ਨਰੇਂਦਰ ਮੋਦੀ ਨੇ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕੀਤੀ
5 Dariya News
ਤਿਯਾਨਜਿਨ (ਚੀਨ) 01-Sep-2025
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਚੀਨ ਦੇ ਤਿਆਨਜਿਨ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸਮਿਟ ਦੌਰਾਨ ਰੂਸ ਦੇ ਰਾਸ਼ਟਰਪਤੀ ਸ਼੍ਰੀ ਵਲਾਦਿਮੀਰ ਪੁਤਿਨ ਨਾਲ ਮੁਲਾਕਾਤ ਕੀਤੀ। ਦੋਵੇਂ ਨੇਤਾਵਾਂ ਨੇ ਆਰਥਿਕ, ਵਿੱਤੀ ਅਤੇ ਊਰਜਾ ਖੇਤਰਾਂ ਸਹਿਤ ਦੁਵੱਲੇ ਸਹਿਯੋਗ ‘ਤੇ ਚਰਚਾ ਕੀਤੀ ਅਤੇ ਇਨ੍ਹਾਂ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਵਿੱਚ ਨੇੜਤਾ ‘ਤੇ ਸੰਤੋਸ਼ ਪ੍ਰਗਟ ਕੀਤਾ।
ਦੋਵੇਂ ਨੇਤਾਵਾਂ ਨੇ ਯੂਕ੍ਰੇਨ ਨਾਲ ਜੁੜੇ ਹਾਲ ਹੀ ਦੇ ਘਟਨਾਕ੍ਰਮਾਂ ਸਹਿਤ ਖੇਤਰੀ ਅਤੇ ਆਲਮੀ ਮੁੱਦਿਆਂ ‘ਤੇ ਵੀ ਚਰਚਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਯੂਕ੍ਰੇਨ ਦੇ ਸੰਘਰਸ਼ ਦੇ ਹੱਲ ਦੇ ਲਈ ਹਾਲ ਹੀ ਵਿੱਚ ਕੀਤੀਆਂ ਗਈਆਂ ਪਹਿਲਕਦਮੀਆਂ ਦੇ ਪ੍ਰਤੀ ਆਪਣੇ ਸਮਰਥਨ ਨੂੰ ਦੁਹਰਾਉਂਦੇ ਹੋਏ ਸੰਘਰਸ਼ ਨੂੰ ਜਲਦੀ ਖਤਮ ਕਰਨ ਅਤੇ ਇੱਕ ਸਥਾਈ ਸ਼ਾਂਤੀ ਸਮਝੌਤੇ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।
ਦੋਵੇਂ ਨੇਤਾਵਾਂ ਨੇ ਦੋਵੇਂ ਦੇਸ਼ਾਂ ਦਰਮਿਆਨ ਵਿਸ਼ੇਸ਼ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਆਪਣੇ ਸਮਰਥਨ ਦੀ ਪੁਸ਼ਟੀ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਇਸ ਵਰ੍ਹੇ ਦੇ ਅੰਤ ਵਿੱਚ ਭਾਰਤ ਵਿੱਚ ਆਯੋਜਿਤ 23ਵੇਂ ਸਲਾਨਾ ਸਮਿਟ ਵਿੱਚ ਰਾਸ਼ਟਰਪਤੀ ਪੁਤਿਨ ਦਾ ਸੁਆਗਤ ਕਰਨ ਦੇ ਲਈ ਉਤਸੁਕ ਹਨ।