ਯੁੱਧ ਨਸ਼ਿਆਂ ਵਿਰੁੱਧ : ਸਾਫ ਸੁਥਰੇ ਅਕਸ ਵਾਲੀਆਂ ਹਸਤੀਆਂ ਨੂੰ ਹੀ ਪਿੰਡਾਂ ਅਤੇ ਸ਼ਹਿਰਾਂ ਦੀ ਰਾਖੀ ਕਰਨ ਲਈ ਲਿਆ ਜਾਵੇ ਡਿਫੈਂਸ ਕਮੇਟੀਆਂ ਚ - ਸਾਕਸ਼ੀ ਸਾਹਨੀ
ਪਾਰਟੀਬਾਜੀ ਤੋਂ ਉਪਰ ਉਠ ਕੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦਾ ਬਣੋ ਹਿੱਸਾ-ਸੋਨੀਆ ਮਾਨ
5 Dariya News
ਅੰਮ੍ਰਿਤਸਰ 12-Aug-2025
ਰਾਜ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਉਦੇਸ਼ਾਂ ਦੀ ਪੂਰਤੀ ਅਤੇ ਵੱਧ ਤੋਂ ਵੱਧ ਜਨਤਕ ਜਾਗਰੂਕਤਾ ਕਰਨ ਲਈ ਪਿੰਡਾਂ ਅਤੇ ਸ਼ਹਿਰਾਂ ਦੀਆਂ ਡਿਫੈਂਸ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਜੋ ਨਸ਼ਿਆਂ ਵਿਰੁੱਧ ਆਪਣਾ ਕੰਮ ਕਰਨਗੀਆਂ ਅਤੇ ਘਰ ਘਰ ਤੱਕ ਪਹੁੰਚ ਕਰਕੇ ਲੋਕਾਂ ਨੂੰ ਨਸ਼ੇ ਤੇ ਮਾੜੇ ਪ੍ਰਭਾਵਾਂ ਤੋਂ ਜਾਗਰੂਕ ਕਰਨਗੀਆਂ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸ਼ੀਮਤੀ ਸਾਕਸ਼ੀ ਸਾਹਨੀ ਨੇ ਜਿਲ੍ਹੇ ਅੰਦਰ ਪਿੰਡ ਅਤੇ ਸ਼ਹਿਰ ਵਿੱਚ ਡਿਫੈਂਸ ਕਮੇਟੀਆਂ ਨੂੰ ਬਣਾਉਣ ਦੇ ਕੰਮ ਦੀ ਸਮੀਖਿਆ ਕਰਦੇ ਹੋਏ ਕੀਤਾ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਵਿੱਚ ਹਾਜਰ ਸਮੂਹ ਅਧਿਕਾਰੀਆਂ ਅਤੇ ਨਸ਼ਾ ਮੁਕਤੀ ਯਾਤਰਾ ਦੇ ਹਲਕਾ ਇੰਚਾਰਜ ਅਤੇ ਕੁਆਰਡੀਨੇਟਰਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ 10 ਸਤੰਬਰ ਤੱਕ ਉਹ ਆਪੋ ਆਪਣੇ ਪਿੰਡ ਪੱਧਰ ਅਤੇ ਸ਼ਹਿਰ ਵਿੱਚ ਵਾਰਡ ਪੱਧਰ ਤੇ ਡਿਫੈਂਸ ਕਮੇਟੀਆਂ ਦਾ ਗਠਨ ਕਰਨ। ਡਿਪਟੀ ਕਮਿਸ਼ਨਰ ਜੋਰ ਦੇ ਕੇ ਕਿਹਾ ਕਿ ਕਮੇਟੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਦੀ ਪੁਲਿਸ ਜਾਂਚ ਜਰੂਰ ਕਰਵਾਈ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਉਨ੍ਹਾਂ ਦਾ ਰਿਕਾਰਡ ਸਾਫ ਸੁਥਰਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਨ੍ਹਾਂ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਸ਼ਨਾਖਤੀ ਪੱਤਰ ਵੀ ਜਾਰੀ ਕੀਤੇ ਜਾਣਗੇ ਅਤੇ ਇਨ੍ਹਾਂ ਕਮੇਟੀਆਂ ਦੇ ਮੈਂਬਰ ਘਰ ਘਰ ਜਾ ਕੇ ਨਸ਼ੇ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨਗੇ ਅਤੇ ਇਸ ਤੋਂ ਇਲਾਵਾ ਆਪਣੇ ਹਲਕੇ ਵਿੱਚ ਨਸ਼ਾ ਤਸਕਰਾਂ ਤੇ ਨਜਰ ਰੱਖਣਗੇ ਅਤੇ ਉਸ ਦੀ ਸੂਚਨਾ ਪੁਲਿਸ ਨੂੰ ਮੁਹੱਈਆ ਕਰਨਗੇ। ਉਨ੍ਹਾਂ ਕਿਹਾ ਕਿ ਹਰੇਕ ਡਿਫੈਂਸ ਕਮੇਟੀ ਆਪਣੇ ਹਲਕੇ ਵਿੱਚ ਮੀਟਿੰਗ ਕਰਨ ਤੋਂ ਪਹਿਲਾਂ ਮੁਨਾਦੀ ਜਰੂਰ ਕਰਵਾਏ ਤਾਂ ਜੋ ਲੋਕ ਇਨ੍ਹਾਂ ਕਮੇਟੀਆਂ ਵਿੱਚ ਭਾਗ ਲੈ ਸਕਣ।
ਮੀਟਿੰਗ ਦੌਰਾਨ ਨਸ਼ਾ ਮੁਕਤੀ ਮੋਰਚਾ ਮਾਝਾ ਜੋਨ ਦੀ ਇੰਚਾਰਜ ਅਤੇ ਹਲਕਾ ਰਾਜਾਸਾਂਸੀ ਦੀ ਇੰਚਾਰਜ ਮੈਡਮ ਸੋਨੀਆ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀਬਾਜੀ ਤੋਂ ਉਪਰ ਉਠ ਕੇ ਚੰਗੀਆਂ ਸਖਸ਼ੀਅਤਾਂ ਨੂੰ ਇਨ੍ਹਾਂ ਕਮੇਟੀਆਂ ਵਿੱਚ ਸ਼ਾਮਲ ਕੀਤਾ ਜਾਵੇ ਅਤੇ ਨਿਰਪੱਖ ਢੰਗ ਨਾਲ ਕਮੇਟੀਆਂ ਦੀ ਚੋਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸਾਰੇ ਮਿਲ ਕੇ ਕੰਮ ਕਰਾਂਗੇ ਤਾਂ ਸੂਬੇ ਨੂੰ ਨਸ਼ਾ ਮੁਕਤ ਬਣਾ ਸਕਦੇ ਹਾਂ।
ਮੈਡਮ ਮਾਨ ਨੇ ਕਿਹਾ ਕਿ ਪੰਜਾਬ ਵਿੱਚ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਅੰਤਿਮ ਦੌਰ ਵਿੱਚ ਪਹੁੰਚ ਚੁੱਕੀ ਹੈ ਅਤੇ ਪਿੰਡਾਂ ਤੇ ਸ਼ਹਿਰਾਂ ਲਈ ਡਿਫੈਂਸ ਕਮੇਟੀਆਂ ਪੰਜਾਬ ਵਿੱਚੋਂ ਨਸ਼ਾ ਤਸਕਰੀ ਦਾ ਖੁਰਾ-ਖੋਜ ਮਿਟਾ ਦੇਣਗੀਆਂ। ਉਨ੍ਹਾ ਕਿਹਾ ਕਿ ਹੁਣ ਪਿੰਡਾਂ ਅਤੇ ਸ਼ਹਿਰਾਂ ਨੂੰ ਭਵਿੱਖ ਵਿੱਚ ਨਸ਼ਿਆਂ ਦੀ ਲਾਹਨਤ ਤੋਂ ਮੁਕਤ ਰੱਖਣ ਲਈ ਡਿਫੈਂਸ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਅਤੇ “ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਨਸ਼ਿਆਂ ਵਿਰੁੱਧ ਜੰਗ ਦੇ ਜਰਨੈਲ ਬਣ ਕੇ ਪਿੰਡਾਂ ਤੇ ਸ਼ਹਿਰਾਂ ਦੀ ਰਾਖੀ ਕਰੋਗੇ।
ਅਸੀਂ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣ ਦਾ ਸੁਪਨਾ ਦੇਖਿਆ ਹੈ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਇਸ ਸੁਪਨੇ ਨੂੰ ਸਾਕਾਰ ਕਰਨ ਵਿੱਚ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ। ਅਸੀਂ ਪੰਜਾਬ ਦੀ ਅਣਖ, ਗੌਰਵ ਅਤੇ ਸਵੈ-ਮਾਣ ਨੂੰ ਬਹਾਲ ਕਰਨ ਦਾ ਸੰਕਲਪ ਲੈਂਦੇ ਹਾਂ।” ਮੈਡਮ ਸੋਨੀਆ ਮਾਨ ਨੇ ਮੀਟਿੰਗ ਦੌਰਾਨ ਦੱਸਿਆ ਕਿ ਵਿਲੇਜ ਡਿਫੈਂਸ ਕਮੇਟੀਆਂ ਅਤੇ ਵਾਰਡ ਡਿਫੈਂਸ ਕਮੇਟੀਆਂ ਦਾ ਗਠਨ ਚਾਰ ਮੈਂਬਰੀਂ ਕਮੇਟੀ ਕਰੇਗੀ ਜਿਨ੍ਹਾਂ ਵਿੱਚ ਪਿੰਡ ਦਾ ਸਰਪੰਚ ਜਾਂ ਵਾਰਡ ਦਾ ਕੌਂਸਲਰ, ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦਾ ਮੈਂਬਰ, ਬੀ.ਡੀ.ਪੀ.ਓ. ਜਾਂ ਬੀ.ਡੀ.ਪੀ.ਓ. ਦਾ ਨੁਮਾਇੰਦਾ ਅਤੇ ਐਸ.ਐਚ.ਓ. ਜਾਂ ਐਸ.ਐਚ.ਓ. ਦਾ ਨੁਮਾਇੰਦਾ ਸ਼ਾਮਲ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਕਮੇਟੀਆਂ ਵਿੱਚ ਆਬਾਦੀ ਦੇ ਹਿਸਾਬ ਨਾਲ 10 ਤੋਂ 20 ਮੈਂਬਰ ਹੋਣਗੇ। ਇਨ੍ਹਾਂ ਡਿਫੈਂਸ ਕਮੇਟੀਆਂ ਵਿੱਚ ਨਸ਼ਿਆਂ ਦੀ ਅਲਾਮਤ ਦੇ ਖਿਲਾਫ਼ ਕੰਮ ਕਰ ਰਹੇ ਸਾਫ ਸੁਥਰੇ ਅਕਸ ਵਾਲੇ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ ਜਿਨ੍ਹਾਂ ਵਿੱਚ ਸੇਵਾ-ਮੁਕਤ ਫੌਜੀਆਂ, ਅਧਿਆਪਕਾਂ ਅਤੇ ਨੰਬਰਦਾਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਹ ਕਮੇਟੀ ਸਬੰਧਤ ਇਲਾਕੇ ਦੇ ਐਸ.ਡੀ.ਐਮ. ਵੱਲੋਂ ਨੋਟੀਫਾਈ ਕੀਤੀ ਜਾਵੇਗੀ।
ਉਨ੍ਹਾਂ ਨੇ ਦੱਸਿਆ ਕਿ ਇਨ੍ਹਾਂ ਕਮੇਟੀਆਂ ਦੇ ਮੈਂਬਰਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਸ਼ਨਾਖਤੀ ਕਾਰਡ ਵੀ ਜਾਰੀ ਕੀਤੇ ਜਾਣਗੇ ਤਾਂ ਕਿ ਨਸ਼ਾ ਤਸਕਰਾਂ ਬਾਰੇ ਕੋਈ ਵੀ ਇਤਲਾਹ ਦੇਣ ਜਾਂ ਨਸ਼ਿਆਂ ਦੀ ਰੋਕਥਾਮ ਬਾਰੇ ਹੋਰ ਸਰਗਰਮੀਆਂ ਕਰਵਾਉਣ ਬਾਰੇ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪਿੰਡ ਜਾਂ ਵਾਰਡ ਵਿੱਚ 24 ਘੰਟੇ ਨਿਗਰਾਨੀ ਰੱਖੀ ਜਾਵੇਗੀ ਤਾਂ ਕਿ ਕੋਈ ਤਸਕਰ ਨਸ਼ਾ ਵੇਚਣ ਦੀ ਹਿੰਮਤ ਨਾ ਕਰ ਸਕੇ।
ਉਨ੍ਹਾਂ ਕਿਹਾ ਕਿ ਇਨ੍ਹਾਂ ਕਮੇਟੀਆਂ ਦੇ ਮੈਂਬਰ ਨਸ਼ਾ ਛੁਡਾਊ ਪ੍ਰੋਗਰਾਮਾਂ ਵਿੱਚ ਵੀ ਪੀੜਤਾਂ ਦੀ ਮਦਦ ਕਰਨਗੇ ਅਤੇ ਨਸ਼ਾ ਛੱਡਣ ਵਾਲਿਆਂ ਦੇ ਮੁੜ ਵਸੇਬੇ ਲਈ ਯਤਨ ਕੀਤੇ ਜਾਣਗੇ। ਮੀਟਿੰਗ ਦੌਰਾਨ ਨਸ਼ਾ ਮੁਕਤੀ ਮੋਰਚਾ ਦੇ ਜਿਲ੍ਹਾ ਕੁਆਰਡੀਨੇਟਰ ਸ੍ਰੀ ਦੀਕਸ਼ਤ ਧਵਨ ਨੇ ਦੱਸਿਆ ਕਿ 100 ਫੀਸਦੀ ਨਸ਼ਾ ਮੁਕਤ ਹੋਣ ਦਾ ਟੀਚਾ ਹਾਸਲ ਕਰਨ ਵਾਲੇ ਪਿੰਡ ਜਾਂ ਵਾਰਡ ਨੂੰ ਸਰਕਾਰੀ ਪੱਧਰ ’ਤੇ ਮਾਨਤਾ ਦਿੱਤੀ ਜਾਵੇਗੀ ਅਤੇ ਇਸ ਪਿੰਡ ਜਾਂ ਵਾਰਡ ਦੇ ਕਮੇਟੀ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਪ੍ਰਸੰਸਾ ਪੱਤਰ ਵੀ ਜਾਰੀ ਕੀਤੇ ਜਾਣਗੇ।
ਉਨ੍ਹਾਂ ਹਲਕਾ ਇੰਚਾਰਜਾਂ ਨੂੰ ਦੱਸਿਆ ਕਿ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਮੀਟਿੰਗ ਦੀ ਹਾਜਰੀ ਜਰੂਰ ਲਗਾਈ ਜਾਵੇ ਅਤੇ ਮੀਟਿੰਗ ਸਬੰਧੀ ਮੁਨਾਦੀ ਵੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਮੀਟਿੰਗਾਂ ਦਾ ਸ਼ਡਿਊਲ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਜਾਵੇ ਕਿ ਮੀਟਿੰਗ ਕਦੋ ਤੇ ਕਿਥੇ ਹੋਣੀ ਹੈ।
ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ਼ਹਿਰੀ ਵਿਕਾਸ ਸ੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀਮਤੀ ਪਰਮਜੀਤ ਕੌਰ, ਐਸ:ਡੀ:ਐਮਜ਼ ਸ੍ਰ ਗੁਰਸਿਮਰਨ ਸਿੰਘ, ਸ੍ਰ ਮਨਕੰਵਲ ਸਿੰਘ ਚਾਹਲ, ਐਸ:ਡੀ:ਐਮ ਬਾਬਾ ਬਕਾਲਾ ਸ੍ਰੀ ਅਮਨਦੀਪ ਸਿੰਘ, ਐਸ:ਡੀ:ਐਮ ਅਜਨਾਲਾ ਸ੍ਰ ਰਵਿੰਦਰ ਸਿੰਘ ਅਰੋੜਾ, ਡੀ:ਸੀ:ਪੀ ਮੈਡਮ ਸਤਿੰਦਰ ਕੌਰ ਅਤੇ ਦਿਹਾਤੀ ਖੇਤਰ ਦੇ ਡੀ:ਐਸ:ਪੀਜ ਤੋਂ ਇਲਾਵਾ ਨਸ਼ਾ ਮੁਕਤੀ ਮੋਰਚੇ ਦੇ ਹਲਕਾ ਕੁਆਰਡੀਨੇਟਰ ਸਾਹਿਬ ਸਿੰਘ ਗਿੱਲ੍ਹ, ਰਣਜੀਤ ਸਿੰਘ, ਮਨਜੀਤ ਸਿੰਘ,ਹਨੀ ਨਾਹਰ, ਸੁਨੀਲ ਕੁਮਾਰ, ਰਾਜੇਸ਼ ਹਾਂਡਾ, ਰਿਸ਼ੀ ਕਪੂਰ ਲੱਕੀ,ਮੈਡਮ ਸ਼ੀਤਲ ਕੌਰ, ਮਨਜੀਤ ਸਿੰਘ ਫੌਜੀ, ਬਲਬੀਰ ਕਪੂਰ ਹਾਜਰ ਸਨ।