ਡਿਪਟੀ ਕਮਿਸ਼ਨਰ ਨੇ ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਸਵੈ ਸੇਵੀ ਜਥੇਬੰਦੀਆਂ ਦੀ ਟੀਮ ਕੀਤੀ ਗਠਿਤ
ਸਰਵਿਸਜ ਤੇ ਲੰਬਸਡਨ ਕਲੱਬ ਨੇ ਹੜ੍ਹ ਪੀੜਤਾਂ ਲਈ ਭੇਜੀਆਂ ਦਵਾਈਆਂ
5 Dariya News
ਅੰਮ੍ਰਿਤਸਰ 04-Sep-2025
ਹੜ੍ਹ ਪੀੜਤ ਪਰਿਵਾਰਾਂ ਦੀ ਸਹਾਇਤਾ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਰੈਡ ਕਰਾਸ ਸੁਸਾਇਟੀ ਦੇ ਸਕੱਤਰ ਸੈਮਸਨ ਮਸੀਹ ਦੀ ਦੇਖਰੇਖ ਹੇਠ ਵਲੰਟੀਅਰਾਂ ਦੀ ਟੀਮ ਗਠਿਤ ਕੀਤੀ ਹੈ ਜਿਸ ਵਿੱਚ ਬਿਕਰਮਜੀਤ ਸਿੰਘ ਅਤੇ ਡਾ: ਸ਼ਰਨਪ੍ਰੀਤ ਕੌਰ ਕੇ:ਵੀ:ਆਈ ਵੈਲਫੇਅਰ ਸੁਸਾਇਟੀ ਅਤੇ ਸਹਾਇਕ ਪ੍ਰੋ: ਸਕੂਲ ਆਫ ਸਾਇੰਸਜ਼ ਦੇ ਵਲੰਟੀਅਰ ਸ਼ਾਮਲ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਨੂੰ ਵੱਖ ਵੱਖ ਖੇਤਰਾਂ ਵਿੱਚ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਤਾਇਨਾਤ ਕੀਤਾ ਗਿਆ ਹੈ, ਜਿਥੇ ਇਹ ਲੋਕਾਂ ਨੂੰ ਖੜ੍ਹੇ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਅਤੇ ਸਿਹਤ ਸਫਾਈ ਪ੍ਰਬੰਧਾਂ ਬਾਰੇ ਜਾਗਰੂਕ ਕਰੇਗੀ। ਉਨ੍ਹਾਂ ਦੱਸਿਆ ਕਿ ਇਹ ਪ੍ਰਭਾਵਿਤ ਖੇਤਰਾਂ ਵਿੱਚ ਕੈਂਪ ਲਗਾ ਕੇ ਪੀੜਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਏਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਖੜ੍ਹੇ ਹੋਏ ਪਾਣੀ ਨਾਲ ਕਈ ਤਰ੍ਹਾਂ ਦੀਆ ਚਮੜੀ ਸਮੱਸਿਆਵਾਂ, ਪੈਰਾਂ ਤੇ ਫੰਗਲ ਇਨਫੈਕਸ਼ਨ ਨੂੰ ਦੂਰ ਕਰਨ ਲਈ ਫੰਗਲ ਓਇੰਟਮੈਂਟਸ ਕਰੀਮਾਂ ਦੀ ਵੰਡ ਕਰੇਗੀ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਟੀਮਾਂ ਦੀ ਸਭ ਤੋਂ ਵੱਡੀ ਤਰਜੀਹੀ ਹੜ੍ਹ ਪ੍ਰਭਾਵਿਤ ਲੋਕਾਂ, ਖਾਸ ਤੌਰ ਤੇ ਮਹਿਲਾਵਾਂ ਤੱਕ ਸੈਨੀਟਰੀ ਨੈਪਕਿਨ ਪੁੱਜਦਾ ਕਰਨਾ ਹੈ ਅਤੇ ਉਨ੍ਹਾਂ ਨੂੰ ਮਹਾਂਵਾਰੀ, ਸਫਾਈ ਅਤੇ ਪੈਰਾਂ ਦੀਆਂ ਫੰਗਸ ਵਰਗੀਆਂ ਘਾਤਕ ਬਿਮਾਰੀਆਂ ਨੂੰ ਬਚਾਉਣ ਲਈ ਸਿਖਿਆ ਦੇਣਾ ਹੈ।
ਇਸ ਮੌਕੇ ਵੱਖ ਵੱਖ ਸੰਸਥਾਵਾਂ ਵੱਲੋਂ ਅੱਜ 1000 ਫੰਗਲ ਓਇੰਟਮੈਂਟਸ ਵੰਡੀਆਂ ਗਈਆਂ ਹਨ। ਇਹ ਸੇਵਾ ਸੁਖਦੇਵ ਸਿੰਘ ਛੀਨਾ IPS, ਪ੍ਰਧਾਨ ਸਰਵਿਸਿਜ਼ ਕਲੱਬ, ਰੂਬਿੰਦਰ ਸਿੰਘ (ਰੂਬੀ) ਪ੍ਰਧਾਨ ਲਮਜ਼ਡਨ ਕਲੱਬ, ਸ਼੍ਰੀ ਲਲਿਤ ਚੰਦੋਕ ਪ੍ਰਧਾਨ ਅੰਮ੍ਰਿਤਸਰ ਕਲੱਬ ਅਤੇ ਸੈਮਸਨ ਮਸੀਹ, ਸਕੱਤਰ ਰੈਡ ਕ੍ਰਾਸ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਹੋਰ ਕਈ ਜਥੇਬੰਦੀਆਂ ਵੀ ਪੀੜਤ ਪਰਿਵਾਰਾਂ ਲਈ ਅੱਗੇ ਆ ਰਹੀਆਂ ਹਨ।