ਰਣਬੀਰ ਭੁੱਲਰ ਤੇ ਰਜਨੀਸ਼ ਦਹੀਯਾ ਨੇ ਜ਼ੀਰਾ-ਫ਼ਿਰੋਜ਼ਪੁਰ ਸੜਕ ਦੇ ਪੀ.ਆਰ. ਦੇ ਕੰਮ ਦਾ ਰੱਖਿਆ ਨੀਂਹ ਪੱਥਰ
5 Dariya News
ਫ਼ਿਰੋਜ਼ਪੁਰ 05-Jun-2025
ਵਿਧਾਇਕ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ ਵਿਧਾਇਕ ਫਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਆ ਨੇ ਅੱਜ 2214.91 ਲੱਖ ਰੁਪਏ ਦੀ ਲਾਗਤ ਨਾਲ ਫਿਰੋਜ਼ਪੁਰ-ਜ਼ੀਰਾ ਸੜਕ ( ਸਟੇਟ ਹਾਈਵੇ-20 ਕੁੱਲ ਲੰਬਾਈ 34.555 ਕਿਲੋਮੀਟਰ) ਦੇ ਪੀ.ਆਰ. (ਪੀਰਿਓਡੀਕਲ ਰਿਨੀਊਵਲ) ਦੇ ਕੰਮ ਦਾ ਨੀੰਹ ਪੱਥਰ ਰੱਖਿਆ। ਇਸ ਮੌਕੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਲੋਕਾਂ ਨੂੰ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦੇ ਨਾਲ-ਨਾਲ ਬਿਹਤਰ ਤੇ ਸੁਰੱਖਿਅਤ ਆਵਾਜਾਈ ਸਹੂਲਤਾਂ ਮੁਹੱਈਆ ਕਰਾਉਣਾ ਪੰਜਾਬ ਸਰਕਾਰ ਦੀ ਤਰਜੀਹ ਹੈ।
ਉਨ੍ਹਾਂ ਕਿਹਾ ਕਿ ਅੱਜ ਮਾਣਯੋਗ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਕੈਬਨਿਟ ਮੰਤਰੀ, ਬਿਜਲੀ ਅਤੇ ਲੋਕ ਨਿਰਮਾਣ ਵਿਭਾਗ, ਪੰਜਾਬ ਸ. ਹਰਭਜਨ ਸਿੰਘ, ਈ.ਟੀ.ਓ. ਦੀ ਰਹਿਨੁਮਾਈ ਸਦਕਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸਪੈਸ਼ਲ ਅਸਿਸਟੈਂਸ ਟੂ ਸਟੇਟ ਕੈਪੀਟਲ ਇਨਵੈਸਟਮੈਂਟ ਸਕੀਮ 2024-25 ਅਧੀਨ ਜ਼ੀਰਾ-ਫਿਰੋਜ਼ਪੁਰ ਸੜਕ (ਸਟੇਟ ਹਾਈਵੇ-20 ਕੁੱਲ ਲੰਬਾਈ 34.555 ਕਿ.ਮੀ.) ਦੇ ਪੀ.ਆਰ ਦੇ ਕੰਮ ਦਾ ਨੀਂਹ ਪੱਥਰ ਰੱਖਿਆ ਗਿਆ ਹੈ।
ਵਿਧਾਇਕ ਨੇ ਦੱਸਿਆ ਕਿ ਇਹ ਸੜਕ ਫਿਰੋਜ਼ਪੁਰ ਤੋਂ ਜ਼ੀਰਾ ਤੱਕ ਜਾਂਦੀ ਹੈ ਇਸ ਨੂੰ ਨਵਿਆਉਣ ਨਾਲ ਲੋਕਾਂ ਦੀ ਆਵਾਜਾਈ ਸੁਖਾਲੀ ਹੋਵੇਗੀ ਅਤੇ ਆਵਾਜਾਈ ਵਿਵਸਥਾ ਵੀ ਸੁਚਾਰੂ ਢੰਗ ਨਾਲ ਚੱਲੇਗੀ। ਇਸ ਮੌਕੇ ਵਿਧਾਇਕ ਸ਼੍ਰੀ ਰਜਨੀਸ਼ ਦਹੀਯਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ਵਿਚ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਰਹੀ ਹੈ ਅਤੇ ਜਨਤਾ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨ ਵੱਲ ਠੋਸ ਕਦਮ ਚੁੱਕ ਰਹੀ ਹੈ।
ਸਰਕਾਰ ਸਿੱਖਿਆ ਅਤੇ ਸਿਹਤ ਸੰਸਥਾਵਾ ਦੇ ਵਿਕਾਸ ਦੇ ਨਾਲ-ਨਾਲ ਸੜਕਾਂ, ਨਾਲੀਆਂ, ਸੀਵਰੇਜ ਵਰਗੀਆਂ ਬੁਨਿਆਦੀ ਸਹੂਲਤਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਵਿਧਾਇਕ ਨੇ ਕਿਹਾ ਕਿ ਭਵਿੱਖ ਵਿੱਚ ਵੀ ਇਸ ਖੇਤਰ ਵਿਚ ਵਿਕਾਸ ਦੀ ਗਤੀ ਬਣਾਈ ਰੱਖੀ ਜਾਵੇਗੀ ਅਤੇ ਜਨਤਾ ਨੂੰ ਹਰ ਸੰਭਵ ਸਹੂਲਤ ਪ੍ਰਦਾਨ ਕੀਤੀ ਜਾਵੇਗੀ।
ਇਸ ਮੌਕੇ ਐੱਸ.ਡੀ.ਐੱਮ. ਗੁਰਮੀਤ ਸਿੰਘ, ਰਾਜ ਬਹਾਦਰ ਸਿੰਘ, ਬਲਰਾਜ ਸਿੰਘ ਕਟੋਰਾ, ਹਿਮਾਂਸ਼ੂ ਠੱਕਰ, ਰਜਨੀਸ਼ ਸ਼ਰਮਾ, ਹਰਮੀਤ ਸਿੰਘ ਖਾਈ, ਦਿਲਬਾਗ ਸਿੰਘ ਸਰਪੰਚ, ਨਿਸ਼ਾਨ ਸਿੰਘ ਸਰਪੰਚ, ਪ੍ਰਵੀਨ ਮੰਗਲ, ਅਜੇ ਲਟਾਵਾ, ਗੁਰਭੇਜ ਸਿੰਘ, ਮਨਜੀਤ ਸਿੰਘ ਨਿੱਕੂ, ਸੁਖਵਿੰਦਰ ਸਿੰਘ ਸਰਪੰਚ, ਦਲਬੀਰ ਸਿੰਘ ਸਰਪੰਚ, ਦੀਪਕ ਨਾਰੰਗ ਸਮੇਤ ਹੋਰ ਵੀ ਕਈ ਪਤਵੰਤੇ ਹਾਜ਼ਰ ਸਨ।