5 Dariya News

ਸੋਹਾਣਾ ਹਸਪਤਾਲ ’ਚ ਬੱਚਾ ਬਦਲਣ ਦੇ ਦੋਸ਼ ਝੂਠੇ ਸਾਬਤ

ਡੀ.ਐਨ.ਏ. ਰਿਪੋਰਟ ਨੇ ਬੱਚੀ ਨੂੰ ਦੋਸ਼ ਲਾਉਣ ਵਾਲੇ ਮਾਪਿਆਂ ਦੀ ਹੀ ਧੀ ਸਾਬਤ ਕੀਤਾ

5 Dariya News

ਮੋਹਾਲੀ 19-Sep-2025

ਪਿਛਲੇ ਦਿਨੀਂ ਸੋਹਾਣਾ ਹਸਪਤਾਲ ਵਿੱਚ ਬੱਚਾ ਬਦਲਣ ਦੇ ਦੋਸ਼ਾਂ ’ਤੇ ਉੱਠੇ ਹੰਗਾਮੇ ਦੀ ਜਾਂਚ ਲਈ ਕਰਵਾਈ ਗਈ ਡੀ.ਐਨ.ਏ. ਰਿਪੋਰਟ ਆ ਗਈ ਹੈ। ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਅੱਜ ਸ਼ੁੱਕਰਵਾਰ ਨੂੰ ਖੋਲ੍ਹੀ ਗਈ ਇਸ ਰਿਪੋਰਟ ਨੇ ਸਾਰੇ ਸ਼ੱਕਾਂ ਨੂੰ ਦੂਰ ਕਰ ਦਿੱਤਾ ਹੈ। ਰਿਪੋਰਟ ਵਿੱਚ ਪੁਸ਼ਟੀ ਹੋਈ ਹੈ ਕਿ ਕਰਨਾਲ ਦੇ ਰਹਿਣ ਵਾਲੇ ਦੋਸ਼ ਲਗਾਉਣ ਵਾਲੇ ਜੋੜੇ ਸੰਦੀਪ ਸਿੰਘ ਅਤੇ ਉਨ੍ਹਾਂ ਦੀ ਪਤਨੀ ਰਮਨਦੀਪ ਕੌਰ ਹੀ ਬੱਚੀ ਦੇ ਅਸਲੀ ਮਾਤਾ-ਪਿਤਾ ਹਨ।

ਇਹ ਮਾਮਲਾ ਉਦੋਂ ਉਜਾਗਰ ਹੋਇਆ ਸੀ ਜਦੋਂ ਸੰਦੀਪ ਸਿੰਘ ਦੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਹਸਪਤਾਲ ਸਟਾਫ਼ ਨੇ ਪਹਿਲਾਂ ਉਨ੍ਹਾਂ ਨੂੰ ਪੁੱਤਰ ਦੇ ਜਨਮ ਦੀ ਵਧਾਈ ਦਿੱਤੀ ਅਤੇ ਫਿਰ ਕੁੱਝ ਸਮੇਂ ਬਾਅਦ ਦੱਸਿਆ ਕਿ ਧੀ ਹੋਈ ਹੈ। ਸੰਦੀਪ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਦੀਆਂ ਪਹਿਲਾਂ ਹੀ ਦੋ ਧੀਆਂ ਹਨ ਅਤੇ ਇਸ ਜਾਣਕਾਰੀ ਦੇ ਬਦਲਾਅ ਕਾਰਨ ਉਨ੍ਹਾਂ ਨੂੰ ਬੱਚਾ ਬਦਲਣ ਦਾ ਸ਼ੱਕ ਹੋਇਆ। ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੇ ਪੁਲਿਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਸ਼ਿਕਾਇਤ ਕੀਤੀ ਸੀ, ਜਿਸ ਤੋਂ ਬਾਅਦ ਡੀ.ਐਨ.ਏ. ਟੈਸਟ ਕਰਵਾਉਣ ਦਾ ਫੈਸਲਾ ਲਿਆ ਗਿਆ।

ਧੀ ਤੇ ਪੁੱਤਰ ਵਿੱਚ ਕੋਈ ਫਰਕ ਨਹੀਂ: ਸਮਾਜਿਕ ਜ਼ਿੰਮੇਵਾਰੀ ਦਾ ਸੁਨੇਹਾ

ਰਿਪੋਰਟ ਦੇ ਸਹੀ ਸਾਬਤ ਹੋਣ ਤੋਂ ਬਾਅਦ, ਸੰਦੀਪ ਸਿੰਘ ਅਤੇ ਰਮਨਦੀਪ ਕੌਰ ਨੇ ਆਪਣੀ ਬੱਚੀ ਨੂੰ ਸਵੀਕਾਰ ਕਰ ਲਿਆ ਹੈ। ਇਸ ਘਟਨਾ ਤੋਂ ਇਹ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਸਮਾਜ ਵਿੱਚ ਧੀ ਅਤੇ ਪੁੱਤਰ ਵਿਚਕਾਰ ਕੋਈ ਫਰਕ ਨਹੀਂ ਹੈ ਅਤੇ ਇੱਕ ਧੀ ਦਾ ਜਨਮ ਮਾਣ ਵਾਲੀ ਗੱਲ ਹੈ।

ਇਸ ਮੌਕੇ, ਸੋਹਾਣਾ ਹਸਪਤਾਲ ਦੇ ਸੀ.ਈ.ਓ  ਗਗਨ ਦੀਪ  ਸਿੰਘ  ਸਚਦੇਵਾ ਅਤੇ  ਮੁੱਖ ਪ੍ਰਸ਼ਾਸਕ ਆਦਰਸ਼ ਸੂਰੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਜਦੋਂ ਸੰਦੀਪ ਸਿੰਘ ਵੱਲੋਂ ਇਹ ਮਾਮਲਾ ਉਠਾਇਆ ਗਿਆ ਸੀ, ਤਾਂ ਹਸਪਤਾਲ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਨਿਰਪੱਖ ਜਾਂਚ ਵਿੱਚ ਸਹਿਯੋਗ ਦਿੱਤਾ। ਪੁਲਿਸ ਦੀ ਮੌਜੂਦਗੀ ਵਿੱਚ ਹੀ ਮਾਤਾ-ਪਿਤਾ ਦੇ ਡੀ.ਐਨ.ਏ. ਦੇ ਨਮੂਨੇ ਲੈ ਕੇ ਜਾਂਚ ਲਈ ਸੂਬੇ ਤੋਂ ਬਾਹਰ ਭੇਜੇ ਗਏ ਸਨ। 

ਆਦਰਸ਼ ਸੂਰੀ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਇਸ ਸਾਰੀ ਘਟਨਾ ਦੌਰਾਨ ਹਸਪਤਾਲ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦੇ ਹੋਏ ਬੱਚੀ ਦੀ ਪੂਰੀ ਦੇਖਭਾਲ ਕੀਤੀ। ਉਨ੍ਹਾਂ ਕਿਹਾ, "ਸੋਹਾਣਾ ਹਸਪਤਾਲ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਵਚਨਬੱਧ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ।" ਉਨ੍ਹਾਂ ਨੇ ਇਸ ਰਿਪੋਰਟ ਨਾਲ ਹਸਪਤਾਲ ਦੇ ਅਕਸ ਨੂੰ ਬਹਾਲ ਹੋਇਆ ਦੱਸਿਆ।