ਪਰਾਲੀ ਨੂੰ ਬਿਨਾਂ ਸਾੜੇ ਅਗਲੀ ਫਸਲ ਦੀ ਬਿਜਾਈ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇਵੇਗਾ ਕਿਸਾਨਾਂ ਦਾ ਹਰ ਤਰ੍ਹਾਂ ਨਾਲ ਸਾਥ
ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦਾ ਇੰਤਜਾਮ ਕਰਨ ਵਾਸਤੇ ਬਲਾਕ ਪੱਧਰ ਉੱਤੇ ਲਗਾਏ ਅਧਿਕਾਰੀ
5 Dariya News
ਅੰਮ੍ਰਿਤਸਰ 16-Sep-2025
ਆ ਰਹੇ ਝੋਨੇ ਦੇ ਸੀਜ਼ਨ ਵਿੱਚ ਪਰਾਲੀ ਨੂੰ ਬਿਨਾਂ ਸਾੜੇ ਅਗਲੀ ਫਸਲ ਦੀ ਬਜਾਈ ਕਰਨ ਲਈ ਕਿਸਾਨਾਂ ਦੀ ਹਰੇਕ ਤਰ੍ਹਾਂ ਨਾਲ ਸਹਾਇਤਾ ਕਰਨ ਵਾਸਤੇ ਜਿਲਾ ਪ੍ਰਸ਼ਾਸਨ ਨੇ ਪੂਰੀ ਤਰ੍ਹਾਂ ਤਿਆਰੀ ਕਰ ਲਈ ਹੈ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਇਸ ਕੰਮ ਲਈ ਖੇਤੀਬਾੜੀ, ਪ੍ਰਦੂਸ਼ਣ ਕੰਟਰੋਲ, ਮੰਡੀ ਬੋਰਡ ਅਤੇ ਸਹਿਕਾਰਤਾ ਵਿਭਾਗ ਨੂੰ ਜਿੰਮੇਵਾਰੀ ਦਿੱਤੀ ਹੈ।
ਉਕਤ ਸਾਰੇ ਵਿਭਾਗ ਇੱਕ ਟੀਮ ਵਜੋਂ ਕੰਮ ਕਰਦੇ ਹੋਏ ਸੰਬੰਧਿਤ ਕਿਸਾਨ, ਜਿਸ ਨੇ ਝੋਨਾ ਕੱਟ ਲਿਆ ਹੈ, ਨੂੰ ਅਗਲੀ ਫਸਲ ਲਈ ਖੇਤ ਦੀ ਤਿਆਰੀ ਕਰਵਾਉਣ ਵਾਸਤੇ ਮਸ਼ੀਨਰੀ ਅਤੇ ਗਾਈਡੈਂਸ ਦੇਣਗੇ। ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਇਹਨਾਂ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਦੱਸਿਆ ਕਿ ਜੋ ਵੀ ਕਿਸਾਨ ਜਿਲ੍ਹੇ ਦੀ ਕਿਸੇ ਵੀ ਮੰਡੀ ਵਿੱਚ ਝੋਨਾ ਲੈ ਕੇ ਆਵੇਗਾ, ਸਾਡੀ ਟੀਮ ਉਸ ਨਾਲ ਫੋਨ ਉੱਤੇ ਰਾਬਤਾ ਕਰੇਗੀ ਅਤੇ ਪੁੱਛਿਆ ਜਾਵੇਗਾ ਕਿ ਕੀ ਤੁਹਾਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦੀ ਲੋੜ ਹੈ ਜਾਂ ਤੁਹਾਡੇ ਕੋਲ ਮੌਜੂਦ ਹੈ।
ਜੇਕਰ ਉਸਨੇ ਆਪਣੀ ਲੋੜ ਦੱਸੀ ਤਾਂ ਸਾਡੀ ਟੀਮ ਉਸੇ ਵੇਲੇ ਇਹ ਡਾਟਾ ਬਲਾਕ ਪੱਧਰ ਉੱਤੇ ਖੇਤੀਬਾੜੀ ਵਿਭਾਗ ਵੱਲੋਂ ਨਿਯੁਕਤ ਕੀਤੇ ਗਏ ਨੋਡਲ ਅਧਿਕਾਰੀ ਨੂੰ ਦੇਵੇਗੀ ਜੋ ਕਿ ਸਬੰਧਤ ਕਿਸਾਨ ਦੀ ਲੋੜ ਅਨੁਸਾਰ ਮਸ਼ੀਨਰੀ ਦਾ ਇੰਤਜ਼ਾਮ ਕਰਕੇ ਦੇਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਨੇ ਦੱਸਿਆ ਕਿ ਕਿਸਾਨਾਂ ਨਾਲ ਰਾਬਤਾ ਕਰਨ ਲਈ ਅਸੀਂ ਕਾਲ ਸੈਂਟਰ ਤਿਆਰ ਕੀਤਾ ਹੈ।
ਉਨਾਂ ਕਾਲ ਸੈਂਟਰ ਵਿੱਚ ਮੌਜੂਦ ਕਰਮਚਾਰੀਆਂ ਦੇ ਨਾਲ ਨਾਲ ਖਾਲਸਾ ਕਾਲਜ ਦੇ ਵਲੰਟੀਅਰ ਨੂੰ ਇਸ ਨੇਕ ਕਾਰਜ ਲਈ ਤਿਆਰ ਕਰਦੇ ਕਿਹਾ ਕਿ ਤੁਹਾਡੇ ਸਾਥ ਨਾਲ ਅਸੀਂ ਜਿਲ੍ਹੇ ਵਿਚੋਂ ਪ੍ਰਦੂਸ਼ਣ ਦਾ ਖਾਤਮਾ ਕਰਨ ਵਿੱਚ ਕਾਮਯਾਬ ਹੋਵਾਂਗੇ। ਇਸ ਮੌਕੇ ਖੇਤੀਬਾੜੀ ਅਧਿਕਾਰੀ ਡਾਕਟਰ ਰਮਨ ਕੁਮਾਰ ਨੇ ਦੱਸਿਆ ਕਿ ਅਸੀਂ ਜ਼ਿਲ੍ਹੇ ਦੇ 9 ਬਲਾਕਾਂ ਅਜਨਾਲਾ ਲਈ ਸੁਖਮੀਤ ਸਿੰਘ ਫੋਨ ਨੰਬਰ 99145-59300, ਅਟਾਰੀ ਲਈ ਅਮਿਤ ਸ਼ਰਮਾ 97810-34333, ਚੁਗਾਵਾਂ ਲਈ ਜਗਬੀਰ ਸਿੰਘ 95926-89897, ਹਰਸ਼ਾ ਛੀਨਾ ਲਈ ਹਰਮਨਦੀਪ ਸਿੰਘ 96461-92011,ਮਜੀਠਾ ਲਈ ਰਵਨੀਤ ਸਿੰਘ 76963-59259, ਤਰਸਿੱਕਾ ਲਈ ਬਲਜਿੰਦਰ ਸਿੰਘ 81466-58555, ਰਈਆ ਲਈ ਸੁਦੀਪ ਸਿੰਘ 98888-48525, ਜੰਡਿਆਲਾ ਗੁਰੂ ਲਈ ਅਰਵਿੰਦਰ ਪਾਲ ਸਿੰਘ 87250-00160, ਅਤੇ ਵੇਰਕਾ ਲਈ ਸ੍ਰੀ ਮੋਹਿਤ 98887-11976 ਨੂੰ ਨੋਡਲ ਅਧਿਕਾਰੀ ਮਸ਼ੀਨਰੀ ਲਗਾਇਆ ਹੈ, ਜੋ ਕਿ ਆਪਣੇ ਆਪਣੇ ਬਲਾਕ ਵਿੱਚ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਦਾ ਪ੍ਰਬੰਧ ਯਕੀਨੀ ਬਣਾਉਣਗੇ।
ਇਸ ਮੌਕੇ ਐਕਸੀਅਨ ਪ੍ਰਦੂਸ਼ਣ ਕੰਟਰੋਲ ਬੋਰਡ ਸ੍ਰੀ ਸੁਖਦੇਵ ਸਿੰਘ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।