ਨਸ਼ਾ ਮੁਕਤੀ ਯਾਤਰਾ ਨਸ਼ੇ ਨੂੰ ਕਰੇਗੀ ਜੜ੍ਹੋਂ ਤੋਂ ਖਤਮ - ਡਾ. ਚਰਨਜੀਤ ਸਿੰਘ
ਗੱਗੋਂ, ਗਧਰਾਮ ਖੁਰਦ, ਕੋਟਲੀ ਤੇ ਜਿੰਦਾਪੁਰ ਵਿਖੇ ਹੋਈ ਨਸ਼ਾ ਮੁਕਤੀ ਯਾਤਰਾ 'ਚ ਕੀਤੀ ਸ਼ਮੂਲੀਅਤ
5 Dariya News
ਸ੍ਰੀ ਚਮਕੌਰ ਸਾਹਿਬ 22-Jul-2025
ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਤਹਿਤ ਹਰ ਇੱਕ ਪਿੰਡ ਅਤੇ ਸ਼ਹਿਰੀ ਖੇਤਰ ਨੂੰ ਨਸ਼ਾ ਮੁਕਤ ਕਰਨ ਦੀ ਮੁਹਿੰਮ ਤੇਜੀ ਨਾਲ ਚੱਲ ਰਹੀ ਹੈ ਅਤੇ ਵੱਖ-ਵੱਖ ਪਿੰਡਾਂ ਵਿੱਚ ਨਸ਼ਾ ਮੁਕਤੀ ਯਾਤਰਾ ਦੌਰਾਨ ਲੋਕਾਂ ਦੀ ਭਰਵੀਂ ਇਕੱਤਰਤਾ ਹੋ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਸ੍ਰੀ ਚਮਕੌਰ ਸਾਹਿਬ ਤੋਂ ਵਿਧਾਇਕ ਡਾ. ਚਰਨਜੀਤ ਸਿੰਘ ਨੇ ਅੱਜ ਗੱਗੋਂ (ਗਧਰਾਮ ਕਲਾਂ), ਗਧਰਾਮ ਖੁਰਦ (ਰਾਮਪੁਰ ਬੇਟ), ਕੋਟਲੀ (ਤਾਲਾਪੁਰ) ਤੇ ਜਿੰਦਾਪੁਰ ਵਿਖੇ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਮੂਲੀਅਤ ਕਰਦਿਆਂ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।
ਡਾ. ਚਰਨਜੀਤ ਸਿੰਘ ਨੇ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਦ੍ਰਿੜਤਾ ਨਾਲ ਪ੍ਰਣ ਕਰਨ ਅਤੇ ਹਰ ਹੀਲੇ ਉਸ ਪ੍ਰਣ ਨੂੰ ਨਿਭਾਉਣ ਵਿੱਚ ਕਿਸੇ ਵੀ ਨਾਗਰਿਕ ਨੂੰ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾ ਤੇ ਇਹ ਕੈਂਪ ਸਾਰੇ ਸੂਬੇ ਵਿੱਚ ਲਗਾਏ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਹਰ ਇੱਕ ਪਿੰਡ ਵਿੱਚ ਪੇਂਡੂ ਡਿਫੈਂਸ ਕਮੇਟੀਆਂ ਕਾਰਜਸ਼ੀਲ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਡਿਫੈਂਸ ਕਮੇਟੀਆਂ ਆਪਣੀ ਜਿੰਮੇਵਾਰੀ ਨੂੰ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਨਸ਼ਾ ਤਸਕਰਾਂ ਦੇ ਕਾਰੋਬਾਰ ਨੂੰ ਮੁਕੰਮਲ ਤੌਰ ‘ਤੇ ਬੰਦ ਕਰਵਾਉਣ ਵਿੱਚ ਯੋਗਦਾਨ ਪਾਉਣਗੀਆਂ। ਵਿਧਾਇਕ ਨੇ ਕਿਹਾ ਕਿ ਜਾਗਰੂਕਤਾ ਸਭਾਵਾਂ ਵਿੱਚ ਪਹੁੰਚਣ ਵਾਲੇ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਇਥੋਂ ਮਿਲਣ ਵਾਲੇ ਸੁਨੇਹੇ ਆਪਣੇ ਪਰਿਵਾਰਿਕ ਮੈਂਬਰਾਂ, ਦੋਸਤਾਂ ਮਿੱਤਰਾਂ, ਗੁਆਂਢੀਆਂ ਅਤੇ ਹੋਰ ਪਤਵੰਤਿਆਂ ਨਾਲ ਨਿਰੰਤਰ ਸਾਂਝਾ ਕਰਦੇ ਰਹਿਣ ਕਿਉਂਕਿ ਲੋਕ ਲਹਿਰ ਬਣਨ ਨਾਲ ਹੀ ਅਜਿਹੀਆਂ ਸਮਾਜਿਕ ਬੁਰਾਈਆਂ ਦਾ ਖਾਤਮਾ ਸੰਭਵ ਹੁੰਦਾ ਹੈ।
ਇਸ ਮੌਕੇ ਐਸਡੀਐਮ ਸ੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂ, ਬੀਡੀਪੀਓ ਅਜੈਬ ਸਿੰਘ, ਐਸਐਮਓ ਡਾ. ਗੋਬਿੰਦ ਟੰਡਨ, ਐਸਐਚਓ ਗੁਰਪ੍ਰੀਤ ਸਿੰਘ, ਹਲਕਾ ਕੋਆਰਡੀਨੇਟਰ ਪ੍ਰਸ਼ੋਤਮ ਸਿੰਘ ਮਾਹਲ, ਰਾਜਿੰਦਰ ਸਿੰਘ ਰਾਜਾ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।