5 Dariya News

ਜਿਲਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਦਾਨ ਉਤਸਵ ਵੱਡਾ ਉਪਰਾਲਾ - ਡਾ. ਇੰਦਰਬੀਰ ਸਿੰਘ ਨਿਜਰ

ਜਿਲਾ ਵਾਸੀਆਂ ਨੂੰ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ ਦੀ ਕੀਤੀ ਅਪੀਲ

5 Dariya News

ਅੰਮ੍ਰਿਤਸਰ 04-Oct-2025

ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਲ੍ਹਾ ਪ੍ਰਸ਼ਾਸਨ ਅਤੇ ਰੈਡ ਕਰਾਸ ਅੰਮ੍ਰਿਤਸਰ ਵੱਲੋਂ ਅੰਮ੍ਰਿਤਸਰ ਵਿਖੇ ਲੋੜਵੰਦਾਂ ਦੀ ਸਹਾਇਤਾ ਲਈ ਸ਼ੁਰੂ ਕੀਤਾ ਗਿਆ ਦਾਨ ਉਤਸਵ ਨੇਕੀ ਦਾ ਵੱਡਾ ਉਪਰਾਲਾ ਹੈ ਅਤੇ ਜ਼ਿਲ੍ਹਾ ਵਾਸੀਆਂ ਨੂੰ ਖੁੱਲ ਕੇ ਇਸ ਨੇਕ ਕੰਮ ਦਾ ਸਾਥ ਦੇਣਾ ਚਾਹੀਦਾ ਹੈ। ਅੱਜ ਇਸ ਦਾਨ ਮੌਕੇ  ਵਿਸ਼ੇਸ਼ ਤੌਰ ਉਤੇ ਰਣਜੀਤ ਐਵੀਨਿਊ ਕਮਿਊਨਿਟੀ ਕੇਂਦਰ ਵਿਖੇ ਪੁੱਜੇ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾਕਟਰ ਇੰਦਰਬੀਰ ਸਿੰਘ ਨਿਜਰ ਨੇ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਦਾ ਇਹ ਉਪਰਾਲਾ ਬਹੁਤ ਸ਼ਲਾਘਾਯੋਗ ਹੈ ਕਿ ਉਹ ਸ਼ਹਿਰ ਦੀਆਂ ਵੱਖ-ਵੱਖ ਗੈਰ ਸਰਕਾਰੀ ਸੰਗਠਨਾਂ ਅਤੇ ਦਾਨੀ ਪੁਰਸ਼ਾਂ ਨਾਲ ਮਿਲ ਕੇ ਲੋੜਵੰਦਾਂ ਦੀ ਮਦਦ ਲਈ ਕੰਮ ਕਰ ਰਿਹਾ ਹੈ।

ਉਨਾਂ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਭ ਤੋਂ ਵੱਡਾ ਪੁੰਨ ਹੈ ਅਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਲੋੜਵੰਦਾਂ ਦੀ ਸਹਾਇਤਾ ਲਈ ਅੱਗੇ ਆਈਏ। ਉਨਾਂ ਨੇ ਨੋਜਵਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਉਹ ਲੋੜਵੰਦਾਂ ਦੀ ਮਦਦ ਲਈ ਅੱਗੇ ਆਉਣ।ਉਨਾਂ ਕਿਹਾ ਕਿ ਸਾਡੇ ਘਰਾਂ ਵਿੱਚ ਅਜਿਹਾ ਅਣ ਵਰਤਿਆ ਸਮਾਨ, ਜੋ ਕਿ ਸਾਡੀ ਲੋੜ ਵਿੱਚ ਨਹੀਂ ਆਇਆ ਅਤੇ ਨਾ ਹੀ ਅਗਾਂਹ ਆਉਣਾ ਹੈ ਉਸ ਨੂੰ ਆਪਣੇ ਘਰਾਂ ਵਿੱਚ ਸਾਂਭਣ ਦੀ ਥਾਂ ਦਾਨ ਉਤਸਵ ਵਿੱਚ ਦਿੱਤਾ ਜਾ ਸਕਦਾ ਹੈ, ਤਾਂ ਜੋ ਕਿਸੇ ਦੇ ਕੰਮ ਆ ਸਕੇ। 

ਉਨਾਂ ਕਿਹਾ ਕਿ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਹੈ ਕਿ ਇਸ ਦਾਨ ਉਤਸਵ ਵਿੱਚ ਕਈ ਸੰਸਥਾਵਾਂ ਬੜੇ ਉਤਸ਼ਾਹ ਨਾਲ ਭਾਗ ਲੈ ਰਹੀਆਂ ਹਨ। ਇਸ ਮੌਕੇ ਰੈਡ ਕ੍ਰਾਸ ਦੇ ਸੈਕਟਰੀ ਸ਼੍ਰੀ ਸੈਮਸਨ ਮਸੀਹ ਨੇ ਦੱਸਿਆ ਕਿ ਇਨਾਂ ਦਾਨ ਕੀਤੀਆਂ ਗਈਆਂ ਵਸਤੂਆਂ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਕੇ ਲੋੜਵੰਦਾਂ ਤੱਕ ਪਹੁੰਚਾਇਆ ਜਾਵੇਗਾ। ਉਨਾਂ ਦੱਸਿਆ ਕਿ ਇਹ ਦਾਨ ਉਤਸਵ ਕੇਵਲ ਦਾਨ ਦੀ ਭਾਵਨਾ ਨੂੰ ਅੱਗੇ  ਵਧਾਏਗਾ ਬਲਿਕ ਸਮਾਜ ਦੇ ਲੋੜਵੰਦ ਵਿਅਕਤੀਆਂ ਦੇ ਜੀਵਨ ਵਿੱਚ ਸਾਕਾਰਾਤਮਕ ਭੂਮਿਕਾ ਲਿਆਉਣ ਲਈ ਇਕ ਮਹੱਤਵਪੂਰਨ ਕਦਮ ਹੋਵੇਗਾ।  

ਉਨਾਂ ਦੱਸਿਆ ਕਿ ਅੱਜ ਦੇ ਇਸ ਦਾਨ ਉਤਸਵ ਵਿੱਚ ਲੋੜਵੰਦਾਂ ਨੂੰ ਵੰਡਣ ਲਈ ਵਰਤੇ ਹੋਏ ਕੱਪੜੇ, ਜੁੱਤੀਆਂ, ਖਿਡੌਣੇ, ਕਿਤਾਬਾਂ, ਇਲੈਕਟ੍ਰੋਨਿਕਸ ਅਤੇ ਹੋਰ ਮੁੜ ਵਰਤੋਂ ਯੋਗ ਵਸਤੂਆਂ  ਵੱਡੀ ਗਿਣਤੀ ਵਿੱਚ ਇਕੱਠੀਆਂ ਹੋਈਆਂ ਹਨ।