5 Dariya News

ਰੁਪਿੰਦਰ ਸਿੰਘ ਹੈਪੀ ਵੱਲੋਂ ਬਸੀ ਪਠਾਣਾ ਵਿਖੇ 200 ਕੇ.ਵੀ.ਏ ਟਰਾਂਸਫਾਰਮਰ ਦਾ ਉਦਘਾਟਨ

5 Dariya News

ਬਸੀ ਪਠਾਣਾ 08-Oct-2025

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਾਸੀਆਂ ਨੂੰ ਪਾਵਰ ਕੱਟਾਂ ਤੋਂ ਸਥਾਈ ਤੌਰ 'ਤੇ ਮੁਕਤੀ ਦਿਵਾਉਣ ਲਈ ਰੌਸ਼ਨ ਪੰਜਾਬ ਮੁਹਿੰਮ ਆਰੰਭੀ ਗਈ ਹੈ ਜਿਸ ਨਾਲ ਆਉਣ ਵਾਲੇ ਸਮੇਂ ਅੰਦਰ ਸੂਬਾ ਵਾਸੀ ਵੱਡੀ ਰਾਹਤ ਮਹਿਸੂਸ ਕਰਨਗੇ। ਇਹ ਪ੍ਰਗਟਾਵਾ ਅੱਜ ਬਸੀ ਪਠਾਣਾ ਵਿਖੇ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਗੁੱਗਾ ਮਾੜੀ ਮੁਹੱਲਾ ਵਿਖੇ ਸਥਾਪਤ ਕੀਤੇ ਗਏ 200 ਕੇ.ਵੀ.ਏ ਦੇ ਨਵੇਂ ਟਰਾਂਸਫਾਰਮਰ ਦਾ ਉਦਘਾਟਨ ਕਰਦਿਆਂ ਕੀਤਾ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਦੀ ਅਗਵਾਈ ਹੇਠ ਪੀ.ਐਸ.ਪੀ.ਸੀ.ਐਲ ਵੱਡੀਆਂ ਤੇ ਲੋਕ ਪੱਖੀ ਪੁਲਾਂਘਾਂ ਪੁੱਟ ਰਿਹਾ ਹੈ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਵਧੀਕ ਨਿਗਰਾਨ ਇੰਜੀਨੀਅਰ ਸੁਰਿੰਦਰ ਸਿੰਘ ਬੈਂਸ ਦੀ ਮੌਜੂਦਗੀ ਵਿੱਚ ਟਰਾਂਸਫਾਰਮਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਪੰਜਾਬ ਵਾਸੀਆਂ ਵਿਸ਼ੇਸ਼ ਕਰਕੇ ਉਦਯੋਗਾਂ ਤੇ ਕਿਸਾਨਾਂ ਲਈ ਵੱਡੇ ਪੱਧਰ 'ਤੇ ਫਾਇਦੇਮੰਦ ਸਾਬਤ ਹੋਵੇਗੀ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕੀਤੇ ਜਾ ਰਹੇ ਅਜਿਹੇ ਕ੍ਰਾਂਤੀਕਾਰੀ ਫੈਸਲਿਆਂ ਨਾਲ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਹੈ।

ਉਨ੍ਹਾਂ ਕਿਹਾ ਕਿ ਬਿਜਲੀ ਨਾਲ ਸਬੰਧਤ ਸਮੱਸਿਆਵਾਂ ਦਾ ਵੀ ਫੌਰੀ ਹੱਲ ਕੀਤਾ ਜਾਂਦਾ ਹੈ ਅਤੇ ਪੀ.ਐਸ.ਪੀ.ਸੀ.ਐਲ ਇਸ ਗੱਲੋਂ ਕਾਫ਼ੀ ਜਿਆਦਾ ਚੌਕਸ ਹੈ ਕਿ ਬਿਜਲੀ ਖਪਤਕਾਰਾਂ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਬਲਾਕ ਪ੍ਰਧਾਨ ਕਸ਼ਮੀਰ ਸਿੰਘ, ਮੈਂਬਰ ਮੰਡੀ ਬੋਰਡ ਇੰਦਰਜੀਤ ਸਿੰਘ ਸਮੇਤ ਹੋਰ ਆਗੂ ਅਤੇ ਮੁਲਾਜ਼ਮ ਹਾਜ਼ਰ ਸਨ।