5 Dariya News

ਮਿਸ਼ਨ ਚੜ੍ਹਦੀ ਕਲਾ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਨੇ ਕਲਗੀਧਰ ਟਰਸਟ ਦੇ ਸਹਿਯੋਗ ਨਾਲ ਸੰਦੀਪ ਸਿੰਘ ਨੂੰ ਦਿੱਤਾ ਘਰ

5 Dariya News

ਅੰਮ੍ਰਿਤਸਰ 25-Sep-2025

ਹੜ ਨਾਲ ਲੋਕਾਂ ਦੇ ਹੋਏ ਨੁਕਸਾਨ ਦੀ ਪੂਰਤੀ ਅਤੇ ਬੇਘਰੇ ਲੋਕਾਂ ਨੂੰ ਮੁੜ ਵਸਾਉਣ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਚੜ੍ਹਦੀ ਕਲਾ ਤਹਿਤ ਜਿਲਾ ਪ੍ਰਸ਼ਾਸਨ ਅੰਮ੍ਰਿਤਸਰ ਨੇ ਕਲਗੀਧਰ ਟਰਸਟ ਬੜੂ ਸਾਹਿਬ ਦੇ ਸਹਿਯੋਗ ਨਾਲ ਪਿੰਡ ਮੁਜੱਫਰਪੁਰ ਵਾਸੀ ਸੰਦੀਪ ਸਿੰਘ, ਜਿਸ ਦਾ ਮਕਾਨ ਹੜਾਂ ਨਾਲ ਢਹਿ ਗਿਆ ਸੀ ਨੂੰ ਘਰ ਦੀ ਸਹੂਲਤ ਦਿੱਤੀ ਹੈ। ਦੱਸਣ ਯੋਗ ਹੈ ਕਿ ਬੀਤੇ ਦਿਨੀਂ ਲੋਪੋਕੇ ਦੇ ਅਧੀਨ ਆਉਂਦੇ ਪਿੰਡ ਮਜੁਫਰਪੁਰ ਦੇ ਰਹਿਣ ਵਾਲੇ ਸ੍ਰ ਸੰਦੀਪ ਸਿੰਘ ਦੇ ਬੁਰੀ ਤਰ੍ਹਾਂ ਨੁਕਸਾਨੇ ਗਏ ਮਕਾਨ ਦੀ ਵੀਡਿਓ ਇੱਕ ਪੱਤਰਕਾਰ ਦੁਆਰਾ  ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪਾਈ ਗਈ ਸੀ, ਇਹ ਵੀਡੀਓ ਅੰਮਿਤਸਰ ਦੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਦੇ ਧਿਆਨ ਵਿੱਚ ਆਈ ਤਾਂ ਉਨ੍ਹਾਂ ਉਸੇ ਵੇਲੇ ਸ੍ਰ ਸੰਦੀਪ ਸਿੰਘ ਦਾ ਦਰਦ ਵੇਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸ਼ੁਰੂ ਕੀਤੇ ਗਏ ਸਾਂਝੇ ਉਪਰਾਲੇ, ਜਿਸ ਵਿੱਚ ਕਲਗੀਧਰ ਟਰੱਸਟ ਵੱਡਾ ਸਹਿਯੋਗ ਕਰ ਰਿਹਾ ਹੈ, ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸੰਦੀਪ ਸਿੰਘ ਲਈ ਘਰ ਤਿਆਰ ਕਰਨ ਦਾ ਕੰਮ ਆਰੰਭ ਦਿੱਤਾ।

ਅੱਜ ਟਰਸਟ ਦੇ ਸਹਿਯੋਗ ਨਾਲ 2 ਕਮਰਿਆਂ, ਬਾਥਰੂਮ ਅਤੇ ਰਸੋਈ ਵਾਲਾ ਮੁਕੰਮਲ ਮਕਾਨ ਤਿਆਰ ਕਰ ਕੇ ਸੰਦੀਪ ਸਿੰਘ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵਿਸ਼ੇਸ਼ ਤੌਰ ਉੱਤੇ ਪਰਿਵਾਰ ਨੂੰ ਮਿਲਣ ਪੁੱਜੇ। ਉਨ੍ਹਾਂ ਨੇ ਸੰਦੀਪ ਸਿੰਘ ਅਤੇ ਪਰਿਵਾਰ ਨੂੰ ਨਵੇਂ ਮਕਾਨ ਦੀ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। 

ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਹਰ ਵੇਲੇ ਤੁਹਾਡੇ ਨਾਲ ਹੈ। ਸ ਸੰਦੀਪ ਸਿੰਘ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਅਤੇ ਕਲਗੀਧਰ ਟਰਸਟ  ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਐਸ:ਡੀ:ਐਮ ਲੋਪੋਕੇ ਸ੍ਰੀ ਸੰਜੀਵ ਕੁਮਾਰ, ਕਲਗੀਧਰ ਟਰੱਸਟ ਤੋਂ ਸ੍ਰ ਗੁਰਮੇਜ ਸਿੰਘ, ਸ੍ਰ ਇੰਦਰਪ੍ਰੀਤ ਸਿੰਘ, ਸ੍ਰ ਰਮਿੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੀ ਮੈਂਬਰ ਹਾਜਰ ਸਨ।