ਪੰਜਾਬ ਸਰਕਾਰ ਨੇ ਹੜ ਪੀੜਤਾਂ ਦੀ ਮਦਦ ਦਾ ਪੂਰਾ ਕੀਤਾ ਵਾਅਦਾ : ਦਲਬੀਰ ਸਿੰਘ ਟੌਂਗ
ਕਿਹਾ ਮਾਨ ਸਰਕਾਰ ਲੋਕਾਂ ਦੇ ਸੁੱਖ-ਦੁੱਖ ਵਿੱਚ ਉਨ੍ਹਾਂ ਦੇ ਨਾਲ ਖੜ੍ਹੀ ਹੈ
5 Dariya News
ਅੰਮ੍ਰਿਤਸਰ 07-Nov-2025
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੜ੍ਹ ਪੀੜਤਾਂ ਨੂੰ ਰਾਹਤ ਫੰਡ ਮੁਹੱਈਆ ਕਰਵਾਉਣ ਦੇ ਕੰਮ ਵਿੱਚ ਤੇਜੀ ਨਾਲ ਲੱਗੀ ਹੋਈ ਹੈ ਅਤੇ ਕਿਸੇ ਵੀ ਪਰਿਵਾਰ ਨੂੰ ਕੋਈ ਵੀ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਬਾਬਾ ਬਕਾਲਾ ਵਿਧਾਇਕ ਸ੍ਰ ਦਲਬੀਰ ਸਿੰਘ ਟੌਂਗ ਨੇ ਆਪਣੇ ਹਲਕੇ ਦੇ ਪਿੰਡ ਵਜ਼ੀਰ ਭੁੱਲਰ ਦੇ ਹੜ੍ਹ ਪੀੜਤ ਪਰਿਵਾਰਾਂ ਨੂੰ ਮੁਆਵਜਾ ਰਾਸ਼ੀ ਵੰਡਣ ਸਮੇਂ ਕੀਤਾ।
ਸ੍ਰ ਟੌਂਗ ਨੇ ਪੀੜਤ ਪਰਿਵਾਰਾਂ ਨੂੰ ਕਿਹਾ ਕਿ ਇਹ ਰਾਸ਼ੀ ਅੱਜ ਹੀ ਤੁਹਾਡੇ ਖਾਤਿਆਂ ਵਿੱਚ ਪਹੁੰਚ ਜਾਵੇਗੀ ਅਤੇ ਤੁਹਾਨੂੰ ਇਯ ਦਾ ਐਸ:ਐਮ:ਐਸ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਪੇਸ਼ ਆਉਂਦੀ ਹੈ ਤਾਂ ਉਹ ਖੁਦ ਮਿਲ ਸਕਦਾ। ਸ੍ਰ ਟੌਂਗ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਖੁਸ਼ੀ ਅਤੇ ਦੁੱਖ ਵਿੱਚ ਲੋਕਾਂ ਦੇ ਨਾਲ ਖੜ੍ਹੀ ਹੈ। ਹੜ੍ਹਾਂ ਕਾਰਨ ਹੋਏ ਜਾਨ-ਮਾਲ ਦੇ ਨੁਕਸਾਨ ਦੀ ਭਰਪਾਈ ਲਈ ਇਕ ਪਾਰਦਰਸ਼ੀ ਪ੍ਰਣਾਲੀ ਤਹਿਤ ਮੁਆਵਜ਼ਾ ਵੰਡਿਆ ਜਾ ਰਿਹਾ ਹੈ, ਜਿਸ ਨਾਲ ਸਾਰੇ ਯੋਗ ਵਿਅਕਤੀਆਂ ਤੱਕ ਤੁਰੰਤ ਪਹੁੰਚ ਯਕੀਨੀ ਬਣਾਈ ਜਾ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ 'ਤੇ ਰਾਹਤ ਕਾਰਜਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਅਤੇ ਕਿਸੇ ਵੀ ਪ੍ਰਭਾਵਿਤ ਪਰਿਵਾਰ ਨੂੰ ਆਪਣਾ ਹੱਕ ਪ੍ਰਾਪਤ ਕਰਨ ਲਈ ਦਫ਼ਤਰਾਂ ਦੇ ਚੱਕਰ ਨਹੀਂ ਮਾਰਨੇ ਪੈਣਗੇ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕੋਈ ਵੀ ਯੋਗ ਪਰਿਵਾਰ ਰਾਹਤ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਜਨਤਕ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਲੋਕਾਂ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ।
ਇਸ ਮੌਕੇ ਤਹਿਸੀਲਦਾਰ ਰੋਬਿਨਜੀਤ ਕੌਰ, ਪਟਵਾਰੀ ਮਨਦੀਪ ਕੰਗ,ਸਰਪੰਚ ਕਰਮਜੀਤ ਸਿੰਘ ਫੇਰੂਮਾਨ, ਸਰਪੰਚ ਕੋਟ ਮਹਿਤਾਬ ਸ਼ਰਨਜੀਤ ਕੌਰ, ਸਰਪੰਚ ਬੁਲੇਨੰਗਲ ਭੂਪਿੰਦਰ ਸਿੰਘ ਗੋਪੀ, ਸੋਨੂੰ ਜੰਡਿਆਲਾ, ਸੰਦੀਪ ਖਹਿਰਾ, ਵਿਸ਼ਾਲ ਮੰਨਣ, ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਹਾਜਰ ਸਨ।