5 Dariya News

ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ਪਿੰਡ ਥਾਣਾ ਨੂੰ ਸੋਲਰ ਸਿਸਟਮ ਭੇਟ

ਪਿੰਡ ਵਾਸੀਆਂ ਨੇ ਕੀਤਾ ਧੰਨਵਾਦ

5 Dariya News

ਗੜ੍ਹਸ਼ੰਕਰ/ ਹੁਸ਼ਿਆਰਪੁਰ 09-Jun-2025

ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਗੜ੍ਹਸ਼ੰਕਰ ਹਲਕੇ ਦੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਅੱਜ ਪਿੰਡ ਥਾਣਾ ਨੂੰ ਇਕ ਵੱਡੀ ਸੌਗਾਤ ਦਿੰਦਿਆਂ ਸੋਲਰ ਸਿਸਟਮ ਭੇਟ ਕੀਤਾ, ਜਿਸ ਨਾਲ ਪਿੰਡ ਦੀਆਂ ਜਨਤਕ ਥਾਵਾਂ 'ਤੇ ਸਵੈਚਾਲਤ ਊਰਜਾ ਰਾਹੀਂ ਰੋਸ਼ਨੀ ਮਿਲੇਗੀ। ਇਸ ਮੌਕੇ ਸਰਪੰਚ ਸੁਮਨ ਬਾਲਾ, ਪੰਚ ਦਵਿੰਦਰ ਕੌਰ, ਪੰਚ ਮੀਨਾ ਰਾਣੀ, ਪੰਚ ਅਮਰੀਕ ਲਾਲ, ਕਮੇਟੀ ਮੈਂਬਰ ਅਮਰਜੀਤ ਸਿੰਘ, ਕੁਲਵੰਤ ਸਿੰਘ, ਲਖਵਿੰਦਰ ਸਿੰਘ, ਸੋਢੀ ਸਿੰਘ, ਗੁਰਮੀਤ ਰਾਮ, ਨੰਬਰਦਾਰ ਨਿਰਮਲ ਸਿੰਘ, ਧਰਮਿੰਦਰ , ਰੋਹਿਤ ਕੁਮਾਰ, ਜਸਕਰਨ ਸਮੇਤ ਕਈ ਹੋਰ ਪਿੰਡ ਵਾਸੀ ਹਾਜ਼ਰ ਸਨ। 

ਸਾਰਿਆਂ ਨੇ ਇਸ ਕਦਮ ਦੀ ਖੂਬ ਪ੍ਰਸੰਸਾ ਕੀਤੀ ਅਤੇ ਡਿਪਟੀ ਸਪੀਕਰ ਰੌੜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਡਿਪਟੀ ਸਪੀਕਰ ਨੇ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਉਹ ਹਮੇਸ਼ਾ ਵਚਨਬੱਧ ਹਨ ਅਤੇ ਨਵੀਨ ਤਕਨਾਲੋਜੀ ਰਾਹੀਂ ਪਿੰਡਾਂ ਵਿੱਚ ਸਾਫ-ਸੁਥਰੀ ਊਰਜਾ ਪ੍ਰਣਾਲੀ ਲਿਆਂਦੀ ਜਾ ਰਹੀ ਹੈ, ਤਾਂ ਜੋ ਗਰੀਬ ਅਤੇ ਪਿਛੜੇ ਇਲਾਕਿਆਂ ਵਿਚ ਵੀ ਸਧਾਰਨ ਸੁਵਿਧਾਵਾਂ ਉਪਲਬੱਧ ਹੋ ਸਕਣ।

ਪਿੰਡ ਵਾਸੀਆਂ ਨੇ ਖੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਸੂਰਜੀ ਊਰਜਾ ਨਾਲ ਨਾ ਸਿਰਫ਼ ਬਿਜਲੀ ਦੀ ਬੱਚਤ ਹੋਵੇਗੀ, ਸਗੋਂ ਵਾਤਾਵਰਨ ਲਈ ਵੀ ਇਹ ਇਕ ਸਹੀ ਪਹਿਲ ਹੈ।