ਬਾਬਾ ਜਗਤਾਰ ਸਿੰਘ ਕਾਰ ਸੇਵਾ ਵਾਲਿਆਂ ਨੇ ਲਗਾਇਆ ਮਾਛੀਵਾਲਾ ਰਾਵੀ ਦਾ ਬੰਨ ਬੰਨਣ ਲਈ ਮੋਰਚਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਲਿਆ ਕਾਰ ਸੇਵਾ ਚ ਹਿੱਸਾ
5 Dariya News
ਅਜਨਾਲਾ 07-Sep-2025
ਰਾਵੀ ਦਰਿਆ, ਜਿਸ ਨੇ ਅਜਨਾਲਾ ਅਤੇ ਰਮਦਾਸ ਇਲਾਕੇ ਵਿੱਚ ਵੱਡੀ ਤਬਾਹੀ ਲਿਆਂਦੀ ਸੀ, ਦੇ ਟੁੱਟੇ ਹੋਏ ਬੰਨ ਬੰਨਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਜਿਲਾ ਪ੍ਰਸ਼ਾਸਨ ਦੇ ਨਾਲ ਨਾਲ ਕਾਰ ਸੇਵਾ ਵਾਲੇ ਮਹਾਂਪੁਰਖ ਵੀ ਵੱਡੀ ਸਰਗਰਮੀ ਨਾਲ ਇਸ ਮੁਹਿੰਮ ਵਿੱਚ ਸਾਥ ਦੇ ਰਹੇ ਹਨ। ਇਸ ਤੋਂ ਪਹਿਲਾਂ ਦੋ ਬੰਨ੍ਹ ਭਰਨ ਦਾ ਕੰਮ ਚੱਲ ਰਿਹਾ ਹੈ ਅਤੇ ਅੱਜ ਤੀਸਰਾ ਬੰਨ ਜੋ ਕਿ ਮਾਛੀਵਾਲ ਦਾ ਹੈ, ਨੂੰ ਭਰਨ ਲਈ ਕਾਰ ਸੇਵਾ ਵਾਲੇ ਮਹਾਂਪੁਰਖ ਬਾਬਾ ਜਗਤਾਰ ਸਿੰਘ ਜੀ ਤਰਨ ਤਰਨ ਵਾਲਿਆਂ ਨੇ ਅਰਦਾਸ ਕਰਕੇ ਕਾਰ ਸੇਵਾ ਸ਼ੁਰੂ ਕਰ ਦਿੱਤੀ ।
ਇਸ ਮੌਕੇ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਵਿਸ਼ੇਸ਼ ਤੌਰ ਉੱਤੇ ਹਾਜ਼ਰ ਹੋਏ। ਵਿਧਾਇਕ ਸ ਧਾਲੀਵਾਲ ਨੇ ਮਹਾਂਪੁਰਖਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਵੱਡੇ ਸੰਕਟ ਵਿੱਚ ਅਜਨਾਲਾ ਪਹੁੰਚ ਕੇ ਬਾਬਾ ਜਗਤਾਰ ਸਿੰਘ ਹੁਰਾਂ ਨੇ ਜੋ ਸਾਡਾ ਸਾਥ ਦਿੱਤਾ ਹੈ, ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕੇਗਾ। ਉਹਨਾਂ ਦੱਸਿਆ ਕਿ ਇਹ 500 ਮੀਟਰ ਦੇ ਕਰੀਬ ਪਾੜ ਧੁੱਸੀ ਵਿੱਚ ਪਿਆ ਸੀ, ਜਿਸ ਕਾਰਨ ਪਾਣੀ ਅਜਨਾਲਾ ਤੱਕ ਜਾ ਲੱਗਾ ਸੀ।
ਉਹਨਾਂ ਦੱਸਿਆ ਕਿ ਮਹਾਂਪੁਰਖ ਅੱਜ ਆਪਣੀ ਵੱਡੀ ਗਿਣਤੀ ਵਿੱਚ ਸੰਗਤ, ਮਸ਼ੀਨਰੀ ਦੇ ਨਾਲ ਇੱਥੇ ਪਹੁੰਚੇ ਹਨ ਅਤੇ ਉਹਨਾਂ ਨੇ ਅਰਦਾਸ ਕਰਕੇ ਇਹ ਮੋਰਚਾ ਫਤਿਹ ਕਰਨ ਲਈ ਕੰਮ ਸ਼ੁਰੂ ਕੀਤਾ ਹੈ। ਸ ਧਾਲੀਵਾਲ ਨੇ ਦੱਸਿਆ ਕਿ ਆਸ ਹੈ ਕਿ ਇਹ ਕੰਮ ਅੱਠ ਦਿਨਾਂ ਦੇ ਵਿੱਚ ਵਿੱਚ ਪੂਰਾ ਕਰ ਲਿਆ ਜਾਵੇਗਾ।