ਬਾਬਾ ਸੁੱਖਾ ਸਿੰਘ ਸਰਹਾਲੀ ਵਾਲਿਆਂ ਦੇ ਜਥੇ ਨੇ ਪਹਿਲਾ ਪਾੜ ਭਰਿਆ
ਰਾਵੀ ਦਰਿਆ ਵਿੱਚ ਪਏ ਪਾੜ ਭਰਨ ਦਾ ਕੰਮ ਲਗਾਤਾਰ ਜਾਰੀ
5 Dariya News
ਅਜਨਾਲਾ 10-Sep-2025
ਰਾਵੀ ਦਰਿਆ ਦਾ ਧੁਸੀ ਬੰਨ, ਜਿਸ ਦੇ ਟੁੱਟਣ ਕਾਰਨ ਅਜਨਾਲਾ ਇਲਾਕੇ ਵਿੱਚ ਹੜ ਆਏ ਹਨ, ਦੇ ਪਾੜ ਭਰਨ ਦਾ ਕੰਮ ਜੰਗੀ ਪੱਧਰ ਤੇ ਸ਼ੁਰੂ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਲਗਾਤਾਰ ਰਾਹਤ ਦੇ ਕੰਮ ਦੇਖ ਰਹੇ ਹਨ ਵੱਲੋਂ ਇਹ ਪਾੜ ਭਰਨ ਦੇ ਚੱਲ ਰਹੇ ਕੰਮਾਂ ਦਾ ਵੀ ਜਾਇਜ਼ਾ ਲਿਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਮੁਢਲੀਆਂ ਰਿਪੋਰਟਾਂ ਵਿੱਚ ਦਸ ਥਾਵਾਂ ਤੋਂ ਇਹ ਬਣ ਟੁੱਟਣ ਦੀ ਜਾਣਕਾਰੀ ਪ੍ਰਾਪਤ ਹੋਈ ਸੀ, ਪਰ ਜਿਉਂ ਜਿਉਂ ਪਾਣੀ ਦਾ ਪੱਧਰ ਘਟਣ ਕਾਰਨ ਵਿਭਾਗ ਦੀ ਪਹੁੰਚ ਦਰਿਆ ਤੱਕ ਹੋਈ ਹੈ ਤਾਂ ਇਹ ਪਤਾ ਲੱਗਾ ਹੈ ਕਿ ਰਾਵੀ ਦਰਿਆ 20 ਤੋਂ ਵੱਧ ਸਥਾਨਾਂ ਤੋਂ ਬੰਨ ਤੋੜ ਕੇ ਇਲਾਕੇ ਵਿੱਚ ਪ੍ਰਵੇਸ਼ ਕਰ ਗਿਆ ਸੀ। ਉਹਨਾਂ ਦੱਸਿਆ ਕਿ ਹੁਣ ਪਾਣੀ ਦਾ ਪੱਧਰ ਘੱਟ ਜਾਣ ਕਾਰਨ ਅਸੀਂ ਉਹਨਾਂ ਥਾਵਾਂ ਤੱਕ ਰਸਤੇ ਬਣਾ ਕੇ ਇਹ ਪਾੜ ਭਰਨ ਦਾ ਕੰਮ ਸ਼ੁਰੂ ਕੀਤਾ ਹੈ, ਜਿਸ ਵਿੱਚ ਸਾਡਾ ਸਾਥ ਕਾਰ ਸੇਵਾ ਵਾਲੇ ਮਹਾਂਪੁਰਖ ਜਿਨਾਂ ਵਿੱਚ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਕਲਾਂ ਵਾਲੇ, ਸੰਤ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲੇ, ਕਾਰ ਸੇਵਾ ਗੁਰੂ ਕੇ ਬਾਗ, ਫੌਜ ਦੇ ਜਵਾਨ ਅਤੇ ਹੋਰ ਬਹੁਤ ਸਾਰੀਆਂ ਸੰਸਥਾਵਾਂ ਦੇ ਰਹੀਆਂ ਹਨ।
ਇਸੇ ਦੌਰਾਨ ਜਲ ਸਰੋਤ ਵਿਭਾਗ ਦੇ ਐਕਸੀਅਨ ਸ ਗੁਰਬੀਰ ਸਿੰਘ ਨੇ ਦੱਸਿਆ ਕਿ ਮਾਛੀਵਾਲ ਕੋਲ ਧੁਸੀ ਦਾ ਇੱਕ ਪਾੜ, ਜਿਸ ਨੂੰ ਭਰਨ ਦਾ ਕੰਮ ਕਾਰ ਸੇਵਾ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਕਲਾਂ ਵਾਲਿਆਂ ਦਾ ਜੱਥਾ ਕਰ ਰਿਹਾ ਸੀ, ਨੇ ਰਾਵੀ ਉੱਤੇ ਪਹਿਲਾ ਪਾੜ ਭਰ ਦਿੱਤਾ ਹੈ, ਪਰ ਦੂਜੀਆਂ ਸਥਾਨਾਂ ਉੱਤੇ ਅਜੇ ਕੰਮ ਜਾਰੀ ਹੈ ਜਿਸ ਨੂੰ ਸਮਾਂ ਲੱਗ ਸਕਦਾ ਹੈ। ਇਸ ਮੌਕੇ ਬਾਬਾ ਸੁੱਖਾ ਸਿੰਘ ਨੇ ਦੱਸਿਆ ਕਿ ਅਸੀਂ ਇਹ ਪਾੜ ਭਰਨ ਦਾ ਕੰਮ ਚਾਰ ਦਿਨ ਪਹਿਲਾਂ ਸ਼ੁਰੂ ਕੀਤਾ ਸੀ, ਜਿਸ ਵਿੱਚ ਸੰਗਤ ਵੱਲੋਂ ਮਿਲੇ ਸਹਿਯੋਗ ਸਦਕਾ ਇਹ ਪਾੜ ਭਰ ਲਿਆ ਗਿਆ ਹੈ ਤੇ ਹੁਣ ਸੰਗਤ ਵੱਲੋਂ ਅਗਲੇ ਪਾੜ ਨੂੰ ਭਰਨ ਵਾਸਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।