5 Dariya News

ਬਰਸਾਤੀ ਮੌਸਮ ਦੌਰਾਨ ਲੋਕਾਂ ਨੂੰ ਡੇਂਗੂ ਮਲੇਰੀਆ ਤੋਂ ਬਚਾਅ ਲਈ ਜਿੰਮੇਵਾਰੀ ਨਿਭਾਉਣ ਸਿਹਤ ਅਧਿਕਾਰੀ - ਵਿਜੈ ਸਿੰਗਲਾ

ਹਰ ਸ਼ੁੱਕਰਵਾਰ, ਡੇਂਗੂ 'ਤੇ ਵਾਰ ਮੁਹਿੰਮ ਤਹਿਤ ਵਿਧਾਇਕ ਸਿੰਗਲਾ ਅਤੇ ਡਾ. ਰਾਏ ਵੱਲੋਂ ਘਰਾਂ ਦਾ ਸਰਵੇਖਣ

5 Dariya News

ਮਾਨਸਾ 27-Jun-2025

ਬਰਸਾਤ ਦੇ ਮੌਸਮ ਦੇ ਮੱਦੇਨਜ਼ਰ ਲੋਕਾਂ ਨੂੰ ਡੇਂਗੂ ਅਤੇ ਮਲੇਰੀਆ ਤੋਂ ਬਚਾਅ ਲਈ ਜਿੰਮੇਵਾਰੀ ਨਾਲ ਕੰਮ ਕਰਨ ਸਿਹਤ ਅਧਿਕਾਰੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ ਨੇ ਸਿਹਤ ਵਿਭਾਗ ਦੀ ਮੁਹਿੰਮ 'ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ' ਤਹਿਤ ਸਿਹਤ ਵਿਭਾਗ ਦੀ ਟੀਮ ਨਾਲ ਮਿਲ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਅਤੇ ਸਾਵਧਾਨੀਆਂ ਬਾਰੇ ਜਾਗਰੂਕ ਕਰਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਵੀ ਮੌਜੂਦ ਸਨ।

ਵਿਧਾਇਕ ਡਾ. ਵਿਜੈ ਸਿੰਗਲਾ ਨੇ ਕਿਹਾ ਕਿ ਬਰਸਾਤ ਦੇ ਮੌਸਮ ਦੌਰਾਨ ਸਾਵਧਾਨੀਆਂ ਵਰਤਣੀਆਂ ਲਾਜ਼ਮੀ ਹਨ ਤਾਂ ਜੋ ਡੇਂਗੂ ਦਾ ਲਾਰਵਾ ਪੈਦਾ ਨਾ ਹੋ ਸਕੇ ਅਤੇ ਬਿਮਾਰੀਆਂ ਤੋਂ ਬਚਿਆ ਜਾ ਸਕੇ। ਉਨ੍ਹਾਂ ਲੋਕਾਂ ਨੂੰ ਘਰਾਂ ਅੰਦਰ ਕੂਲਰਾਂ ਦੀ ਸਫਾਈ, ਛੱਤਾਂ 'ਤੇ ਪਏ ਖਾਲੀ ਟਾਇਰ, ਗਮ੍ਹਲੇ ਤੇ ਹੋਰ ਬਰਤਨਾਂ ਆਦਿ ਵਿਚ ਪਾਣੀ ਨਾ ਖੜ੍ਹਾ ਹੋਣ ਦੇਣ ਲਈ ਕਿਹਾ ਤਾਂ ਜੋ ਕਿਤੇ ਵੀ ਡੇਂਗੂ ਦਾ ਲਾਰਵਾ ਨਾ ਪੈਦਾ ਹੋ ਸਕੇ।

ਵਿਧਾਇਕ ਨੇ ਸਿਹਤ ਵਿਭਾਗ ਅਤੇ ਮਿਊਂਸਪਲ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਕਿਸੇ ਵੀ ਇਲਾਕੇ ਵਿਚ ਡੇਂਗੂ ਅਤੇ ਮਲੇਰੀਆ ਦਾ ਕੇਸ ਪਾਇਆ ਜਾਂਦਾ ਹੈ ਤਾਂ ਉਸ ਦੇ ਆਲੇ ਦੁਆਲੇ ਦੇ ਘਰਾਂ ਦਾ ਤੁਰੰਤ ਫੀਵਰ ਸਰਵੇ ਕਰਵਾਇਆ ਜਾਵੇ, ਸਪਰੇਅ ਦਾ ਛਿੜਕਾਅ ਅਤੇ ਫੋਗਿੰਗ ਕਰਵਾਈ ਜਾਵੇ। ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਘਰ-ਘਰ ਅਤੇ ਜਨਤਕ ਥਾਵਾਂ ਤੋਂ ਇਲਾਵਾ ਦਫ਼ਤਰਾਂ ਵਿਚ ਜਾ ਕੇ ਮੱਛਰ ਦਾ ਲਾਰਵਾ ਚੈੱਕ ਕੀਤਾ ਜਾ ਰਿਹਾ ਹੈ। 

ਇਸ ਦੇ ਨਾਲ ਹੀ ਸਿਹਤ ਵਿਭਾਗ ਦੇ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਮੇਲ, ਮਲਟੀਪਰਪਜ ਹੈਲਥ ਵਰਕਰ ਮੇਲ ਅਤੇ ਆਸ਼ਾ ਵਰਕਰਾਂ ਵੱਲੋਂ ਲੋਕਾਂ ਨੂੰ ਡੇਂਗੂ ਅਤੇ ਮਲੇਰੀਏ ਦੇ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਡਾ. ਮਯੰਕ ਡਿਪਟੀ ਮੈਡੀਕਲ ਕਮਿਸ਼ਨਰ,ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ, ਦਰਸ਼ਨ ਸਿੰਘ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ, ਗੁਰਿੰਦਰ ਜੀਤ ਸਿਹਤ ਕਰਮਚਾਰੀ, ਕ੍ਰਿਸ਼ਨ ਲਾਲ ਇੰਸੈਕਟ ਕੂਲੈਕਟਰ, ਖੁਸ਼ਦੀਪ ਸਿੰਘ ਅਤੇ ਅਜੇ ਕੁਮਾਰ ਨਰਸਿੰਗ ਸਟੂਡੈਂਟ ਮਾਲਵਾ ਕਾਲਜ, ਸੁਨੀਤ ਬਾਲਾ, ਸੁਖਜੀਤ ਕੌਰ ਏ.ਐਨ.ਐਮਜ਼ ਅਤੇ ਆਸ਼ਾ ਵਰਕਰਜ਼ ਤੋਂ ਇਲਾਵਾ ਯੂਥ ਵੈਲਫੇਅਰ ਕਲੱਬ ਮਾਨਸਾ ਤੋਂ ਜਸਵੀਰ ਸਿੰਘ ਸੈਕਟਰੀ ਆਦਿ ਹਾਜ਼ਰ ਸਨ।