5 Dariya News

ਹਲਕਾ ਖਡੂਰ ਸਾਹਿਬ ਦੇ ਸਰਵ-ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ - ਮਨਜਿੰਦਰ ਸਿੰਘ ਲਾਲਪੁਰਾ

ਹਲਕਾ ਖਡੂਰ ਸਾਹਿਬ ਦੀਆਂ 24 ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਦਾ ਕੰਮ ਜਲਦੀ ਸ਼ੁਰੂ ਕੀਤਾ ਜਾਵੇਗਾ

5 Dariya News

ਖਡੂਰ ਸਾਹਿਬ/ਤਰਨ ਤਾਰਨ 25-Jul-2025

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਭਰ ਵਿੱਚ ਬਿਨਾਂ ਭੇਦ-ਭਾਵ ਵਿਕਾਸ ਕਰਵਾਇਆ ਜਾ ਰਿਹਾ ਹੈ ਅਤੇ ਹਲਕਾ ਖਡੂਰ ਸਾਹਿਬ ਦੇ ਸਰਵ-ਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਸ੍ਰ. ਮਨਜਿੰਦਰ ਸਿੰਘ ਲਾਲਪੁਰਾ ਨੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਲਾਲਪੁਰਾ ਵਿਖੇ 1 ਕਰੋੜ 08 ਲੱਖ ਰੁਪਏ ਦੀ ਲਾਗਤ ਨਾਲ ਮੱਲਮੋਹਰੀ ਤੋਂ ਲਾਲਪੁਰਾ ਤੱਕ 2.44 ਕਿਲੋਮੀਟਰ ਸੜਕ ਨੂੰ ਚੌੜਾ ਕਰਨ ਦੇ ਕੰਮ ਦਾ ਉਦਘਾਟਨ ਕਰਦਿਆਂ ਕੀਤਾ।

ਉਹਨਾਂ ਦੱਸਿਆ ਕਿ ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਦੀਆਂ 24 ਲਿੰਕ ਸੜਕਾਂ ਦੀ ਸਪੈਸ਼ਲ ਰਿਪੇਅਰ ਦਾ ਕੰਮ ਜਲਦੀ ਹੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ‘ਤੇ ਲੱਗਭੱਗ 19 ਕਰੋੜ ਰੁਪਏ ਦੀ ਲਾਗਤ ਆਵੇਗੀ। ਸ੍ਰੀ ਲਾਲਪੁਰਾ ਨੇ ਦੱਸਿਆ ਕਿ 2 ਕਰੋੜ 68 ਲੱਖ ਰੁਪਏ ਦੀ ਲਾਗਤ ਨਾਲ ਹਲਕੇ ਦੀਆਂ ਤਿੰਨ ਸੜਕਾਂ ਦੀ ਮੁਰੰਮਤ ਅਤੇ ਚੌੜਾ ਕਰਨ ਕੰਮਾਂ ਦਾ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਤਰਨ ਤਾਰਨ/ਖਡੂਰ ਸਾਹਿਬ ਤੋਂ ਦੀਨੇਵਾਲ ਜਾਣ ਵਾਲੀ 3.25 ਕਿਲੋਮੀਟਰ ਸੜਕ ਨੂੰ ਚੌੜੇ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ, ਜਿਸ ਉੱਪਰ 01 ਕਰੋੜ 46 ਲੱਖ ਰੁਪਏ ਦੀ ਰਾਸ਼ੀ ਖਰਚ ਹੋਵੇਗੀ। ਇਸੇ ਤਰ੍ਹਾਂ ਪਿੰਡ ਰੂੜੇ ਆਸਲ ਦੀ ਫਿਰਨੀ ਨੂੰ ਕੰਕਰੀਟ ਨਾਲ 600 ਮੀਟਰ ਤੱਕ ਤਿਆਰ ਕਰਨ ਲਈ 48 ਲੱਖ ਰੁਪਏ ਦੀ ਲਾਗਤ ਆਈ ਹੈ ਅਤੇ ਤਰਨ ਤਾਰਨ/ਗੋਇੰਦਵਾਲ ਸਾਹਿਬ ਬਾਈਪਾਸ ਤੋਂ ਗੁਰਦੁਆਰਾ ਸੰਤਸਰ ਹੰਸਲੀ ਸਾਹਿਬ ਦੀ ਰੋਡ ਕੰਕਰੀਟ ਨਾਲ 1 ਕਿਲੋਮੀਟਰ ਤੱਕ ਪੱਕਾ ਕਰਨ ਅਤੇ 600 ਮੀਟਰ ਦੀ ਰਿਪੇਅਰ ਉੱਪਰ ਕੁੱਲ 74 ਲੱਖ ਰੁਪਏ ਦੀ ਲਾਗਤ ਆਵੇਗੀ।

ਇਸ ਮੌਕੇ ਵਿਧਾਇਕ ਸ੍ਰੀ ਮਨਜਿੰਦਰ ਸਿੰਘ ਲਾਲਪੁਰਾ ਨੇ ਦੱਸਿਆ ਕਿ ਹਲਕਾ ਖਡੂਰ ਸਾਹਿਬ ਵਿੱਚ ਇਸ ਤੋਂ ਇਲਾਵਾ ਸਕੂਲਾਂ, ਖੇਡ ਸਟੇਡੀਅਮ, ਦਰਿਆ ਅਤੇ ਹੋਰ ਵੱਖ-ਵੱਖ ਕੰਮਾਂ ਲਈ ਬੀਤੇ ਸਮੇਂ ਵਿਚ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਸਮੂਹ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਲਈ ਵੀ ਪੰਜਾਬ ਸਰਕਾਰ ਵੱਲੋਂ ਹੋਰ ਗ੍ਰਾਟਾਂ ਜਾਰੀ ਹੋਣ ਜਾ ਰਹੀਆਂ ਹਨ। 

ਇਸ ਮੌਕੇ ਉਨ੍ਹਾਂ ਨਾਲ ਮੰਡੀ ਬੋਰਡ ਦੇ ਐਸ. ਡੀ. ਓ. ਜਸਕਰਨ ਸਿੰਘ,  ਜੇ. ਈ. ਰਜਿੰਦਰ ਸਿੰਘ, ਪੀ. ਏ ਰਜਿੰਦਰ ਸਿੰਘ, ਪੀ. ਏ. ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।