5 Dariya News

ਅੱਜ ਤੋਂ ਫਸਲਾਂ ਦੀਆਂ ਗਿਰਦਾਵਰੀਆਂ ਚ ਮਾਲ ਵਿਭਾਗ ਦਾ ਅਮਲਾ ਪਾਰਦਰਸ਼ਤਾ ਤੇ ਇਮਾਨਦਾਰੀ ਚ ਕਾਰਜ ਸਿਰੇ ਚਾੜੇ: ਕੁਲਦੀਪ ਸਿੰਘ ਧਾਲੀਵਾਲ

ਮਾਨ ਸਰਕਾਰ ਹੜ੍ਹ ਪੀੜਤ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ; ਧਾਲੀਵਾਲ

5 Dariya News

ਅੰਮ੍ਰਿਤਸਰ/ਅਜਨਾਲਾ 12-Sep-2025

ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਭਲਕੇ 13 ਸਤੰਬਰ ਤੋਂ ਹਲਕਾ ਅਜਨਾਲਾ ਸਮੇਤ ਪੰਜਾਬ ਦੇ ਹੜ੍ਹ ਪ੍ਰਭਾਵਿਤ ਖੇਤਰ ਚ ਨੁਕਸਾਨੀਆਂ ਗਈਆਂ ਫਸਲਾਂ, ਨੁਕਸਾਨੇ ਗਏ ਘਰਾਂ ਤੇ ਹੜ੍ਹਾਂ ਕਾਰਨ ਮਰ ਗਏ ਪਸੂਆਂ ਦਾ ਪ੍ਰਭਾਵਿਤ ਲਾਭ ਪਾਤਰਾਂ ਨੂੰ ਸਰਕਾਰੀ ਤੌਰ ਤੇ ਮੁਆਵਜ਼ਾ ਦੇਣ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਸ਼ੁਰੂ ਕਰਵਾਏ ਜਾ ਰਹੇ ਸਰਵੇਖਣ/ ਗਿਰਦਾਵਰੀਆਂ ਕਰਨ ਲਈ ਤਾਇਨਾਤ ਮਾਲ ਵਿਭਾਗ ਦੇ ਅਮਲੇ ਸਮੇਤ ਹੋਰਨਾਂ ਵਿਭਾਗਾਂ ਦੇ ਅਮਲੇ ਨੂੰ ਪੂਰੀ ਇਮਾਨਦਾਰੀ ਤੇ ਪਾਰਦਰਸ਼ਤਾ ਨਾਲ ਜ਼ਿਮੇਵਾਰੀਆਂ ਨਿਭਾਉਣ ਲਈ ਨਿਰਦੇਸ਼ ਜਾਰੀ ਕਰਦਿਆਂ ਕਿਹਾ ਕਿ ਪ੍ਰਭਾਵਿਤ ਹੜ੍ਹ ਪੀੜਤਾਂ ਦਾ ਹੱਕ ਮਾਰਨ ਜਾਂ ਕਿਸੇ ਸਿਆਸੀ ਪ੍ਰਭਾਵ ਹੇਠ ਆਪਣੇ ਨਿੱਜੀ ਲਾਲਚ ਅਤੇ ਕਿਸੇ ਨੂੰ ਨਜ਼ਾਇਜ਼ ਲਾਭ ਪਹੁੰਚਾਣ ਤੋਂ ਬਚਿਆ ਜਾਵੇ, ਕਿਉਂਕਿ ਕਥਿਤ ਸਿਆਸੀ ਜਾਂ ਲਾਲਚ ਦੇ ਪ੍ਰਭਾਵ ਹੇਠ ਨਿਭਾਈ ਗਈ ਡਿਊਟੀ ਦੌਰਾਨ ਕਥਿਤ ਰਿਸ਼ਵਤ ਖਾਣੀ ਆਪਣੇ ਪਰਿਵਾਰਕ ਜੀਆਂ ਨੂੰ ਜ਼ਹਿਰ ਖਵਾਉਣ ਦੇ ਤੁੱਲ ਹੋਵੇਗਾ। 

ਜਦੋਂਕਿ ਛੋਟੇ ਵੱਡੇ ਸਿਆਸੀ ਆਗੂਆਂ ਵਲੋਂ ਹੜ੍ਹ ਪੀੜਤਾਂ ਦੇ ਨਾਂਅ ਤੇ ਮੁਆਵਜ਼ਾ ਰਾਸ਼ੀ ਖਾਣ ਦਾ ਖ਼ਮਿਆਜ਼ਾ ਵੀ ਜਾਨੀ ਮਾਲੀ, ਬਿਮਾਰੀ ਦੇ ਰੂਪ ਚ ਨੁਕਸਾਨ ਇੱਕ ਦਿਨ ਭੁਗਤਣਾ ਹੀ ਪਵੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ. ਧਾਲੀਵਾਲ ਨੇ ਹੜ੍ਹਾਂ ਦੇ ਪਾਣੀ ਦੀ ਮਾਰ ਨਾਲ ਬੁਰੀ ਤਰਾਂ ਝੰਭੇ ਸਰਹੱਦੀ ਤੇ ਰਾਵੀ ਦਰਿਆ ਨੇੜਲੇ ਪਿੰਡ ਨੰਗਲ ਸੋਹਲ ਵਿਖੇ ਐੱਸ. ਡੀ ਐਮ ਅਜਨਾਲਾ ਸ. ਰਵਿੰਦਰ ਸਿੰਘ ਅਰੋੜਾ ਦੀ ਅਗਵਾਈ ਚ ਜ਼ਿਲ੍ਹਾ ਪ੍ਰਸ਼ਾਸ਼ਨ ਵਲੋਂ ਭੇਜੀ ਗਈਆਂ 359 ਲਾਭਪਾਤਰਾਂ ਚ ਰਾਹਤ ਸਮੱਗਰੀ ਦੀਆਂ ਕਿੱਟਾ, ਮੰਜ਼ੇ ਤੇ ਗੱਦੇ ਤੇ ਸ੍ਰੀ ਗੁਰੂ ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਵੀ ਦਿੱਤੇ ਗਏ ਸਹਿਯੋਗ ਨਾਲ ਅਤੇ ਪ੍ਰਭਾਵਿਤ ਪਿੰਡ ਹਰੜ੍ਹ ਖੁਰਦ ਵਿਖੇ ਵੀ 100 ਦੇ ਕਰੀਬ ਲਾਭਪਾਤਰੀਆਂ ਚ ਕੰਬਲ, ਮੰਜ਼ੇ ਆਦਿ ਸਮੱਗਰੀ ਬਲਾਕ ਪ੍ਰਧਾਨ ਤੇ ਸਰਪੰਚ ਲਵਪ੍ਰੀਤ ਸਿੰਘ ਹਰੜ੍ਹ ਤੇ ਸਮਾਜ ਸੇਵੀਆਂ ਦੀ ਸਹਿਯੋਗ ਨਾਲ ਰਾਹਤ ਸਮਗਰੀ ਵੰਡਣ ਉਪਰੰਤ ਗੱਲਬਾਤ ਦੌਰਾਨ ਕੀਤਾ। 

ਸ. ਧਾਲੀਵਾਲ ਨੇ ਕਿਹਾ ਕਿ ਸ. ਮਾਨ ਸਰਕਾਰ ਨੇ ਹਰ ਸੰਭਵ ਤਰੀਕੇ ਨਾਲ ਟੀਚਾ ਮਿੱਥ ਲਿਆ ਹੈ ਕਿ ਅਕਤੂਬਰ ਮਹੀਨੇ ਦੇ ਵਿਚ ਵਿਚ ਗਿਰਦਾਵਰੀਆਂ ਸਮੇਤ ਹੋਰ ਨੁਕਸਾਨ ਦਾ ਸਰਵੇਖਣ ਕਰਵਾ ਕੇ ਦੀਵਾਲੀ ਤਿਉਹਾਰ ਤੱਕ ਮੁਆਵਜ਼ਾ ਦੇ ਚੈੱਕ ਪ੍ਰਭਾਵਿਤ ਪੀੜਤਾਂ ਦੇ ਹੱਥਾਂ ਚ ਜ਼ਰੂਰ ਪਹੁੰਚਾ ਦਿੱਤੇ ਜਾਣ। ਉਹਨਾਂ ਦਾਅਵਾ ਕੀਤਾ ਕਿ ਮਾਨ ਸਰਕਾਰ ਦੇ ਨਿਰਦੇਸ਼ਾਂ ਤੇ ਪਹਿਲੇ ਪੜਾਅ ਚ ਹਲਕਾ ਅਜਨਾਲਾ ਦੇ 100 ਪ੍ਰਭਾਵਿਤ ਪਿੰਡਾਂ ਚ ਪ੍ਰਸ਼ਾਸ਼ਨ ਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਹੜ੍ਹਾਂ ਦੇ ਪਾਣੀ ਚ ਘਿਰੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ 3200 ਤੋਂ ਵਧੇਰੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾ ਦਿੱਤਾ ਗਿਆ। 

ਅਗਲੇ ਪੜਅ ਚ ਪਾਣੀ ਚ ਘਿਰੇ ਤੇ ਕੋਠਿਆਂ ਤੇ ਦਿਨ ਕੱਟ ਰਹੇ ਸੈਂਕੜੇ ਭੁੱਖੇ ਤਿਹਾਏ ਲੋਕਾਂ ਨੂੰ ਖਾਣ ਪੀਣ ਵਾਲੀਆਂ ਵਸਤਾਂ ਪਹੁੰਚਾਂ ਕੇ ਉਹਨਾਂ ਨੂੰ ਨਵਾਂ ਜੀਵਨ ਦਿੱਤਾ ਗਿਆਂ। ਹੁਣ ਵੀ ਲਗਾਤਾਰ ਹੜ੍ਹ ਪੀੜਤਾਂ ਨੂੰ ਉਹਨਾਂ ਦੀ ਜ਼ਰੂਰਤ ਅਨੁਸਾਰ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ ਅਤੇ ਅਗਲੇ ਪੜਾਅ ਸਰਕਾਰੀ ਮੁਆਵਜ਼ੇ ਲਈ ਨੁਕਸਾਨੀਆਂ ਫ਼ਸਲਾਂ ਦੀ ਗਿਰਦਾਵਰੀ ਭਲਕੇ 13 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। 

ਉਹਨਾਂ ਸਪਸ਼ਟ ਕੀਤਾ ਕਿ ਮਾਨ ਸਰਕਾਰ ਇਸ ਸੰਕਟ ਦੀ ਘੜੀ ਚ ਹੜ੍ਹ ਪੀੜਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਵਚਨਬੱਧ ਹੈ।