5 Dariya News

ਰੁਪਿੰਦਰ ਸਿੰਘ ਹੈਪੀ ਨੇ ਅਨਾਜ ਮੰਡੀ ਬਸੀ ਪਠਾਣਾ ਤੇ ਨੰਦਪੁਰ ਕਲੌੜ ਵਿਖੇ ਝੋਨੇ ਦੀ ਖਰੀਦ ਸ਼ੁਰੂ ਕਰਵਾਈ

ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਲਈ ਮੰਡੀਆਂ ਵਿੱਚ ਕੀਤੇ ਪੁਖਤਾ ਇੰਤਜ਼ਾਮ-ਵਿਧਾਇਕ ਹੈਪੀ

5 Dariya News

ਬਸੀ ਪਠਾਣਾ/ਫ਼ਤਹਿਗੜ੍ਹ ਸਾਹਿਬ 25-Sep-2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕਿਸਾਨ ਪੱਖੀ ਸੋਚ ਸਦਕਾ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਅਨਾਜ ਮੰਡੀਆਂ ਵਿੱਚ ਸਾਰੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਆਪਣੀ ਫਸਲ ਵੇਚਣ ’ਚ ਕੋਈ ਮੁਸ਼ਕਲ ਪੇਸ਼ ਨਾ ਆਵੇ। ਇਹ ਪ੍ਰਗਟਾਵਾ ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਅਨਾਜ ਮੰਡੀ ਬਸੀ ਪਠਾਣਾ ਵਿਖੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਉਣ ਮੌਕੇ ਕੀਤਾ।

ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਹਮੇਸ਼ਾਂ ਹੀ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਉਣ ਲਈ ਅਹਿਮ ਯੋਗਦਾਨ ਪਾਇਆ ਹੈ ਅਤੇ ਰਾਜ ਸਰਕਾਰ ਵੱਲੋਂ ਸੂਬੇ ਦੇ ਮਿਹਨਤੀ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਮੰਡੀਆਂ ਵਿੱਚ ਕਿਸਾਨਾਂ ਦੀ ਫਸਲ ਖਰੀਦਣ ਲਈ  ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਕੀਤੀਆਂ ਹਨ ਕਿ ਮੰਡੀਆਂ ਵਿੱਚ ਆਉਣ ਵਾਲੇ ਝੋਨੇ ਦੀ ਨਾਲੋ-ਨਾਲ ਖਰੀਦ ਤੇ ਲਿਫਟਿੰਗ ਯਕੀਨੀ ਬਣਾਈ ਜਾਵੇ। 

ਇਸ ਉਪਰੰਤ ਉਹਨਾਂ ਨੇ ਅਨਾਜ ਮੰਡੀ ਨੰਦਪੁਰ ਕਲੌੜ ਵਿਖੇ ਵੀ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀਆਂ ਵਿੱਚ ਸੁੱਕਾ ਝੋਨਾ ਹੀ ਲੈ ਕੇ ਆਉਣ ਤਾਂ ਜੋ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਵਿੱਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ। 

ਉਨ੍ਹਾਂ ਇਹ ਵੀ ਕਿਹਾ ਕਿ ਸ਼ਾਮ 06:00 ਵਜੇ ਤੋਂ ਸਵੇਰੇ 10:00 ਵਜੇ ਤੱਕ ਕੰਬਾਇਨਾਂ ਨਾਲ ਝੋਨੇ ਦੀ ਕਟਾਈ ਨਾ ਕਰਵਾਈ ਜਾਵੇ। ਉਨ੍ਹਾਂ ਇਹ ਅਪੀਲ ਵੀ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਵਿੱਚ ਹੀ ਵਾਹੁਣ ਨੂੰ ਤਰਜ਼ੀਹ ਦਿੱਤੀ ਜਾਵੇ ਤੇ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਸਬਸਿਡੀ ਤੇ ਦਿੱਤੀ ਗਈ ਖੇਤੀ ਮਸ਼ੀਨਰੀ ਦੀ ਵੱਧ ਤੋ ਵੱਧ ਵਰਤੋਂ ਕੀਤੀ ਜਾਵੇ।

ਇਸ ਮੌਕੇ ਸਕੱਤਰ ਕੰਵਲਜੀਤ ਸਿੰਘ, ਮਨਮੀਤ ਸਿਆਲ, ਵਿਕਾਸ ਗੁਪਤਾ, ਚੇਅਰਮੈਨ ਮਨਪ੍ਰੀਤ ਸਿੰਘ ਸੋਮਲ, ਬਲਦੇਵ ਸਿੰਘ ਦਮਹੇੜੀ, ਹਰਵਿੰਦਰ ਸਿੰਘ ਧਾਲੀਵਾਲ , ਸਰਪੰਚ ਗੁਰਿੰਦਰ ਸਿੰਘ ਮਾਨ, ਨਰਿੰਦਰਪਾਲ ਕੌਰ, ਯਾਦਵਿੰਦਰ ਸਿੰਘ ਫੂਡ ਸਪਲਾਈ, ਅਸ਼ਵਨੀ ਗੌਤਮ ਇੰਸ: ਪਨਸਪ, ਹਰਜੀਤ ਸਿੰਘ ਚੀਮਾ, ਲੇਖਾਕਾਰ ਸੁਖਦੇਵ ਸਿੰਘ ਤੇ ਰਸ਼ਵਿੰਦਰ ਸਿੰਘ ਕਲੋਂਦੀ ਹਾਜ਼ਰ ਸਨ।