5 Dariya News

'ਟੀ.ਬੀ. ਜਾਗਰੂਕਤਾ ਵੱਲ ਇੱਕ ਨਵਾਂ ਕਦਮ'

ਸਿਵਲ ਸਰਜਨ ਰੂਪਨਗਰ ਵੱਲੋਂ ਸੀ.ਬੀ. - ਨੈਟ ਵੈਨ ਨੂੰ ਦਿਖਾਈ ਗਈ ਹਰੀ ਝੰਡੀ

5 Dariya News

ਰੂਪਨਗਰ 02-Jun-2025

ਟੀ.ਬੀ. ਦੇ ਰੋਗ ਦੀ ਸਮੇਂ ਸਿਰ ਪਛਾਣ ਅਤੇ ਇਲਾਜ ਨੂੰ ਲੈ ਕੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ ਅੱਜ ਜ਼ਿਲ੍ਹਾ ਹਸਪਤਾਲ ਰੂਪਨਗਰ ਤੋਂ ਸਿਵਲ ਸਰਜਨ ਡਾ. ਸਵਪਨਜੀਤ ਕੌਰ ਵੱਲੋਂ ਸੀ.ਬੀ. ਨੈਟ ਵੈਨ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਿਵਲ ਸਰਜਨ ਰੂਪਨਗਰ ਡਾ. ਸਵਪਨਜੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਵੈਨ ਪੂਰੇ ਜ਼ਿਲ੍ਹੇ ਵਿੱਚ ਪੇਂਡੂ ਅਤੇ ਪਿਛੜੇ ਇਲਾਕਿਆਂ ਤੱਕ ਪਹੁੰਚ ਕਰੇਗੀ ਤਾਂ ਜੋ ਲੋਕਾਂ ਨੂੰ ਘਰ ਬੈਠੇ ਹੀ ਟੀ.ਬੀ. ਦੀ ਮੁਫ਼ਤ ਜਾਂਚ ਦੀ ਸਹੂਲਤ ਮਿਲ ਸਕੇ। 

ਉਨ੍ਹਾਂ ਦੱਸਿਆ ਕਿ ਇਹ ਵੈਨ ਨਵੀਨਤਮ ਸੀ.ਬੀ. ਨੈਟ (ਕਾਰਟ੍ਰਿਜ਼ ਬੇਸਡ ਨਿਊਕਲੀਅਸ ਐਸਿਡ ਐਂਪਲੀਫਿਕੇਸ਼ਨ ਟੈਸਟ) ਤਕਨੀਕ ਨਾਲ ਲੈਸ ਹੈ, ਜੋ ਕੁਝ ਘੰਟਿਆਂ ਵਿੱਚ ਹੀ ਟੀ.ਬੀ. ਅਤੇ ਡਰੱਗ ਰੈਜ਼ਿਸਟੈਂਟ ਟੀ.ਬੀ. ਦੀ ਪਛਾਣ ਕਰਨ ਵਿੱਚ ਸਮਰੱਥ ਹੈ। ਇਹ ਮੁਹਿੰਮ ਰਾਸ਼ਟਰੀ ਟੀ.ਬੀ. ਐਲੀਮੀਨੇਸ਼ਨ ਮੁਹਿੰਮ (ਐਨਟੀਈਪੀ) ਦਾ ਹਿੱਸਾ ਹੈ ਅਤੇ ਪੰਜਾਬ ਸਿਹਤ ਵਿਭਾਗ ਦੁਆਰਾ ਕੇਂਦਰੀ ਏਜੰਸੀਆਂ ਅਤੇ ਸਹਿਯੋਗੀ ਸੰਸਥਾਵਾਂ ਦੇ ਨਾਲ ਮਿਲ ਕੇ ਚਲਾਈ ਜਾ ਰਹੀ ਹੈ।

ਸਿਵਲ ਸਰਜਨ ਡਾ. ਸਵਪਨਜੀਤ ਕੌਰ ਨੇ ਕਿਹਾ ਕਿ ਇਸ ਬਿਮਾਰੀ ਦੀ ਸ਼ੁਰੂਆਤੀ ਪਛਾਣ ਬਹੁਤ ਜ਼ਰੂਰੀ ਹੈ। ਸੀ.ਬੀ. ਨੈਟ ਵੈਨ ਇਸ ਕੰਮ ਨੂੰ ਪੇਂਡੂ ਇਲਾਕਿਆਂ ਤੱਕ ਲੈ ਜਾ ਕੇ ਇਲਾਜ ਦੀ ਪਹਿਲੀ ਕੜੀ ਨੂੰ ਆਸਾਨ ਅਤੇ ਤੇਜ਼ ਬਣਾਏਗੀ। ਇਹ ਵੈਨ 02 ਜੂਨ ਤੋਂ 10 ਜੂਨ ਤੱਕ, ਪ੍ਰਤੀ ਬਲਾਕ ਦੋ -ਦੋ ਦਿਨ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ, ਕਸਬਿਆਂ ਅਤੇ ਹਾਈ-ਰਿਸਕ ਲੋਕੇਸ਼ਨਾਂ ਜਿਵੇਂ ਕਿ ਮਾਈਗ੍ਰੈਂਟ ਮਜ਼ਦੂਰਾਂ, ਝੁੱਗੀ ਵਾਸੀਆਂ ਦੇ ਇਲਾਕਿਆਂ ਵਿੱਚ ਪਹੁੰਚੇਗੀ। 

ਇਸ ਜਾਂਚ ਦੀ ਸੇਵਾ ਮੁਫ਼ਤ ਹੋਵੇਗੀ ਅਤੇ ਰਿਪੋਰਟ ਤੁਰੰਤ ਉਪਲਬਧ ਕਰਵਾਈ ਜਾਵੇਗੀ, ਜਿਨ੍ਹਾਂ ਰੋਗੀਆਂ ਵਿੱਚ ਟੀ.ਬੀ. ਦੀ ਪੁਸ਼ਟੀ ਹੋਏਗੀ, ਉਨ੍ਹਾਂ ਨੂੰ ਸਰਕਾਰੀ ਸਿਹਤ ਸੇਵਾਵਾਂ ਰਾਹੀਂ ਤੁਰੰਤ ਇਲਾਜ ਦਿੱਤਾ ਜਾਵੇਗਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਬੋਬੀ ਗੁਲਾਟੀ, ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਨਵਰੂਪ ਕੌਰ, ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਗੁਰਮੀਤ ਕੌਰ, ਡਿਪਟੀ ਮਾਸ ਮੀਡੀਆ ਅਫਸਰ ਰਵਿੰਦਰ ਸਿੰਘ ਅਤੇ ਰਿਤੂ, ਬੀਸੀਸੀ ਕੋਆਰਡੀਨੇਟਰ ਸੁਖਜੀਤ ਕੰਬੋਜ ਅਤੇ ਜ਼ਿਲ੍ਹਾ ਤਪਦਿਕ ਕੇਂਦਰ ਤੋਂ ਇੰਦਰਜੀਤ ਸਿੰਘ ਡੀ.ਪੀ.ਐਸ.ਹਾਜ਼ਰ ਸਨ।