍ਰਧਾਨਾਂ ਅਤੇ ਮੈਂਬਰਾਂ ਨੂੰ ਜ਼ਮੀਨੀ ਪੱਧਰ ਤੇ ਹੋਰ ਵੀ ਸਾਰਥਕ ਕਦਮ ਚੁੱਕਣ ਦੀ ਜ਼ਰੂਰਤ ਹੈ। ਇਹ ਸੱਦਾ ਵਿਧਾਨ ਸਭਾ ਹਲਕਾ ਬਸੀ ਪਠਾਣਾਂ ਤੋਂ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅੱਜ ਆਈ.ਟੀ.ਆਈ ਵਿਖੇ ਵੀਡੀਸੀ ਮੈਂਬਰਾਂ ਲਈ ਆਯੋਜਿਤ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਸਿਰਕਤ ਕਰਦਿਆਂ ਦਿੱਤਾ।  

ਆਪਣੇ ਸੰਬੋਧਨ ਵਿੱਚ ਉਹਨਾਂ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਤੇ ਪ੍ਰਸ਼ਾਸਨ ਦੇ ਉਪਰਾਲੇ ਤਾਂ ਹੀ ਸਫ਼ਲ ਸਾਬਤ ਹੋ ਸਕਦੇ ਹਨ ਜੇਕਰ ਆਮ ਲੋਕ ਭਰਪੂਰ ਸਹਿਯੋਗ ਦੇਣ।  ਉਹਨਾਂ ਕਿਹਾ ਕਿ ਇਸ ਮੁਹਿੰਮ ਨੂੰ ਲੋਕ ਲਹਿਰ ਵਜੋਂ ਵਿਕਸਿਤ ਕੀਤੇ ਜਾਣ ਦੀ ਲੋੜ ਹੈ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ ਦੇ ਨਿਵਾਸੀਆਂ ਸਾਹਮਣੇ ਇਸ ਦੇ ਸਾਰਥਕ ਨਤੀਜੇ ਵੀ ਆਏ ਹਨ।

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਸਰਕਾਰ ਵੱਲੋਂ ਨਸ਼ਾ ਤਸਕਰਾਂ ਦਾ ਸਫਾਇਆ ਕਰਨ ਅਤੇ ਨਸ਼ਾ ਪੀੜ੍ਹਤਾਂ ਦਾ ਇਲਾਜ ਕਰਵਾਉਣ ਦੇ ਨਾਲ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਚੇਤਨਾ ਪੈਦਾ ਕਰਨ ਲਈ ਇਕ ਮੋਬਾਇਲ ਐਪ ਵਿਕਸਿਤ ਕੀਤੀ ਗਈ ਹੈ ਜਿਸ  ਬਾਰੇ ਰਾਜ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੀਡੀਸੀ ਮੈਂਬਰਾਂ ਨੂੰ ਵਿਸਤਰਿਤ ਸਿਖਲਾਈ ਦਿੱਤੀ ਜਾ ਰਹੀ ਹੈ ਤਾਂ ਜੋ ਜ਼ਮੀਨੀ ਪੱਧਰ ਤੇ ਮਿਲਣ ਵਾਲੀ ਠੋਸ ਅਤੇ ਤੱਥ ਅਧਾਰਿਤ ਸੂਚਨਾ ਨੂੰ ਗੁਪਤ ਰੱਖਦੇ ਹੋਏ ਬਣਦੀ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ  ਜਾ ਸਕੇ।  

ਉਹਨਾਂ ਨੇ ਸਪੱਸ਼ਟ ਚੇਤਾਵਨੀ ਦਿੰਦਿਆਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਅਤੇ ਮਾਪਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਆਦਤਾਂ, ਵਿਵਹਾਰ ਅਤੇ ਸੰਗਤ ਬਾਰੇ ਪੂਰੀ ਚੌਕਸੀ ਰੱਖਣ ਤਾਂ ਜੋ ਬੱਚੇ ਮਾੜੀਆਂ ਆਦਤਾਂ ਦਾ ਸ਼ਿਕਾਰ ਨਾ ਹੋਣ। ਇਸ ਮੌਕੇ ਨਸ਼ਾ ਮੁਕਤੀ ਮੋਰਚਾ ਦੇ ਜ਼ਿਲ੍ਹਾ ਕੋਆਰਡੀਨੇਟਰ ਓਕਾਰ ਸਿੰਘ ਚੌਹਾਨ ਨੇ ਕਿਹਾ ਕਿ ਇਸ ਮੁਹਿੰਮ ਦੀ ਸਫ਼ਲਤਾ, ਪੁਖਤਾ ਫੀਡਬੈਕ ਉੱਤੇ ਅਧਾਰਿਤ ਹੈ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਪੰਜਾਬ ਦੇ ਵਾਸੀਆਂ ਨੇ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ। 

ਉਹਨਾਂ ਕਿਹਾ ਕਿ ਯੁੱਧ ਨ਼ਸਿਆਂ ਵਿਰੁੱਧ ਦੇ ਪਹਿਲੇ ਪੜਾਅ ਵਿੱਚ ਹਰੇਕ ਵਾਰਡ ਅਤੇ ਪਿੰਡ ਵਿੱਚ ਪਹੁੰਚ ਕੀਤੀ ਗਈ ਅਤੇ ਲੋਕਾਂ ਨੂੰ ਨਸ਼ਿਆਂ ਦਾ ਮਾੜੇ ਪ੍ਰਭਾਵਾਂ ਬਾਰੇ ਦੱਸਿਆ ਗਿਆ ਜਦਕਿ ਦੂਜੇ ਪੜ੍ਹਾਅ ਤਹਿਤ ਡਿਫੈਂਸ ਕਮੇਟੀਆਂ ਦਾ ਗਠਨ ਹੋਇਆ ਅਤੇ ਹੁਣ ਤੀਜੇ ਪੜ੍ਹਾਅ ਵਿੱਚ ਇਹਨਾਂ ਕਮੇਟੀਆਂ ਦੇ ਅਹੁਦੇਦਾਰਾਂ ਨੂੰ ਨਸ਼ਿਆਂ ਦੇ ਕੋਹੜ ਦਾ ਖ਼ਤਮਾ ਕਰਨ ਲਈ ਤਕਨੀਕੀ ਸਿਖਲਾਈ ਦਿੱਤੀ ਜਾ ਰਹੀ ਹੈ ਜਿਸਦੇ ਸੁਖਾਵੇਂ ਨਤੀਜੇ ਸਾਹਮਣੇ ਆਉਣਗੇ।

ਆਪਣੇ ਸੰਬੋਧਨ ਦੌਰਾਨ ਉਪ ਮੰਡਲ ਮੈਜਿਸਟ੍ਰੇਟ ਹਰਵੀਰ ਕੌਰ ਨੇ ਸਮੂਹ ਡਿਫੈਂਸ ਕਮੇਟੀਆਂ ਨੂੰ ਅਪੀਲ  ਕੀਤੀ ਕਿ ਉਹ ਮਹੀਨਾਵਾਰ ਮੀਟਿੰਗਾਂ ਕਰਕੇ ਆਪਸੀ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਇਸ ਮੋਬਾਇਲ ਐਪ ਦੀ ਸੁਚੱਜੀ ਵਰਤੋਂ ਰਾਹੀਂ ਇੱਕ ਜਿੰਮੇਵਾਰ ਨਾਗਰਿਕ ਬਣਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।  ਉਹਨਾਂ ਨੇ ਆਪਣੇ ਗਲੀ ਮੁਹੱਲਿਆਂ ਵਿੱਚ ਚੌਕਸੀ ਰੱਖਣ ਅਤੇ ਨਸ਼ਿਆਂ ਦੀ ਮਾਰ ਹੇਠ ਆਏ ਵਿਅਕਤੀਆਂ ਦਾ ਉੱਚਿਤ ਇਲਾਜ ਕਰਵਾਉਣ ਵਿੱਚ ਸਹਿਯੋਗ ਦੇਣ ਲਈ ਵੀ ਪ੍ਰੇਰਿਤ ਕੀਤਾ।

ਸਿਖਲਾਈ ਸੈਸ਼ਨ ਦੌਰਾਨ ਡੀਐਸਪੀ ਖੁਸ਼ਪ੍ਰੀਤ ਸਿੰਘ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਬਾਰੇ ਅੰਕੜੇ ਪੇਸ਼ ਕੀਤੇ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਅਤੇ ਝਿਜਕ ਤੋਂ ਪੁਲਿਸ ਦੀ ਸੇਫ ਪੰਜਾਬ ਚੈਟਬੋਟ ਤੇ ਵਟੱਸਐਪ ਨੰਬਰ 97791-00200 ਉੱਤੇ ਨਸ਼ਿਆਂ ਬਾਰੇ ਸੂਚਨਾ ਦੇਣ। ਉਹਨਾਂ ਇਹ ਵੀ ਵਿਸ਼ਵਾਸ ਦਵਾਇਆ ਕਿ ਸੂਚਨਾ ਦੇਣ ਵਾਲਿਆਂ ਦਾ ਨਾਮ ਅਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਂਦਾ ਹੈ ਉਹਨਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਤਿੰਨ ਨੁਕਾਤੀ ਰਣਨੀਤੀ ਅਪਣਾਈ ਜਾ ਰਹੀ ਹੈ ਜਿਸ ਵਿੱਚ ਇੰਨਫੋਰਸਮੈਂਟ, ਡੀਐਡੀਕਸ਼ਨ ਅਤੇ ਪ੍ਰਵੈਨਸ਼ਨ ਸ਼ਾਮਲ ਹਨ।  

ਸਮਾਗਮ ਦੌਰਾਨ ਸੰਗਠਨ ਇੰਚਾਰਜ ਰਾਜ ਪੁਰੀ, ਹਲਕਾ ਕੋਆਰਡੀਨੇਟਰ ਹਰਜਿੰਦਰ ਸਿੰਘ ਸਾਹੀ, ਵਾਇਸ ਕੋਆਰਡੀਨੇਟਰ ਇੰਦਰਜੀਤ ਸਿੰਘ, ਜਗਰੂਪ ਸਿੰਘ ਸਾਹੀ, ਹਰਪ੍ਰੀਤ ਸਿੰਘ ਮਹੇਸ਼ਪੁਰਾ, ਜੀਵਨਜੋਤ ਸਿੰਘ, ਅਰਸ਼ਪ੍ਰੀਤ ਸਿੰਘ ਖੰਗੂੜਾ, ਬਲਵਿੰਦਰ ਸਿੰਘ ਸੋਨੀ, ਜਗਮੋਹਨ ਸਿੰਘ ਨੋਗਾਵਾਂ, ਰਾਜਵੀਰ ਸਿੰਘ ਬੋਹੜ, ਵਿਵੇਕ ਕੁਮਾਰ, ਅਮਰਿੰਦਰ ਸਿੰਘ, ਪਰਮਿੰਦਰ ਸਿੰਘ, ਹਰਮਨ ਸਿੰਘ, ਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਬਿੱਟੂ ਖਾਨ, ਸਰਬਜੀਤ ਸਿੰਘ, ਜਗਤਾਰ ਸਿੰਘ, ਹਰਜੀਤ ਸਿੰਘ, ਗੁਰਜੰਟ ਸਿੰਘ, ਗੁਰਵਿੰਦਰ ਸਿੰਘ, ਧਰਮਿੰਦਰ ਸਿੰਘ ਅਤੇ  ਪ੍ਰਭਜੀਤ ਸਿੰਘ  ਵੀ ਹਾਜ਼ਰ ਸਨ।