ਸਾਕਸ਼ੀ ਸਾਹਨੀ ਨੇ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਹੀਰੋ ਕਿਸਾਨ ਪ੍ਰਸੰਸ਼ਾ ਪੱਤਰ ਦੇ ਕੇ ਕੀਤਾ ਸਨਮਾਨਤ
ਕਿਹਾ ਕਿ- ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੇ ਸਰਕਾਰੀ ਦਵਾਰੇ ਕੰਮ ਹੋਣਗੇ ਪਹਿਲ ਦੇ ਅਧਾਰ ਤੇ
5 Dariya News
ਅੰਮ੍ਰਿਤਸਰ 19-Sep-2025
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਮਜੀਠਾ ਹਲਕੇ ਦੇ ਪਿੰਡ ਸੋਹੀਆਂ ਕਲਾਂ ਅਤੇ ਅਜੈਬਵਾਲੀ ਵਿਖੇ ਕਿਸਾਨਾਂ ਦੇ ਖੇਤਾਂ ਵਿਚ ਪਹੁੰਚ ਕੇ ਜਿਲ੍ਹੇ ਦੇ ਛੋਟੇ ਤੇ ਸੀਮਾਂਤ ਕਿਸਾਨਾਂ ਜਿੰਨਾਂ ਨੇ ਪਰਾਲੀ ਨੂੰ ਅੱਗ ਨਹੀਂ ਸੀ ਲਗਾਈ ਨੂੰ ਵਿਸ਼ੇਸ ਤੌਰ ਤੇ ਹੀਰੋ ਕਿਸਾਨ ਪ੍ਰਸੰਸ਼ਾ ਪੱਤਰ ਦੇ ਕੇ ਸਨਮਾਨਤ ਕਰਦਿਆਂ ਕਿਹਾ ਕਿ ਤੁਸੀ ਸਾਡੇ ਹੀਰੋਜ਼ ਹੋ ਜੋ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਇਕ ਮਿਸਾਲ ਕਾਇਮ ਕਰ ਰਹੇ ਹੋ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਦੇ ਸਰਕਾਰੀ ਦਵਾਰੇ ਕੰਮ ਪਹਿਲ ਤੇ ਆਧਾਰ ਤੇ ਕੀਤੇ ਜਾਣਗੇ। ਉਨ੍ਹਾ ਨੇ ਅੱਜ ਸੇਵਾ ਕੇਂਦਰ ਵਿਖੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਤਰਜੀਹੀ ਕਾਰਡ ਕਾਊੱਟਰ ਦਾ ਉਦਘਾਟਨ ਵੀ ਕੀਤਾ ਅਤੇ ਕਿਸਾਨਾਂ ਨੂੰ ਤਰਜੀਹੀ ਕਾਰਡ ਵੀ ਵੱਡੇ ਗਏ।
ਉਨਾਂ ਦੱਸਿਆ ਕਿ ਇਹ ਕਿਸਾਨ ਤਰਜੀਹ ਕਾਰਡ ਸੇਵਾ ਕੇਂਦਰਾਂ, ਫਰਦ ਕੇਂਦਰ ਅਤੇ ਹੋਰ ਸਰਕਾਰੀ ਕੰਮਾਂ ਲਈ ਤੁਹਾਡੇ ਵੱਲੋਂ ਵਰਤੇ ਜਾ ਸਕਣਗੇ ਜਿਥੇ ਤੁਹਾਡੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਸਰਕਾਰੀ ਦਫਤਰਾਂ ਵਿੱਚ ਤੁਹਾਡੀ ਪਾਰਕਿੰਗ ਮੁਫ਼ਤ ਹੋਵੇਗੀ।
ਸ੍ਰੀਮਤੀ ਸਾਹਨੀ ਨੇ ਦੱਸਿਆ ਕਿ ਇਸ ਤੋ ਇਲਾਵਾ ਪ੍ਰਸਾਸ਼ਨ ਵੱਲੋਂ ਖੇਤੀ ਸੰਦ ਵੇਚਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਨਾਲ ਵੀ ਤਾਲਮੇਲ ਕੀਤਾ ਗਿਆ ਹੈ ਅਤੇ ਉਨ੍ਹਾਂ ਕੰਪਨੀਆਂ ਵਲੋ ਕਿ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਉਨ੍ਹਾਂ ਨੂੰ ਖੇਤੀ ਸੰਦਾਂ ਤੇ ਛੋਟ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਤੋਂ ਇਲਾਵਾ ਹੋਰ ਵੀ ਨਿੱਜੀ ਖੇਤਰ ਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕੀਤਾ ਗਿਆ ਹੈ ਜੋ ਅਗਾਂਹਵਧੂ ਕਿਸਾਨਾਂ ਨੂੰ ਆਪਣੇ ਸਮਾਨ ਤੇ ਛੋਟ ਮੁਹੱਈਆ ਕਰਵਾਉਣਗੀਆਂ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਨੂੰ ਸਰਕਾਰ ਵੱਲੋਂ ਕਰਵਾਏ ਜਾਂਦੇ ਸਮਾਗਮਾਂ ਵਿੱਚ ਵੀ ਵਿਸ਼ੇਸ਼ ਸੱਦਾ ਪੱਤਰ ਦਿੱਤੇ ਭੇਜੇ ਜਾਣਗੇ ਤਾਂ ਜੋ ਇਨ੍ਹਾਂ ਸਮਾਗਮਾਂ ਵਿੱਚ ਸ਼ਿਰਕਤ ਕਰ ਸਕਣ। ਇਸ ਮੌਕੇ ਆਏ ਹੋਏ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਵਲੋ ਜੋ ਸਾਨੂੰ ਤਰਜੀਹੀ ਕਾਰਡ ਦਿੱਤਾ ਗਿਆ ਹੈ,ਇਸ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪ੍ਰਸ਼ਾਸਨ ਕਿਸਾਨਾਂ ਦੀ ਹੱਲਾਸ਼ੇਰੀ ਕਰ ਰਿਹਾ ਹੈ ਜਿਸ ਤੋ ਕਿ ਹੋਰ ਕਿਸਾਨ ਵੀ ਪ੍ਰੇਰਨਾ ਲੈਣਗੇ ਅਤੇ ਉਹ ਵੀ ਪਰਾਲੀ ਨੂੰ ਅੱਗ ਨਹੀ ਲਗਾਉਣਗੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰੋਹਿਤ ਗੁਪਤਾ, ਖੇਤੀਬਾੜੀ ਵਿਭਾਗ ਤੋ ਡਾ: ਰਮਨ ਕੁਮਾਰ, ਸ: ਤੇਜਿੰਦਰ ਸਿੰਘ ਤੋ ਇਲਾਵਾ ਹੋਰ ਵੀ ਹਾਜ਼ਰ ਸਨ।