ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੰਟਰ-ਜ਼ੋਨ ਯੂਥ ਫੈਸਟੀਵਲ ਦਾ ਸ਼ਾਨਦਾਰ ਆਗਾਜ਼
ਇੰਟਰ-ਜ਼ੋਨ ਯੂਥ ਫੈਸਟੀਵਲ ਵਿੱਚ ਹਿੱਸਾ ਲੈਣ ਵਾਲੇ ਸਾਰੇ ਹੀ ਵਿਦਿਆਰਥੀ ਵਿਜੇਤਾ ਹਨ — ਡਾ. ਕੇ.ਐਸ. ਚਾਹਲ
5 Dariya News
ਅੰਮ੍ਰਿਤਸਰ 07-Nov-2025
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਇੰਟਰ-ਜ਼ੋਨ ਯੂਥ ਫੈਸਟੀਵਲ ਦਾ ਸ਼ਾਨਦਾਰ ਆਗਾਜ਼ ਹੋਇਆ। ਫੈਸਟੀਵਲ ਦੀ ਪਹਿਲੀ ਪੇਸ਼ਕਾਰੀ ਦੇ ਨਾਲ ਹੀ ਵਿਦਿਆਰਥੀਆਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਸਥਿਤੀ, ਲੋਕਾਂ ਦੇ ਜਜ਼ਬੇ ਅਤੇ ਪੰਜਾਬ ਦੀ ਚੜਦੀ ਕਲਾ ਵਾਲੀ ਮਨੋਬਿਰਤੀ ਨੂੰ ਭਾਵਪੂਰਕ ਢੰਗ ਨਾਲ ਮੰਚ ‘ਤੇ ਪੇਸ਼ ਕੀਤਾ। ਇਸ ਸਮੂਹ ਨਾਚ ਵਿੱਚ ਗੁਰੂਆਂ ਦੀ ਬਖ਼ਸ਼ਿਸ਼ ਅਤੇ ਮਨੁੱਖਤਾ ਦੀ ਸੇਵਾ ਦੀ ਭਾਵਨਾ ਨੂੰ ਉਜਾਗਰ ਕੀਤਾ ਗਿਆ, ਜਿਸ ਨੇ ਦਰਸ਼ਕਾਂ ਦੇ ਦਿਲ ਜਿੱਤ ਲਏ।
ਫੈਸਟੀਵਲ ਦਾ ਰਸਮੀ ਉਦਘਾਟਨ ਡਾ. ਕੇ.ਐਸ. ਚਾਹਲ, ਰਜਿਸਟਰਾਰ ਅਤੇ ਡਾ. ਅਮਨਦੀਪ ਸਿੰਘ, ਡਾਇਰੈਕਟਰ ਯੂਥ ਵੈਲਫੇਅਰ ਤੇ ਉਨ੍ਹਾਂ ਦੀ ਟੀਮ ਵੱਲੋਂ ਸ਼ਮਾ ਰੋਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਡਾ. ਕੇ.ਐਸ. ਚਾਹਲ, ਮੁੱਖ ਮਹਿਮਾਨ ਵਜੋਂ ਹਾਜ਼ਰ ਸਨ। ਉਨ੍ਹਾਂ ਨੂੰ ਡਾ. ਅਮਨਦੀਪ ਸਿੰਘ ਵੱਲੋਂ ਫੁਲਕਾਰੀ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਆਪਣੇ ਸੰਬੋਧਨ ਦੌਰਾਨ ਡਾ. ਕੇ.ਐਸ. ਚਾਹਲ ਨੇ ਕਿਹਾ ਕਿ ਇਸ ਕਲਾ ਸੱਭਿਆਚਾਰਕ ਤੇ ਵਿਚਾਰ ਮੇਲੇ ਵਿੱਚ ਹਿੱਸਾ ਲੈਣਾ ਆਪਣੇ ਆਪ ਵਿੱਚ ਹੀ ਇਕ ਜਿੱਤ ਹੈ। “ਇੱਥੇ ਪਹੁੰਚੇ ਸਾਰੇ ਵਿਦਿਆਰਥੀ ਕਈ ਪੜਾਵਾਂ ਦੀ ਮਿਹਨਤ ਅਤੇ ਚੋਣ ਪ੍ਰਕਿਰਿਆ ਤੋਂ ਗੁਜ਼ਰ ਕੇ ਆਏ ਹਨ, ਇਸ ਲਈ ਸਾਰੇ ਹੀ ਵਿਜੇਤਾ ਹਨ,”।
ਉਨ੍ਹਾਂ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਕਈ ਵਾਰ ਨਤੀਜੇ ਉਮੀਦਾਂ ਅਨੁਸਾਰ ਨਹੀਂ ਆਉਂਦੇ, ਪਰ ਜੱਜਾਂ ਦੇ ਫੈਸਲੇ ਹਮੇਸ਼ਾ ਨਿਰਪੱਖ ਅਤੇ ਤਜਰਬੇਕਾਰ ਵਿਚਾਰਧਾਰਾ ‘ਤੇ ਆਧਾਰਿਤ ਹੁੰਦੇ ਹਨ। ਉਹਨਾਂ ਕਿਹਾ ਕਿ “ਸਾਡਾ ਕੰਮ ਆਪਣਾ ਬੈਸਟ ਦੇਣਾ ਹੈ, ਬਾਕੀ ਫੈਸਲਾ ਜੱਜਾਂ ਉੱਤੇ ਛੱਡਣਾ ਚਾਹੀਦਾ ਹੈ,। ਡਾ. ਚਾਹਲ ਨੇ ਯੁਵਕ ਭਲਾਈ ਵਿਭਾਗ ਦੀ ਟੀਮ, ਖਾਸ ਤੌਰ ‘ਤੇ ਡਾ. ਅਮਨਦੀਪ ਸਿੰਘ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਟੀਮ ਪਿਛਲੇ ਸਵਾ ਮਹੀਨੇ ਤੋਂ ਦਿਨ-ਰਾਤ ਮਿਹਨਤ ਕਰ ਰਹੀ ਹੈ।
ਪਹਿਲੇ ਦਿਨ ਦਸ਼ਮੇਸ਼ ਆਡੀਟੋਰਿਅਮ ਵਿੱਚ ਪੰਜਾਬ ਦੇ ਲੋਕ ਨਾਚਾਂ ਨੇ ਸਮਾਗਮ ਵਿੱਚ ਕਈ ਰੰਗ ਭਰ ਦਿੱਤੇ ਅਤੇ ਵਿਦਿਆਰਥੀ ਕਲਾਕਾਰਾਂ ਨੇ ਆਪਣੀ ਕਲਾ ਦੇ ਜਾਦੂ ਨਾਲ ਦਰਸ਼ਕਾਂ ਨੂੰ ਮੁਗਧ ਕਰ ਦਿੱਤਾ। ਦੇਰ ਸ਼ਾਮ ਤੱਕ ਯੂਨੀਵਰਸਿਟੀ ਦਾ ਮਾਹੌਲ ਸੱਭਿਆਚਾਰਕ ਰੰਗਾਂ ਨਾਲ ਰੰਗਿਆ ਰਿਹਾ।
ਅੱਜ 7 ਨਵੰਬਰ ਨੂੰ ਦਸ਼ਮੇਸ਼ ਆਡੀਟੋਰੀਅਮ ਵਿਚ ਕੋਰੀਓਗ੍ਰਾਫੀ, ਜਨਰਲ ਡਾਂਸ, ਗਿੱਧਾ, ਗੋਲਡਨ ਜੂਬਲੀ ਕਨਵੈਨਸ਼ਨ ਸੈਂਟਰ ਵਿਚ ਕਲਾਸੀਕਲ ਵੋਕਲ, ਕਲਾਸੀਕਲ ਇੰਸਟ੍ਰੂਮੈਂਟ (ਪਰਕੱਸ਼ਨ ਤੇ ਨਾਨ-ਪਰਕੱਸ਼ਨ), ਫੋਕ ਆਰਕੈਸਟਰਾ, ਕਾਨਫਰੰਸ ਹਾਲ ਵਿਚ ਕਵੀ ਦਰਬਾਰ, ਇਲੋਕਿਊਸ਼ਨ (ਇੰਗਲਿਸ਼), ਇਲੋਕਿਊਸ਼ਨ (ਪੰਜਾਬੀ/ਹਿੰਦੀ) ਦੇ ਮੁਕਾਬਲੇ ਕਰਵਾਏ ਗਏ।
ਡਾਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ 8 ਨਵੰਬਰ ਨੂੰ ਸਵੇਰੇ 10 ਵਜੇ ਦਸ਼ਮੇਸ਼ ਆਡੀਟੋਰੀਅਮ ਵਿਚ ਕਾਸਟਿਊਮ ਪਰੇਡ, ਮੀਮ, ਮਿਮਿਕਰੀ, ਸਕਿੱਟ, ਵਨ ਐਕਟ ਪਲੇ • ਗੋਲਡਨ ਜੂਬਲੀ ਕਨਵੈਨਸ਼ਨ ਸੈਂਟਰ – ਗੀਤ/ਗ਼ਜ਼ਲ, ਫੋਕ ਸੌਂਗ, ਗਰੁੱਪ ਸ਼ਬਦ/ਭਜਨ, ਗਰੁੱਪ ਸੌਂਗ, ਸੰਗਤ ਹਾਲ – ਆਨ ਦੀ ਸਪਾਟ ਪੇਂਟਿੰਗ, ਕਾਰਟੂਨਿੰਗ, ਕੋਲਾਜ, ਕਾਨਫਰੰਸ ਹਾਲ – ਡਿਬੇਟ (ਇੰਗਲਿਸ਼), ਡਿਬੇਟ (ਪੰਜਾਬੀ/ਹਿੰਦੀ), ਗੁਰੂ ਨਾਨਕ ਭਵਨ ਆਡੀਟੋਰੀਅਮ – ਵਾਰ ਗਾਇਨ, ਕਵਿਸ਼ਰੀ ਅਤੇ 9 ਨਵੰਬਰ ਨੂੰ ਦਸ਼ਮੇਸ਼ ਆਡੀਟੋਰੀਅਮ – ਕਲਾਸੀਕਲ ਡਾਂਸ, ਭੰਗੜਾ, ਗੋਲਡਨ ਜੂਬਲੀ ਕਨਵੈਨਸ਼ਨ ਸੈਂਟਰ – ਵੈਸਟਰਨ ਵੋਕਲ ਸੋਲੋ, ਵੈਸਟਰਨ ਗਰੁੱਪ ਸੌਂਗ, ਵੈਸਟਰਨ ਇੰਸਟ੍ਰੂਮੈਂਟ ਸੋਲੋ, ਸੰਗਤ ਹਾਲ – ਰੰਗੋਲੀ, ਫੁਲਕਾਰੀ, ਪੋਸਟਰ ਮੇਕਿੰਗ, ਕਲੇ ਮਾਡਲਿੰਗ, ਕਾਨਫਰੰਸ ਹਾਲ – ਕੁਇਜ਼ (ਪ੍ਰੀਲਿਮਨਰੀ ਤੇ ਫਾਈਨਲ) ਮੁਕਾਬਲੇ ਕਰਵਾਏ ਜਾਣਗੇ।
ਟੀਮ ਮੈਂਬਰਾਂ ਵਿੱਚ ਡਾ. ਬਲਬੀਰ ਸਿੰਘ, ਡਾ. ਸੁਨੀਲ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਬੀਰ ਸਿੰਘ ਮਲ੍ਹੀ, ਡਾ. ਵਿਸ਼ਾਲ ਭਾਰਦਵਾਜ, ਡਾ. ਹਰਿੰਦਰ ਕੌਰ ਸੋਹਲ, ਡਾ. ਸਤਵਿੰਦਰ, ਡਾ. ਅਮਨਪ੍ਰੀਤ ਕੌਰ, ਡਾ. ਪ੍ਰਭਸਿਰਨ ਸਿੰਘ, ਡਾ. ਮੁਨੀਸ਼ ਸੈਣੀ, ਡਾ. ਹਰਕਿਰਨਦੀਪ ਕੌਰ, ਡਾ. ਰਾਜੇਸ਼, ਡਾ. ਅਸ਼ਵਿੰਦ ਜੀ, ਡਾ. ਬਲਜੀਤ ਕੌਰ ਰਿਆੜ, ਡਾ. ਨਿਰਮਲ ਸਿੰਘ, ਡਾ. ਰਜਵਿੰਦਰ ਕੌਰ, ਡਾ. ਸੁਨੈਨਾ ਅਤੇ ਹੋਰ ਫੈਕਲਟੀ/ਸਟਾਫ਼ ਮੈਂਬਰ ਸ਼ਾਮਲ ਹਨ ਜੋ ਸਮਾਗਮ ਨੂੰ ਚੰਗੀ ਤਰ੍ਹਾਂ ਨਾਲ ਕੋਆਰਡੀਨੇਟ ਕਰ ਰਹੇ ਹਨ।