5 Dariya News

ਅਧਿਕਾਰੀ ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪੁੱਜਦਾ ਕਰਨਾ ਬਣਾਉਣ ਯਕੀਨੀ - ਦਲਵਿੰਦਰਜੀਤ ਸਿੰਘ

ਈ:ਸੇਵਾ ਪੈਡੈਂਸੀ ਖਤਮ ਕਰਨ ਲਈ ਦਿੱਤੇ ਨਿਰਦੇਸ਼

5 Dariya News

ਅੰਮ੍ਰਿਤਸਰ 04-Nov-2025

ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਭਲਾਈ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਹਰੇਕ ਵਿਅਕਤੀ ਨੂੰ ਪੁੱਜਦਾ ਕਰਨਾ ਯਕੀਨੀ ਬਣਾਇਆ ਜਾਵੇ ਕਿਉਂਕਿ ਸਰਕਾਰੀ ਸਕੀਮਾਂ ਦੀ ਸੇਵਾ ਵਿੱਚ ਜੇਕਰ ਕੋਈ ਕਮੀ ਰਹਿ ਜਾਂਦੀ ਹੈ ਤਾਂ ਸਰਕਾਰ ਦੇ ਅਕਸ ਤੇ ਇਸ ਦਾ ਮਾੜਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਜਿਲ੍ਹਾ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ। ਉਨ੍ਹਾਂ ਨੇ ਅਧਿਕਾਰੀਆਂ ਨੂੰ ਸਪਸ਼ਟ ਨਿਰਦੇਸ਼ ਦਿੱਤੇ ਕਿ ਈ ਸੇਵਾ ਪੈਡੈਂਸੀ ਨੂੰ ਤੁਰੰਤ ਖਤਮ ਕੀਤਾ ਜਾਵੇ। 

ਉਨ੍ਹਾਂ ਕਿਹਾ ਕਿ 10 ਦਿਨਾਂ ਦੇ ਅੰਦਰ ਅੰਦਰ ਈ ਸੇਵਾ ਪੈਡੈਂਸੀ ਦੀ ਮੁੜ ਸਮੀਖਿਆ ਕੀਤੀ ਜਾਵੇਗੀ। ਉਨ੍ਹਾਂ ਸਪਸ਼ਟ ਨਿਰਦੇਸ਼ ਦਿੰਦਿਆਂ ਕਿਹਾ ਕਿ ਪੈਡੈਂਸੀ ਚਾਹੇ ਕਿਸੇ ਵੀ ਪੱਧਰ ਤੇ ਕਿਉਂ ਨਾ ਹੋਵੇ ਦੀ ਜਿੰਮੇਵਾਰੀ ਸਬੰਧਤ ਮੁਖੀ ਦੀ ਹੁੰਦੀ ਹੈ। ਉਨ੍ਹਾਂ ਨੇ ਜਿਲ੍ਹਾ ਅਧਿਕਾਰੀਆਂ ਨੂੰ ਸਪਸ਼ਟ ਕੀਤਾ ਕਿ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਭਲਾਈ ਸਕੀਮਾਂ ਦੀ ਜਾਣਕਾਰੀ ਜਿਲੇ ਦੇ ਹਰੇਕ ਲਾਭਪਾਤਰੀ ਤੱਕ ਪੁੱਜਣੀ ਚਾਹੀਦੀ ਹੈ ਅਤੇ ਇਸ ਸਬੰਧੀ ਸਬੰਧਤ ਵਿਭਾਗ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਕੰਮ ਕਰਨ। 

ਉਨ੍ਹਾਂ ਕਿਹਾ ਕਿ ਜੇਕਰ ਤੁਹਾਨੂੰ ਕਿਸੇ ਹੋਰ ਵਿਭਾਗ ਪ੍ਰਤੀ ਕੋਈ ਸਮੱਸਿਆ ਪੇਸ਼ ਆਉਂਦੀ  ਹੈ ਤਾਂ ਤੁਰੰਤ ਮੇਰੇ ਧਿਆਨ ਵਿੱਚ ਲਿਆਂਦਾ ਜਾਵੇ ਤਾਂ ਜੋ ਸਮੇਂ ਸਿਰ ਸਮੱਸਿਆ ਦਾ ਨਿਪਟਾਰਾ ਕੀਤਾ ਜਾ ਸਕੇ। ਉਨ੍ਹਾਂ ਨੇ ਸਮੂਹ ਐਸ:ਡੀ:ਐਮਜ਼ ਨੂੰ ਕਿਹਾ ਕਿ ਉਹ ਆਪੋ ਆਪਣੇ ਅਧਿਕਾਰ ਖੇਤਰ ਅੰਦਰ ਚੱਲ ਰਹੇ ਵਿਕਾਸ ਕਾਰਜਾਂ ਦਾ ਖੁਦ ਜਾਇਜਾ ਲੈਣ ਅਤੇ ਸਾਫ ਸਫਾਈ ਵਿਵਸਥਾ ਤੇ ਸੜਕਾਂ ਦੀ ਮੁਰੰਮਤ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਸਾਰੇ ਬਹੁਤ ਭਾਗਸ਼ਾਲੀ ਹਾਂ ਕਿ ਸਾਨੂੰ ਗੁਰੂ ਨਗਰੀ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਅਸੀਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਕਰੀਏ।

ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰੋਹਿਤ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਵਧੀਕ ਕਮਿਸ਼ਨਰ ਨਗਰ ਨਿਗਮ ਸ੍ਰੀ ਸੁਰਿੰਦਰ ਸਿੰਘ,  ਐਸ:ਡੀ:ਐਮ ਅੰਮ੍ਰਿਤਸਰ- ਅਤੇ ਅੰਮ੍ਰਿਤਸਰ-2 ਕ੍ਰਮਵਾਰ ਸ੍ਰ ਗੁਰਸਿਮਰਨ ਸਿੰਘ ਅਤੇ ਸ੍ਰ ਮਨਕੰਵਲ ਸਿੰਘ ਚਾਹਲ, ਐਸ:ਡੀ:ਐਮ ਬਾਬਾ ਬਕਾਲਾ ਸ੍ਰ ਅਮਨਦੀਪ ਸਿੰਘ, ਐਸ:ਡੀ:ਐਮ ਅਜਨਾਲਾ ਸ੍ਰੀ ਰਵਿੰਦਰ ਸਿੰਘ, ਜਿਲ੍ਹਾ ਸਿਖਿਆ ਅਫਸਰ ਸੈਕੰਡਰੀ ਸ੍ਰੀ ਰਾਜੇਸ਼ ਸ਼ਰਮਾ, ਜਿਲ੍ਹਾ ਜੰਗਲਾਤ ਅਫਸਰ ਸ੍ਰੀ ਰਾਕੇਸ਼ ਕੁਮਾਰ, ਉਪ ਅਰਥ ਅੰਕੜਾ ਸਲਾਹਕਾਰ ਸ੍ਰੀ ਅਰੁਣ ਮਹਾਜਨ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ: ਨਵਰਾਜ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰ ਤਜਿੰਦਰ ਸਿੰਘ ਤੋਂ ਇਲਾਵਾ ਹੋਰ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।