5 Dariya News

ਡਾ. ਅਮਨਦੀਪ ਕੌਰ ਅਰੋੜਾ ਤੇ ਸਾਗਰ ਸੇਤੀਆ ਨੇ ਕਰਵਾਈ ਝੋਨੇ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ

ਘੱਟ ਤੋਂ ਘੱਟ ਸਮੇਂ ਵਿੱਚ ਖਰੀਦੀ ਜਾਵੇਗੀ ਕਿਸਾਨਾਂ ਦੀ ਫਸਲ ਅਤੇ ਅਦਾਇਗੀ ਵੀ ਤਹਿ ਸਮਾਂ ਸੀਮਾਂ ਅੰਦਰ ਹੋਵੇਗੀ-ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ

5 Dariya News

ਮੋਗਾ 30-Sep-2025

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਸੀਜਨ ਦੌਰਾਨ ਕਿਸੇ ਵੀ ਕਿਸਾਨ ਨੂੰ ਸਮੱਸਿਆ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਸਾਰੀਆਂ ਮੰਡੀਆਂ ਵਿੱਚ ਮਹੱਤਵਪੂਰਨ ਸਹੂਲਤਾਂ ਉਪਲੱਬਧ ਹਨ। ਕਿਸਾਨ ਆਪਣੀ ਫਸਲ ਘੱਟ ਤੋਂ ਘੱਟ ਸਮੇਂ ਵਿੱਚ ਵੇਚ ਕੇ ਆਪਣੇ ਘਰ ਪਰਤਣਗੇ ਅਤੇ ਫਸਲ ਦੀ ਅਦਾਇਗੀ ਵੀ ਤਹਿ ਸਮਾਂ ਸੀਮਾਂ ਅੰਦਰ ਕੀਤੀ ਜਾਵੇਗੀ।

ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਮੋਗਾ ਡਾ. ਅਮਨਦੀਪ ਕੌਰ ਅਰੋੜਾ ਨੇ ਮੋਗਾ ਦਾਣਾ ਮੰਡੀ ਵਿੱਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ। ਇਸ ਮੌਕੇ ਉਹਨਾਂ ਨਾਲ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਵੀ ਮੌਜੂਦ ਸਨ। ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਨੇ ਸੀਜ਼ਨ ਦੀ ਸਫਲ ਸ਼ੁਰੂਆਤ ‘ਤੇ ਕਿਸਾਨਾਂ ਅਤੇ ਆੜਤੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਵਾਰ ਖਰੀਦ ਪਿਛਲੇ ਸਾਲਾਂ ਨਾਲੋਂ ਪਹਿਲਾਂ ਸ਼ੁਰੂ ਕੀਤੀ ਗਈ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਵਧੇਰੇ ਸਮਾਂ ਮਿਲ ਸਕੇ। 

ਉਨ੍ਹਾਂ ਨੇ ਅਪੀਲ ਕੀਤੀ ਕਿ ਕਿਸਾਨ ਸਿਰਫ਼ ਉਸੇ ਸਮੇਂ ਵਾਢੀ ਕਰਨ ਜਦੋਂ ਫਸਲ ਪੂਰੀ ਤਰ੍ਹਾਂ ਪੱਕ ਜਾਵੇ, ਤਾਂ ਜੋ ਨਿਰਧਾਰਤ 17 ਪ੍ਰਤੀਸ਼ਤ ਨਮੀ ਦੀ ਸੀਮਾ ਤੋਂ ਵੱਧ ਨਾ ਹੋਵੇ। ਵਿਧਾਇਕ ਨੇ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਅਤੇ ਸਥਾਨਕ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹਨ ਕਿ ਖਰੀਦ ਸੀਜ਼ਨ ਸੁਚਾਰੂ ਅਤੇ ਕਿਸਾਨ-ਹਿਤੈਸ਼ੀ ਹੋਵੇ ਤੇ  ਮੰਡੀਆਂ ‘ਚ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। 

ਫ਼ਸਲ ਦਾ ਇੱਕ-ਇੱਕ ਦਾਣਾ ਖਰੀਦਣ ਲਈ ਸਾਡੀ ਸਰਕਾਰ ਵਚਨਬੱਧ ਹੈ। ਇਸ ਮੌਕੇ ਮੌਜੂਦ ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਸਾਗਰ ਸੇਤੀਆ ਨੇ ਕਿਹਾ ਕਿ ਇਸ ਸੀਜਨ ਦੌਰਾਨ ਮੋਗਾ ਦੀਆਂ ਮੰਡੀਆਂ ਵਿੱਚ ਤਕਰੀਬਨ 11.75 ਲੱਖ ਮੀਟ੍ਰਿਕ ਟਨ ਝੋਨੇ ਦੀ ਫਸਲ ਆਉਣ ਦੀ ਸੰਭਾਵਨਾ ਹੈ। 

ਅੱਜ ਤੱਕ 37 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆਇਆ ਹੈ ਜਿਸ ਦੀ ਖਰੀਦ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਸਰਕਾਰੀ ਨਿਰਦੇਸ਼ਾਂ ਤਹਿਤ ਕਿਸਾਨਾਂ ਦੀ ਫਸਲ ਦੀ ਅਦਾਇਗੀ 24 ਤੋਂ 36 ਘੰਟਿਆਂ ਵਿੱਚ ਕਰਨੀ ਯਕੀਨੀ ਬਣਾਈ ਜਾਵੇਗੀ। ਉਹਨਾਂ ਅੱਗੇ ਕਿਹਾ ਕਿ ਕਿਸਾਨ ਸਿਰਫ਼ ਸੁੱਕਾ ਝੋਨਾ ਹੀ ਮੰਡੀਆਂ ਵਿੱਚ ਲਿਆਉਣ ਅਤੇ ਪਰਾਲੀ ਸਾੜਨ ਤੋਂ ਪਰਹੇਜ਼ ਕਰਦੇ ਹੋਏ ਜ਼ਿੰਮੇਵਾਰੀ ਨਾਲ ਫਸਲ ਦੀ ਰਹਿੰਦ-ਖੂੰਹਦ ਦਾ ਪ੍ਰਬੰਧਨ ਕਰਨ।

ਜ਼ਿਲ੍ਹੇ ਵਿੱਚ ਇਸ ਵਕਤ 108 ਮੰਡੀਆਂ ਕਾਰਜਸ਼ੀਲ ਹਨ ਜੇਕਰ ਕਿਸਾਨਾਂ ਦੀ ਸਹੂਲਤ ਲਈ ਹੋਰ ਆਰਜੀ ਮੰਡੀਆਂ ਖੋਲਣ ਦੀ ਲੋੜ ਹੋਈ ਤਾਂ ਪ੍ਰਸ਼ਾਸ਼ਨ ਪਹਿਲ ਤੇ ਆਧਾਰ ਤੇ ਕਰੇਗਾ। ਉਨਾਂ ਦੱਸਿਆ ਕਿ ਜ਼ਿਲੇ ਦੀਆਂ ਸਾਰੀਆਂ ਮੰਡੀਆਂ ਵਿੱਚ ਖਰੀਦ ਪ੍ਰਬੰਧਾਂ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਹਨ ਜਿੰਨਾਂ ਵਿੱਚ ਮੰਡੀਆਂ ਦੀ ਸਫ਼ਾਈ, ਲਾਈਟਾਂ, ਪੀਣ ਵਾਲਾ ਸਾਫ਼ ਪਾਣੀ, ਨਮੀ ਮੀਟਰ, ਤਰਪਾਲਾਂ ਆਦਿ ਪ੍ਰਬੰਧ ਸ਼ਾਮਿਲ ਹਨ।

ਉਹਨਾਂ ਦੱਸਿਆ ਕਿ ਖਰੀਦ ਏਜੰਸੀਆਂ ਨੂੰ ਉਨਾਂ ਦੇ ਝੋਨੇ ਦੀ ਖਰੀਦ ਦੇ ਟੀਚੇ ਦੇ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਕਿਸਾਨ ਸ਼ਾਮ 6 ਵਜੇ ਤੋਂ ਸਵੇਰੇ 10 ਵਜੇ ਤੱਕ ਕੰਬਾਇਨਾਂ ਨਾਲ ਝੋਨਾ ਕੱਟਣ ਤੇ ਲਗਾਏ ਪਾਬੰਦੀ ਆਦੇਸ਼ਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣ।