ਡਾ. ਇੰਦਰਬੀਰ ਸਿੰਘ ਨਿੱਝਰ ਨੇ ਵੱਲਾ ਪਹੁੰਚ ਕੇ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਵਾਟਰ ਟ੍ਰੀਟਮੈਂਟ ਪਲਾਂਟ ਅਤੇ ਪ੍ਰੋਜੈਕਟ ਅਧੀਨ ਚੱਲ ਰਹੇ ਕੰਮਾਂ ਬਾਰੇ ਲਈ ਜਾਣਕਾਰੀ ਅਤੇ ਹੈਲਥ ਚੈੱਕਅਪ ਕੈਂਪ ਦੀ ਕੀਤੀ ਸ਼ੁਰੁਆਤ
5 Dariya News
ਅੰਮ੍ਰਿਤਸਰ 22-Aug-2025
ਅੰਮ੍ਰਿਤਸਰ ਦੱਖਣੀ ਹਲਕੇ ਤੋਂ ਵਿਧਾਇਕ ਅਤੇ ਸਥਾਨਕ ਸਰਕਾਰਾਂ ਵਿਭਾਗ, ਪੰਜਾਬ ਦੇ ਸਾਬਕਾ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਵਲੋਂ ਵੱਲਾ ਨੇੜੇ ਅੰਮ੍ਰਿਤਸਰ ਬਲਕ ਵਾਟਰ ਸਪਲਾਈ ਪ੍ਰੋਜੈਕਟ ਅਧੀਨ ਬਣਾਏ ਜਾ ਰਹੇ ਵਾਟਰ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਅਤੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਜਿਸ ਦੌਰਾਨ ਉਨ੍ਹਾਂ ਨੇ ਨਿਰਮਾਣ ਅਧੀਨ ਵਾਟਰ ਟ੍ਰੀਟਮੈਂਟ ਪਲਾਂਟ ਦਾ ਦੌਰਾ ਕੀਤਾ ਅਤੇ ਪਲਾਂਟ ਦੇ ਤਕਨੀਕੀ ਪਹਿਲੂਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿਕਰਯੋਗ ਹੈ ਕਿ ਨਗਰ ਨਿਗਮ ਦੁਆਰਾ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫਰਾਸਟਰਕਚਰ ਇਨਵੈਸਟਮੈਂਟ ਬੈਂਕ ਦੇ ਸਹਿਯੋਗ ਨਾਲ ਪੰਜਾਬ ਮਿਊਂਸਿਪਲ ਸਰਵਿਸਿਜ਼ ਇੰਪਰੂਵਮੈਂਟ ਪ੍ਰੋਜੈਕਟ ਚਲਾਇਆ ਜਾ ਰਿਹਾ ਹੈ, ਜਿਸਦੇ ਤਹਿਤ ਆਉਣ ਵਾਲੇ ਸਮੇਂ ਵਿੱਚ ਅਪਰ ਬਾਰੀ ਦੋਆਬ ਨਹਿਰ ਦੇ ਪਾਣੀ ਨੂੰ ਸ਼ੁੱਧ ਕਰਕੇ ਘਰ-ਘਰ ਸਪਲਾਈ ਕੀਤਾ ਜਾਵੇਗਾ।
ਇਸ ਪ੍ਰੋਜੈਕਟ ਤਹਿਤ, 44 ਕਰੋੜ ਲੀਟਰ ਪ੍ਰਤੀ ਦਿਨ ਦੀ ਸਮਰੱਥਾ ਵਾਲੇ ਇੱਕ ਆਧੁਨਿਕ ਵਾਟਰ ਟ੍ਰੀਟਮੈਂਟ ਪਲਾਂਟ ਦੀ ਉਸਾਰੀ, 45 ਨਵੀਆਂ ਪਾਣੀ ਦੀਆਂ ਟੈਂਕੀਆਂ ਦੀ ਉਸਾਰੀ, 24 ਮੌਜੂਦਾ ਟੈਂਕੀਆਂ ਦੀ ਮੁਰੰਮਤ ਦੇ ਨਾਲ-ਨਾਲ ਸ਼ਹਿਰ ਵਿੱਚ 112 ਕਿਲੋਮੀਟਰ ਲੰਬੀ ਪਾਈਪਲਾਈਨ ਵਿਛਾਉਣ ਦਾ ਕੰਮ ਚੱਲ ਰਿਹਾ ਹੈ।
ਇਸ ਮੌਕੇ ਡਾ. ਨਿੱਝਰ ਨੇ ਪ੍ਰੋਜੈਕਟ 'ਤੇ ਕੰਮ ਕਰ ਰਹੀ ਲਾਰਸਨ ਐਂਡ ਟੂਬਰੋ ਕੰਪਨੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਪ੍ਰੋਜੈਕਟ ਦੀ ਪ੍ਰਗਤੀ ਸਬੰਧੀ ਮੀਟਿੰਗ ਵੀ ਕੀਤੀ। ਡਾ. ਨਿੱਝਰ ਨੇ ਇਸ ਮੌਕੇ ਕਿਹਾ ਕਿ ਇਹ ਪ੍ਰੋਜੈਕਟ ਤੇਜ਼ੀ ਨਾਲ ਘਟ ਰਹੇ ਭੂਮੀਗਤ ਪਾਣੀ ਅਤੇ ਸ਼ਹਿਰ ਵਾਸੀਆਂ ਨੂੰ ਸਾਫ਼ ਪਾਣੀ ਦੀ ਸਪਲਾਈ ਲਈ ਬਹੁਤ ਮਹੱਤਵਪੂਰਨ ਹੈ, ਜਿਸ ਨਾਲ ਨਾ ਸਿਰਫ ਭੂਮੀਗਤ ਪਾਣੀ 'ਤੇ ਸਾਡੀ ਨਿਰਭਰਤਾ ਘਟੇਗੀ ਬਲਕਿ ਆਮ ਲੋਕਾਂ ਨੂੰ ਸ਼ੁੱਧ ਪਾਣੀ ਦੀ ਸਪਲਾਈ ਵੀ ਯਕੀਨੀ ਬਣੇਗੀ।
ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਆਉਣ ਵਾਲੇ 30 ਸਾਲਾਂ ਲਈ ਸ਼ਹਿਰ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਜਾ ਰਿਹਾ ਹੈ, ਤਾਂ ਜੋ ਸਾਲ 2055 ਵਿੱਚ ਸ਼ਹਿਰ ਦੀ ਅਨੁਮਾਨਤ 25 ਲੱਖ ਆਬਾਦੀ ਨੂੰ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ। ਪ੍ਰੋਜੈਕਟ ਦੀ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਘਰਾਂ ਜਾਂ ਦੁਕਾਨਾਂ ਦੇ ਨੇੜੇ ਕੋਈ ਨਿਰਮਾਣ ਕਾਰਜ ਚੱਲ ਰਿਹਾ ਹੈ ਤਾਂ ਪ੍ਰੋਜੈਕਟ ਨੂੰ ਪੂਰਾ ਕਰਨ ਵਿੱਚ ਸਹਿਯੋਗ ਦਿੱਤਾ ਜਾਵੇ।
ਡਾ. ਨਿੱਝਰ ਵੱਲੋਂ ਪਲਾਂਟ ਅਹਾਤੇ ਵਿੱਚ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਦੀ ਜਾਂਚ ਲਈ ਲਗਾਏ ਗਏ ਇੱਕ ਵਿਸ਼ੇਸ਼ ਕੈਂਪ ਦਾ ਉਦਘਾਟਨ ਵੀ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਵਿਜੇ ਕੋਤਵਾਲ, ਜ਼ਿਲ੍ਹਾ ਟੀਬੀ ਅਫ਼ਸਰ, ਡਾ. ਅਨਿਲ, ਕਾਰਡੀਓਲੋਜਿਸਟ ਅਤੇ ਡਾ. ਅਮਿਤ, ਮੈਡੀਕਲ ਅਫ਼ਸਰ, ਸਿਵਲ ਹਸਪਤਾਲ ਨੇ ਪਲਾਂਟ ਵਿੱਚ ਕੰਮ ਕਰਨ ਵਾਲੇ ਕਾਮਿਆਂ, ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਸਿਹਤ ਦੀ ਜਾਂਚ ਕੀਤੀ ਅਤੇ ਫੇਫੜਿਆਂ ਅਤੇ ਦਿਲ ਨੂੰ ਸਿਹਤਮੰਦ ਰੱਖਣ ਲਈ ਕੀਤੇ ਜਾਣ ਵਾਲੇ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਡਾ. ਨਿੱਝਰ ਨੇ ਪਲਾਂਟ ਅਹਾਤੇ ਵਿੱਚ ਇੱਕ ਰੁੱਖ ਵੀ ਲਗਾਇਆ। ਇਸ ਮੌਕੇ ਜਿਤਿਨ ਵਾਸੂਦੇਵਾ ਐਸਈ ਪ੍ਰੋਜੈਕਟ, ਲਾਰਸਨ ਐਂਡ ਟੂਬਰੋ ਦੇ ਪ੍ਰੋਜੈਕਟ ਮੈਨੇਜਰ ਰਾਹੁਲ ਪਟੇਲ, ਉਸਾਰੀ ਮੈਨੇਜਰ ਅਸ਼ਵਨੀ ਕੁਮਾਰ, ਐਸਡੀਓ ਰਣਜੀਤ ਸਿੰਘ, ਡਾ. ਮੋਨਿਕਾ ਸੱਭਰਵਾਲ, ਗਿਰੀਰਾਜ ਸਿੰਘ ਹਾਡਾ, ਹਰਪ੍ਰੀਤ ਸਿੰਘ ਆਦਿ ਵੀ ਮੌਜੂਦ ਸਨ।