ਦਲਬੀਰ ਸਿੰਘ ਟੌਂਗ ਵੱਲੋਂ ਛੱਜਲਵੱਢੀ ਅਤੇ ਤਿੰਮੋਵਾਲ ਵਿਖੇ 83 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨਾਂ ਦੀ ਸ਼ੁਰੂਆਤ
5 Dariya News
ਅੰਮ੍ਰਿਤਸਰ 03-Nov-2025
ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਸ. ਦਲਬੀਰ ਸਿੰਘ ਟੌਂਗ ਨੇ ਅੱਜ ਹਲਕੇ ਦੇ ਪ੍ਰਸਿੱਧ ਪਿੰਡ ਛੱਜਲਵੱਢੀ ਅਤੇ ਤਿੰਮੋਵਾਲ ਵਿਖੇ ਕਰੀਬ 83 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਮੈਦਾਨਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਹੋਏ ਪਿੰਡ ਵਾਸੀਆਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਸ ਟੌਂਗ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਜੋ ਪਿੰਡ ਪਿੰਡ ਆਧੁਨਿਕ ਸਹੂਲਤਾਂ ਵਾਲੇ ਖੇਡ ਮੈਦਾਨ ਬਣਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਹ ਖੇਡ ਮੈਦਾਨ ਉਸ ਪ੍ਰੋਜੈਕਟ ਦਾ ਹਿੱਸਾ ਹਨ।
ਉਹਨਾਂ ਕਿਹਾ ਕਿ ਸਰਕਾਰ ਦੀ ਇੱਛਾ ਹੈ ਕਿ ਪਿੰਡਾਂ ਵਿੱਚ ਖੇਡ ਮੈਦਾਨ ਵਿਕਸਿਤ ਕਰਕੇ ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਉਹ ਆਪਣਾ ਵਿਹਲਾ ਸਮਾਂ ਮੋਬਾਈਲ ਫੋਨਾਂ ਜਾਂ ਪਿੰਡ ਦੀਆਂ ਸੱਥਾਂ ਵਿੱਚ ਬਤੀਤ ਕਰਨ ਨਾਲੋਂ ਆਪਣੀ ਸਰੀਰਕ ਫਿਟਨਸ ਉੱਤੇ ਲਗਾਉਣ। ਉਹਨਾਂ ਕਿਹਾ ਕਿ ਇਸ ਨਾਲ ਇੱਕ ਤਾਂ ਨੌਜਵਾਨ ਨਸ਼ੇ ਤੋਂ ਦੂਰ ਹੋਣਗੇ, ਦੂਸਰਾ ਸਰੀਰਕ ਤੌਰ ਤੇ ਫਿਟ ਹੋਣ ਕਾਰਨ ਉਹ ਫੌਜ, ਪੁਲਿਸ, ਪੈਰਾ ਮਿਲਟਰੀ ਫੋਰਸਾਂ ਅਤੇ ਹੋਰ ਸਥਾਨਾਂ ਉੱਤੇ ਰੁਜ਼ਗਾਰ ਆਸਾਨੀ ਨਾਲ ਪ੍ਰਾਪਤ ਕਰ ਸਕਣਗੇ।
ਉਹਨਾਂ ਦੱਸਿਆ ਕਿ ਇਨਾਂ ਸਟੇਡੀਅਮ ਨੂੰ ਚੇਨ ਲਿੰਕ ਫੈਂਸਿੰਗ ਨਾਲ ਚਾਰ ਦੀਵਾਰੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸਟੇਡੀਅਮ ਵਿੱਚ ਬੱਚਿਆਂ ਲਈ ਬਾਥਰੂਮ, ਗਰਾਊਂਡ ਨੂੰ ਪਾਣੀ ਲਗਾਉਣ ਲਈ ਸਬਮਰਸੀਬਲ ਮੋਟਰਾਂ, ਹਾਈ ਮਾਸਕ ਲਾਈਟਾਂ ਅਤੇ ਘਾਹ ਨੂੰ ਪਾਣੀ ਦੇਣ ਲਈ ਸਪਰਿੰਕਲ ਸਿਸਟਮ ਵੀ ਲਗਾਏ ਜਾਣਗੇ। ਉਹਨਾਂ ਨੇ ਕਿਹਾ ਕਿ ਇਹ ਕੰਮ ਕੁਝ ਹੀ ਮਹੀਨਿਆਂ ਵਿੱਚ ਪੂਰਾ ਕਰਕੇ ਇਹ ਖੇਡ ਮੈਦਾਨ ਨੌਜਵਾਨਾਂ ਨੂੰ ਸਮਰਪਿਤ ਕਰ ਦਿੱਤੇ ਜਾਣਗੇ।
ਸ ਮੌਕੇ ਉਹਨਾਂ ਨਾਲ ਸੂਬੇਦਾਰ ਜਗੀਰ ਸਿੰਘ, ਮਾਤਾ ਗਿਆਨ ਕੌਰ, ਬੀਬੀ ਗਗਨਦੀਪ ਕੌਰ, ਅਮਰਜੀਤ ਕੌਰ ਗਿੱਲ, ਰਣਜੀਤ ਕੌਰ, ਅਜੀਤ ਸਿੰਘ, ਸੂਬੇਦਾਰ ਇੰਦਰਬੀਰ ਸਿੰਘ, ਪਤਵਿੰਦਰ ਸਿੰਘ, ਸੂਬੇਦਾਰ ਅਜੀਤ ਸਿੰਘ, ਬਲਾਕ ਪ੍ਰਧਾਨ ਸ਼ੁਭ ਕਰਮਨਜੀਤ ਸਿੰਘ, ਸਰਵਨ ਸਿੰਘ ਬੱਲ ਸਰਾਏ, ਸਰਪੰਚ ਕੁਲਬੀਰ ਸਿੰਘ , ਸਰਪੰਚ ਰਣਧੀਰ ਸਿੰਘ, ਐਕਸੀਅਨ ਕੁਲਵੰਤ ਸਿੰਘ, ਐਸਡੀਓ ਰਾਜਦੀਪ ਸਿੰਘ, ਸਰਪੰਚ ਕਰਮਜੀਤ ਸਿੰਘ, ਸਰਪੰਚ ਸੁਖਦੇਵ ਸਿੰਘ, ਬਲਵਿੰਦਰ ਸਿੰਘ , ਮੈਂਬਰ ਸੁਖਚੈਨ ਸਿੰਘ ਅਤੇ ਪਾਰਟੀ ਦੇ ਹੋਰ ਆਗੂ ਵੀ ਹਾਜ਼ਰ ਸਨ।