5 Dariya News

ਰਾਜਿੰਦਰਪਾਲ ਕੌਰ ਛੀਨਾ ਨੇ 31.33 ਲੱਖ ਰੁਪਏ ਦੀ ਲਾਗਤ ਵਾਲੇ ਦੋ ਪ੍ਰੋਜੈਕਟਾਂ ਦਾ ਰੱਖਿਆ ਨੀਂਹ ਪੱਥਰ

ਕਿਹਾ! ਹਲਕਾ ਲੁਧਿਆਣੀ ਦੱਖਣੀ 'ਚ ਵਿਕਾਸ ਪ੍ਰੋਜੈਕਟਾਂ ਦੀ ਚੱਲੀ ਹਨੇਰੀ

5 Dariya News

ਲੁਧਿਆਣਾ 10-Oct-2025

ਜਲ ਸਪਲਾਈ ਅਤੇ ਸੀਵਰੇਜ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਦੇ ਮੰਤਵ ਨਾਲ, ਵਿਧਾਨ ਸਭਾ ਹਲਕਾ ਲੁਧਿਆਣਾ ਦੱਖਣੀ ਤੋਂ ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਵਾਰਡ ਨੰਬਰ 32 ਅਧੀਨ ਕੈਂਪਾਕੋਲਾ ਰੋਡ 'ਤੇ 18.33 ਲੱਖ ਰੁਪਏ ਦੀ ਲਾਗਤ ਨਾਲ 16 ਇੰਚ ਦੀ ਆਰ.ਸੀ.ਸੀ. ਐਨ.ਪੀ-3 ਐਚ.ਡੀ.ਪੀ.ਈ. ਸੀਵਰੇਜ ਲਾਈਨ ਅਤੇ ਡਰੇਨੇਜ ਸਿਸਟਮ ਕਾਰਜ਼ਾਂ ਦੀ ਸ਼ੁਰੂਆਤ ਕਰਵਾਈ। ਇਸ ਤੋਂ ਇਲਾਵਾ ਵਾਰਡ ਨੰਬਰ 34 ਵਿੱਚ ਗੁਰੂ ਨਾਨਕ ਨਗਰ ਵਿਖੇ ਨਵੀਂ ਡੀ.ਆਈ.ਕੇ-7 ਪਾਣੀ ਦੀ ਲਾਈਨ ਵਿਛਾਉਣ ਦੇ ਕਾਰਜਾਂ ਦਾ ਉਦਘਾਟਨ ਕੀਤਾ।

ਵਿਧਾਇਕ ਛੀਨਾ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ 4 ਇੰਚ ਪਾਈਪਾਂ ਵਿਛਾਈਆਂ ਜਾਣਗੀਆਂ ਜਿਸ 'ਤੇ ਲਗਭਗ 13 ਲੱਖ ਰੁਪਏ ਖਰਚ ਕੀਤੇ ਜਾਣਗੇ।ਵਿਧਾਇਕ ਛੀਨਾ ਨੇ ਕਿਹਾ ਕਿ ਪਿਛਲੇ 20 ਸਾਲਾਂ ਤੋਂ ਲੋਕ ਦੂਸ਼ਿਤ ਪਾਣੀ ਪੀਣ ਲਈ ਮਜਬੂਰ ਸਨ ਪਰ ਹੁਣ ਨਵੀਆਂ ਲਾਈਨਾਂ ਵਿਛਾਉਣ ਨਾਲ ਨਾ ਸਿਰਫ਼ ਲੋਕਾਂ ਨੂੰ ਦੂਸ਼ਿਤ ਪਾਣੀ ਤੋਂ ਰਾਹਤ ਮਿਲੇਗੀ ਸਗੋਂ ਵਿਕਾਸ ਦਾ ਰਾਹ ਵੀ ਪੱਧਰਾ ਹੋਵੇਗਾ।

ਵਿਧਾਇਕ ਰਾਜਿੰਦਰਪਾਲ ਕੌਰ ਛੀਨਾ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਸਨੀਕਾਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਜਿਸਦੇ ਤਹਿਤ ਵਿਕਾਸ ਕਾਰਜਾਂ ਲਈ ਖੁੱਲਕੇ ਗਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।