5 Dariya News

ਪਿਛਲੀਆਂ ਸਰਕਾਰਾਂ ਦੌਰਾਨ ਖੁੰਭਾਂ ਵਾਂਗ ਉੱਗੇ ਨਸ਼ਾ ਤਸਕਰਾਂ ਨੂੰ ਪਿਆ ਭੜਥੂ - ਕੁਲਦੀਪ ਸਿੰਘ ਧਾਲੀਵਾਲ

ਨਸ਼ਾ ਮੁਕਤ ਬਣਾਉਣ ਲਈ ਗ੍ਰਾਮ ਪੰਚਾਇਤਾਂ ਆਪਣੇ ਪਿੰਡਾਂ ਦੀਆਂ ਬਣ ਰਹੀਆਂ ਨੇ ਪਹਿਰੇਦਾਰ- ਧਾਲੀਵਾਲ

5 Dariya News

ਅੰਮ੍ਰਿਤਸਰ /ਅਜਨਾਲਾ/ਰਮਦਾਸ 04-Aug-2025

ਅੱਜ ਵਿਧਾਇਕ ਤੇ ਸਾਬਕਾ ਮੰਤਰੀ ਪੰਜਾਬ ਸ: ਕੁਲਦੀਪ ਸਿੰਘ ਧਾਲੀਵਾਲ ਵਲੋਂ ਯੁੱਧ ਨਸ਼ਿਆਂ ਵਿਰੁੱਧ ਤਹਿਤ ਸਰਹੱਦੀ ਪਿੰਡਾਂ ਪੈੜੇਵਾਲ, ਲੱਖੁਵਾਲ, ਮਲਿਕਪੁਰ, ਧੰਗਈ ਤੇ ਦਰਿਆ ਮੂਸਾ ‘ਚ ਕਰਵਾਈਆਂ ਗਈਆਂ ਪ੍ਰਭਾਵਸ਼ਾਲੀ ਨਸ਼ਾ ਮੁਕਤੀ ਯਾਤਰਾਵਾਂ ‘ਚ ਸ਼ਮੂਲੀਅਤ ਕੀਤੀ ਅਤੇ ਨਸ਼ਾ ਮੁਕਤੀ ਯਾਤਰਾਵਾਂ ਦੇ ਆਗਾਜ਼ ‘ਚ ਹਾਜਰੀਨ ਗ੍ਰਾਮ ਪੰਚਾਇਤਾਂ , ਸੈਲਫ ਡਿਫੈਂਸ ਕਮੇਟੀਆਂ , ਯੂਥ ਕਲੱਬਾਂ ਤੇ ਨਸ਼ਿਆਂ ਦੇ ਪ੍ਰਕੋਪ ਤੋਂ ਬਚਾਓ ਲਈ ਲੋਕਾਂ ਨੂੰ ਜਾਗਰੂਕ ਕਰਨ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧਾਂ ਨੂੰ ਨਸ਼ਿਆਂ ਵਿਰੁੱਧ ਸਮੂਹਿਕ ਹਲਫ ਦਿਵਾਉਂਦਿਆਂ ਵਾਅਦਾ ਲਿਆ ਕਿ ਉਹ ਆਪਣੇ ਆਪਣੇ ਪਿੰਡਾਂ ‘ਚ ਪਹਿਰੇਦਾਰੀ ਕਰਕੇ ਨਸ਼ਿਆਂ ਦੇ ਧੰਦੇ ਨੂੰ ਮੂਲ਼ੋਂ ਨਸ਼ਟ ਕਰਨ ਵਾਸਤੇ ਨਸ਼ੇ ਦਾ ਧੰਦਾ ਕਰਨ ‘ਚ ਲੱਗੇ ਹੋਏ ਪਿੰਡ ਦੇ ਵਿਅਕਤੀ ਬਾਰੇ ਪੁਲੀਸ ਤੇ ਸਰਕਾਰ ਨੂੰ ਸਹਿਯੋਗ ਕਰਨ ਤੋਂ ਇਲਾਵਾ ਪਿੰਡ ‘ਚ ਨਸ਼ਾ ਵੇਚਣ ਲਈ ਬਾਹਰੋਂ ਆਉਂਦੇ ਸਮਾਜ ਵਿਰੋਧੀ ਅਨਸਰ ਦਾ ਪਿੰਡ ‘ਚ ਦਾਖਲਾ ਬੰਦ ਕਰਨ ਸਮੇਤ ਨਸ਼ੇ ਦੇ ਧੰਦੇ ‘ਚ ਗ੍ਰਿਫਤਾਰ ਕਥਿਤ ਦੋਸ਼ੀਆਂ ਦੀ ਪੁਲੀਸ ਕੋਲ ਨਾ ਤਾਂ ਪੈਰਵਾਈ ਕਰਨਗੇ ਅਤੇ ਨਾ ਹੀ ਜਮਾਨਤਾਂ ਲਈ ਨਸ਼ਾ ਤਸਕਰਾਂ ਨੂੰ ਸਹਿਯੋਗ ਦੇਣਗੇ। 

ਗ੍ਰਾਮ ਪੰਚਾਇਤਾਂ ਤੇ ਮੋਹਤਬਰਾਂ ਨੇ ਵਿਧਾਇਕ ਤੇ ਸਾਬਕਾ ਮੰਤਰੀ ਸ: ਧਾਲੀਵਾਲ ਨੂੰ ਭਰੋਸਾ ਦਿੱਤਾ ਕਿ ਉਹ ਨਸ਼ਿਆਂ ਦੇ ਖਾਤਮੇ ਲਈ ਆਪਣੇ ਆਪਣੇ ਪਿੰਡਾਂ ਦੀ ਸਵੈ ਇੱਛਾ ਨਾਲ ਪਹਿਰੇਦਾਰੀ ਕਰਨਗੇ। ਉਪਰੰਤ ਇਸ ਮੌਕੇ ਹੋਈਆਂ ਪ੍ਰਭਾਵਸ਼ਾਲੀ ਨਸ਼ਾ ਵਿਰੋਧੀ ਜਾਗਰੂਕਤਾ ਰੈਲੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਤੇ ਸਾਬਕਾ ਮੰਤਰੀ ਸ: ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਦੀ ਜੋੜੀ ਵਲੋਂ ਪਹਿਲੀ ਮਾਰਚ ਤੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਵਿੱਢੇ ਯੁੱਧ ਨਸ਼ਿਆਂ ਵਿਰੁੱਧ ਤੇ ਨਸ਼ਾ ਮੁਕਤੀ ਯਾਤਰਾਵਾਂ ਦੌਰਾਨ ਸਰਕਾਰ ਵਲੋਂ ਚੁੱਕੇ ਗਏ ਸਖਤ ਕਦਮਾਂ ਵਜੋਂ ਨਸ਼ਾ ਤਸਕਰਾਂ ਵਲੋਂ ਨਸ਼ਿਆਂ ਦੀ ਕਾਲੀ ਕਮਾਈ ਨਾਲ ਨਜਾਇਜ਼ ਥਾਵਾਂ ਤੇ ਬਣਾਈਆਂ ਗਈਆਂ ਘਰੇਲੂ ਉਸਾਰੀਆਂ ਨੂੰ ਬੁਲਡੋਜ਼ਰ ਨਾਲ ਢਹਿ ਢੇਰੀ ਕੀਤੇ ਜਾਣ ਅਤੇ 24 ਹਜਾਰ 500 ਦੇ ਕਰੀਬ ਤਸਕਰਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕਰਕੇ ਕੌਮਾਂਤਰੀ ਮੰਡੀ ‘ਚ ਅਰਬਾਂ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਬਰਾਮਦ ਤੇ 13 ਕਰੋੜ ਡਰੱਗ ਮਨੀ ਬਰਾਮਦ ਕੀਤੇ ਜਾਣ ਨਾਲ ਸਾਬਕਾ ਕਾਂਗਰਸ ਤੇ ਅਕਾਲੀ ਭਾਜਪਾ ਸਰਕਾਰਾਂ ਦੌਰਾਨ ਪਿੰਡਾਂ ਤੇ ਸ਼ਹਿਰੀ ਮੁਹੱਲਿਆਂ ‘ਚ ਖੁੰਭਾਂ ਵਾਂਗੂ ਉੱਗੇ ਤੇ ਰੰਗਲੇ ਖੁਸ਼ਹਾਲ ਪੰਜਾਬ ਦੀ ਨਸ਼ੇੜੀ ਹੋਣ ਦੀ ਪਛਾਣ ਬਣਾਉਣ ਵਾਲੇ ਨਸ਼ਾ ਤਸਕਰਾਂ ਤੇ ਭੜਥੂ ਪਿਆ ਹੋਇਆ ਹੈ। 

ਜਿਸ ਦੇ ਨਤੀਜੇ ਵਜੋਂ ਨਸ਼ਾ ਤਸਕਰਾਂ ਦੀ ਨਵੀਂ ਪਨੀਰੀ (ਨਵੇਂ ਧੰਦੇਬਾਜ਼) ਇਸ ਕਾਲੇ ਧੰਦੇ ਨੂੰ ਅਪਣਾਉਣ ਤੋਂ ਪਹਿਲਾਂ ਹੀ ਤੌਬਾ ਕਰਕੇ ਮੁੱਖ ਧਾਰਾ ‘ਚ ਪਰਤੀ ਹੋਈ ਹੈ, ਜਦੋਂਕਿ ਰੋਜ਼ਾਨਾ ਹੀ  100 ਪੁਲੀਸ ਗਜਟਿਡ ਅਫਸਰਾਂ ਤੇ 1500 ਦੇ ਕਰੀਬ ਪੁਲੀਸ ਕਰਮਚਾਰੀਆਂ ਤੇ ਅਧਾਰਿਤ 500 ਪੁਲੀਸ ਪਾਰਟੀਆਂ ਵਲੋਂ 500 ਦੇ ਕਰੀਬ ਹੀ ਨਸ਼ਾ ਤਸਕਰਾਂ ਦੀਆਂ ਥਾਵਾਂ ਤੇ ਛਾਪਾਮਾਰੀ ਕਰਕੇ ਰਹਿੰਦੇ ਨਸ਼ਾ ਤਸਕਰਾਂ ਨੂੰ ਰੰਗੇ ਹੱਥੀ ਗ੍ਰਿਫਤਾਰ ਕੀਤੇ ਜਾਣ ਦੇ ਡਰ ਤੋਂ ਬਹੁਤੇ ਨਸ਼ਾ ਤਸਕਰ ਪੰਜਾਬ ‘ਚੋਂ ਬਾਹਰਲਿਆਂ ਸੂਬਿਆਂ ‘ਚ ਚਲੇ ਗਏ ਹਨ। 

ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਤੇ ਆਮ ਆਦਮੀ ਪਾਰਟੀ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਦੀ ਸਨਮਾਨਯੋਗ ਜੋੜੀ ਦੀ ਅਗਵਾਈ ‘ਚ ਉਦੋਂ ਤੱਕ ਅਰਾਮ ਨਾਲ ਨਹੀਂ ਬੈਠੇਗੀ , ਜਦੋਂ ਤੱਕ ਉਨ੍ਹਾਂ ਦਾ ਸਰਕਾਰ ਤੇ ਪਾਰਟੀ ਦੇ ਸੁਮੇਲ ਨਾਲ, ਪੰਜਾਬ ਨੂੰ ਨਸ਼ਾ ਮੁਕਤ ਕਰਕੇ ਮੁੜ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਸਾਕਾਰ ਨਹੀਂ ਹੁੰਦਾ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਡੀ ਅੇਸ.ਪੀ. ਅਜਨਾਲਾ ਗੁਰਵਿੰਦਰ ਸਿੰਘ ਅੋਲਖ, ਅੇਸਐਚਓ ਰਮਦਾਸ ਆਗਿਆਪਾਲ ਸਿੰਘ, ਬੀਡੀਪੀਓ ਪਵਨ ਕੁਮਾਰ, ਸਮੇਤ ਵੱਡੀ ਗਿਣਤੀ ‘ਚ ਪੰਚ ਸਰਪੰਚ , ਨੰਬਰਦਾਰ, ਮੋਹਤਬਰ, ਤੇ ਪਾਰਟੀ ਦੇ ਵਲੰਟੀਅਰ ਮੌਜੂਦ ਸਨ।