ਜਿਤਿੰਦਰ ਪਾਲ ਮਲਹੋਤਰਾ ਨੇ ਮਲੋਇਆ ਕਾਲੋਨੀ ਦੀ ਮਾਰਕੀਟ ਦਾ ਦੌਰਾ ਕਰ ਲੋਕਾਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਸੁਣੀਆਂ
ਨਿਕਾਸੀ ਅਤੇ ਨੋਟਿਸਾਂ ਦੇ ਮਸਲੇ ਜਲਦ ਹੋਣਗੇ ਹੱਲ
5 Dariya News
ਚੰਡੀਗੜ੍ਹ 15-Jun-2025
ਭਾਜਪਾ ਚੰਡੀਗੜ੍ਹ ਦੇ ਪ੍ਰਦੇਸ਼ ਅਧਿਆਕਸ਼ ਜਿਤਿੰਦਰ ਪਾਲ ਮਲਹੋਤਰਾ ਨੇ ਅੱਜ ਮਲੋਇਆ ਕਾਲੋਨੀ ਦੀ ਮਾਰਕੀਟ ਵਿਖੇ ਦੌਰਾ ਕਰਕੇ ਸਥਾਨਕ ਦੁਕਾਨਦਾਰਾਂ ਅਤੇ ਨਿਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੀਆਂ ਮੁੱਖ ਸਮੱਸਿਆਵਾਂ ਬਾਰੇ ਜਾਣਕਾਰੀ ਲਈ। ਨਿਵਾਸੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਇਲਾਕੇ ਵਿੱਚ ਵਰਖਾ ਦੌਰਾਨ ਪਾਣੀ ਭਰਨ ਦੀ ਸਮੱਸਿਆ, ਨਿਕਾਸੀ ਪ੍ਰਣਾਲੀ ਦੀ ਘਾਟ, ਅਤੇ ਦੁਕਾਨਦਾਰਾਂ ਨੂੰ ਮਿਲ ਰਹੇ ਪ੍ਰਸ਼ਾਸਨਿਕ ਨੋਟਿਸਾਂ ਕਾਰਨ ਉਹ ਬਹੁਤ ਪਰੇਸ਼ਾਨ ਹਨ।
ਮਲਹੋਤਰਾ ਨੇ ਮੌਕੇ 'ਤੇ ਹੀ ਸੰਬੰਧਤ ਅਧਿਕਾਰੀਆਂ ਨਾਲ ਫੋਨ 'ਤੇ ਗੱਲ ਕਰਕੇ ਤੁਰੰਤ ਕਾਰਵਾਈ ਕਰਨ ਨੂੰ ਕਿਹਾ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਨਿਕਾਸੀ ਪ੍ਰਣਾਲੀ ਨੂੰ ਜਲਦ ਠੀਕ ਕੀਤਾ ਜਾਵੇਗਾ ਅਤੇ ਦੁਕਾਨਦਾਰਾਂ ਨੂੰ ਦਿੱਤੇ ਜਾ ਰਹੇ ਨੋਟਿਸਾਂ ਦੇ ਮਸਲੇ 'ਤੇ ਪ੍ਰਸ਼ਾਸਨ ਨਾਲ ਗੰਭੀਰ ਗੱਲਬਾਤ ਕੀਤੀ ਜਾਵੇਗੀ, ਤਾਂ ਜੋ ਛੋਟੇ ਵਪਾਰੀ ਪਰੇਸ਼ਾਨ ਨਾ ਹੋਣ।“ਭਾਜਪਾ ਹਮੇਸ਼ਾਂ ਜਨਤਾ ਦੇ ਨਾਲ ਖੜੀ ਰਹੀ ਹੈ। ਅਸੀਂ ਜਮੀਨੀ ਪੱਧਰ 'ਤੇ ਜਾ ਕੇ ਲੋਕਾਂ ਦੀਆਂ ਅਸਲ ਸਮੱਸਿਆਵਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਲੱਭਣ ਵਿਚ ਵਿਸ਼ਵਾਸ ਰੱਖਦੇ ਹਾਂ,” ਮਲਹੋਤਰਾ ਨੇ ਕਿਹਾ।
ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਨੇਤਾ ਸੰਜੀਵ ਰਾਣਾ, ਸੱਨੀ ਪੂਰੀ, ਜ਼ਿਲ੍ਹਾ ਉਪਅਧਿਕਸ਼ ਸੰਜੇ ਟਾਂਕ, ਜ਼ਿਲ੍ਹਾ ਮਹਾਮੰਤਰੀ ਰਾਜਕੁਮਾਰ ਰਾਣਾ, ਮੰਡਲ ਅਧਿਆਕਸ਼ ਅਮਿਤ ਮਿਸ਼ਰਾ, ਉਦਿਰਾਜ ਯਾਦਵ, ਭੋਲਾ ਸਿੰਘ, ਅਤੇ ਸਾਬਕਾ ਜ਼ਿਲ੍ਹਾ ਅਧਿਆਕਸ਼ ਰਵਿ ਰਾਵਤ ਸਮੇਤ ਕਈ ਹੋਰ ਵਰਕਰ ਵੀ ਮੌਜੂਦ ਸਨ। ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਭਾਜਪਾ ਟੀਮ ਦਾ ਧੰਨਵਾਦ ਕੀਤਾ ਅਤੇ ਉਮੀਦ ਜਤਾਈ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦੀ ਹੱਲ ਕੱਢਿਆ ਜਾਵੇਗਾ।