5 Dariya News

ਵਾਤਾਵਰਨ ਦੀ ਸੰਭਾਲ ਲਈ ਹਰ ਮਨੁੱਖ ਵੱਧ ਤੋਂ ਵੱਧ ਬੂਟੇ ਲਾਵੇ : ਨਰਿੰਦਰ ਕੌਰ ਭਰਾਜ

ਵਿਧਾਇਕ ਨੇ ਖੇਤਾਂ ਵਿੱਚ ਵੀ ਵੱਧ ਤੋਂ ਵੱਧ ਬੂਟੇ ਲਾਉਣ ਦੀ ਕੀਤੀ ਅਪੀਲ

5 Dariya News

ਭਵਾਨੀਗੜ੍ਹ 14-Aug-2025

ਹਲਕਾ ਵਿਧਾਇਕ ਸ਼੍ਰੀਮਤੀ ਨਰਿੰਦਰ ਕੌਰ ਭਰਾਜ ਨੇ ਪਿੰਡ ਨਦਾਮਪੁਰ ਵਿਖੇ ਪ੍ਰਸ਼ਾਸਨ, ਸਮੁੱਚੀ ਪੰਚਾਇਤ ਅਤੇ ਆਪ ਟੀਮ ਨਾਲ ਰਲ ਕੇ 200 ਬੂਟੇ ਲਗਾ ਕੇ ਜ਼ਿਲ੍ਹਾ ਪੱਧਰੀ ਵਣ ਮਹਾਂਉਤਸਵ ਮਨਾਇਆ। ਇਸ ਮੌਕੇ ਉਨ੍ਹਾਂ ਕਿਹਾ ਕਿ ਚੰਗੀ ਜ਼ਿੰਦਗੀ ਲਈ ਵਾਤਾਵਰਨ ਦੀ ਸੰਭਾਲ ਲਾਜ਼ਮੀ ਹੈ, ਜਿਸ ਲਈ ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲੀ ਜ਼ਰੂਰੀ ਹੈ। 

ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਸਾਫ਼ ਰਹਿ ਸਕੇ ਤੇ ਬਿਮਾਰੀਆਂ ਤੋਂ ਵੀ ਬਚਾਅ ਹੋ ਸਕੇ। ਉਹਨਾਂ ਕਿਹਾ ਕਿ ਹਰ ਮਨੁੱਖ ਘੱਟੋ ਘਟ 05 ਬੂਟੇ ਤਾਂ ਲਾਜ਼ਮੀ ਹੀ ਲਾਵੇ। ਹਲਕਾ ਵਿਧਾਇਕ ਨੇ ਕਿਹਾ ਕਿ ਅੱਜ ਜਦੋਂ ਸਾਰੀ ਦੁਨੀਆਂ ਵਾਤਾਵਰਨ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੀ ਹੈ ਤਾਂ ਵਾਤਾਵਰਨ ਸੰਭਾਲ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। 

ਜੇ ਵਾਤਾਵਰਨ ਸਾਫ਼ ਹੋਵੇਗਾ ਤਾਂ ਅਸੀਂ ਸਾਫ਼ ਹਵਾ ਵਿੱਚ ਸਾਹ ਲੈ ਸਕਾਂਗੇ ਤੇ ਬਿਮਾਰੀਆਂ ਤੋਂ ਬਚੇ ਰਹਾਂਗੇ। ਇਸ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇਗਾ। ਹਲਕਾ ਵਿਧਾਇਕ ਨੇ ਕਿਹਾ ਕਿ ਜਿਸ ਰਫ਼ਤਾਰ ਨਾਲ ਦਰੱਖਤ ਵੱਢ ਦਿੱਤੇ ਗਏ ਹਨ, ਉਸ ਹਿਸਾਬ ਨਾਲ ਆਉਣ ਵਾਲੀਆਂ ਨਸਲਾਂ ਨੂੰ ਸਾਹ ਲੈਣ ਜੋਗੀ ਆਕਸੀਜਨ ਵੀ ਨਹੀਂ ਮਿਲਣੀ। 

ਇਸ ਲਈ ਦਰੱਖਤ ਵੱਢਣ ਦੀ ਮਾੜੀ ਪਿਰਤ ਛੱਡ ਕੇ ਬੂਟੇ ਲਾਉਣ ਦੀ ਮੁਹਿੰਮ ਵਿੱਢੀ ਜਾਵੇ। ਉਨ੍ਹਾਂ ਨੇ ਨਾਲ ਇਹ ਵੀ ਕਿਹਾ ਕਿ ਬੂਟੇ ਲਾਉਣ ਵੇਲੇ ਤਰਜੀਹ ਸਥਾਨਕ ਬੂਟੇ ਲਾਉਣ ਨੂੰ ਹੀ ਦਿੱਤੀ ਜਾਵੇ। ਉਹਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਖੇਤਾਂ ਵਿੱਚ ਵੀ ਵੱਧ ਤੋਂ ਵੱਧ ਬੂਟੇ ਲਗਾਏ ਜਾਣ।

ਇਸ ਮੌਕੇ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਪੰਚਾਇਤ ਤੇ ਪਿੰਡ ਵਾਸੀ ਹਾਜ਼ਰ ਸਨ।