5 Dariya News

ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਮੰਡੀ ਗੋਬਿੰਦਗੜ੍ਹ ਵਿਖੇ 4.56 ਕਰੋੜ ਦੀ ਲਾਗਤ ਵਾਲੇ ਸਵੀਮਿੰਗ ਪੂਲ ਦਾ ਨੀਂਹ ਪੱਥਰ ਰੱਖਿਆ

ਛੇ ਮਹੀਨਿਆਂ ਦੇ ਅੰਦਰ ਅੰਦਰ ਹੋਵੇਗਾ ਮੁਕੰਮਲ, ਮਾਹਿਰ ਕੋਚ ਦੇਵੇਗਾ ਤੈਰਾਕੀ ਦੀ ਸਿਖਲਾਈ -ਗੈਰੀ ਬੜਿੰਗ

5 Dariya News

ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ 25-Sep-2025

ਵਿਧਾਨ ਸਭਾ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅੱਜ ਮੰਡੀ ਗੋਬਿੰਦਗੜ੍ਹ ਦੇ ਜਿੰਮਖਾਨਾ ਕਲੱਬ ਵਿਖੇ 4.56 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਆਲ ਵੈਦਰ ਸਵੀਮਿੰਗ ਪੂਲ (ਸਾਰੇ ਮੌਸਮਾਂ ਦੇ ਅਨੁਕੂਲ) ਦਾ ਨੀਂਹ ਪੱਥਰ ਰੱਖਿਆ।ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਇਸ ਸਵੀਮਿੰਗ ਪੂਲ ਦੇ ਬਣਨ ਨਾਲ ਇਲਾਕੇ ਦੇ ਲੋਕਾਂ ਦੀ ਲੰਮੇਂ ਸਮੇਂ ਤੋਂ ਚੱਲ ਰਹੀ ਮੰਗ ਪੂਰੀ ਹੋਵੇਗੀ ਅਤੇ ਇਸ ਸਵੀਮਿੰਗ ਪੂਲ ਦਾ ਕੰਮ ਆਉਂਦੇ 6 ਮਹੀਨਿਆਂ ਅੰਦਰ ਪੂਰਾ ਕਰ ਲਿਆ ਜਾਵੇਗਾ। 

ਉਨ੍ਹਾਂ ਦੱਸਿਆ ਕਿ ਲੋਕਾਂ ਲਈ ਇਸ ਪੂਲ ਵਿੱਚ ਸਰਦੀਆਂ ਦੌਰਾਨ ਗਰਮ ਪਾਣੀ ਤੇ ਗਰਮੀਆਂ ਦੌਰਾਨ ਤਾਜ਼ੇ ਪਾਣੀ ਦੀ ਸੁਵਿਧਾ ਉਪਲਬਧ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਸਵੀਮਿੰਗ ਪੂਲ ਦਾ ਆਕਾਰ, ਓਲੰਪਿਕ ਸਵੀਮਿੰਗ ਪੂਲ ਦੇ ਨਾਲੋਂ ਅੱਧਾ ਹੋਵੇਗਾ ਜਿਥੇ ਕਿ ਮਾਹਰ ਤੈਰਾਕੀ ਕੋਚ ਵੱਲੋਂ ਸਿਖਲਾਈ ਦਿੱਤੀ ਜਾਵੇਗੀ। 

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਵੀਮਿੰਗ ਪੂਲ ਦਾ ਲਾਭ, ਮੰਡੀ ਗੋਬਿੰਦਗੜ੍ਹ ਦਾ ਕੋਈ ਵੀ ਵਿਅਕਤੀ ਲੈ ਸਕੇਗਾ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਦੱਸਿਆ ਕਿ ਸਵੀਮਿੰਗ ਪੂਲ ਦੇ ਨਾਲ-ਨਾਲ ਚੇਜਿੰਗ ਰੂਮ, ਕੋਚ ਦਾ ਕਮਰਾ ਅਤੇ ਲੜਕੇ ਤੇ ਲੜਕੀਆਂ ਲਈ ਵੱਖਰੇ ਪਖਾਨੇ ਬਣਾਏ ਜਾਣਗੇ। 

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਵਿਕਾਸ ਪੱਖੀ ਸੋਚ ਸਦਕਾ ਪੰਜਾਬ ਸਰਕਾਰ, ਸੂਬੇ ਦੇ ਸਰਵਪੱਖੀ ਵਿਕਾਸ ਲਈ ਮਹੱਤਵਪੂਰਨ ਉਪਰਾਲੇ ਕਰ ਰਹੀ ਹੈ ਜਿਸ ਨਾਲ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਮੁਹੱਈਆ ਹੋਣਗੀਆਂ। ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਕਿਹਾ ਕਿ ਪੰਜਾਬ ਵਿੱਚ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਸੱਤਾ ਸੰਭਾਲੀ ਹੈ ਉਦੋਂ ਤੋਂ ਹੀ ਲੋਕਾਂ ਦੇ ਵਿਆਪਕ ਹਿੱਤਾਂ ਨੂੰ ਯਕੀਨੀ ਬਣਾਉਣ ਲਈ ਕਈ ਇਤਿਹਾਸਕ ਫੈਸਲੇ ਕੀਤੇ ਗਏ ਹਨ ਅਤੇ ਹੁਣ ਹਰੇਕ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦੇ ਮੁਫ਼ਤ ਇਲਾਜ ਦੀ ਸਹੂਲਤ ਦੇ ਕੇ ਸਰਕਾਰ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ। 

ਉਨ੍ਹਾਂ ਕਿਹਾ ਕਿ ਮੰਡੀ ਗੋਬਿੰਦਗੜ੍ਹ ਦੇ ਲੋਕਾਂ ਨਾਲ ਸਵੀਮਿੰਗ ਪੂਲ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਕਿ ਅਗਲੇ ਛੇ ਮਹੀਨਿਆਂ ਦੇ ਅੰਦਰ ਅੰਦਰ ਪੂਰਾ ਹੋ ਰਿਹਾ ਹੈ। ਇਸ ਮੌਕੇ ਨਗਰ ਕੌਂਸਲ ਮੰਡੀ ਗੋਬਿੰਦਗੜ੍ਹ ਦੇ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਿੰਸ ਸਮੇਤ ਵੱਡੀ ਗਿਣਤੀ ਵਿੱਚ ਹੋਰ ਸ਼ਖਸ਼ੀਅਤਾਂ ਵੀ ਹਾਜ਼ਰ ਸਨ।