5 Dariya News

ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਫਰਜ਼ੀ ਮਾਮਲਿਆਂ ਵਿੱਚ ਜ਼ਿੰਮੇਵਾਰੀ ਤੈਅ ਕਰਨ ਲਈ ਪੁਲਿਸ ਸੁਧਾਰਾਂ ਦੀ ਮੰਗ ਕੀਤੀ

ਬੇਕਸੂਰ ਲੋਕਾਂ ਨੂੰ ਪ੍ਰਤਾੜਤ ਕਰਨ ਵਿੱਚ ਸ਼ਾਮਲ ਅਧਿਕਾਰੀਆਂ ਲਈ ਸਖ਼ਤ ਸਜ਼ਾ ਦੀ ਮੰਗ ਕੀਤੀ

5 Dariya News

ਲੁਧਿਆਣਾ 02-Jun-2025

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੁਲਿਸ ਦੀ ਦੁਰਵਰਤੋਂ ਅਤੇ ਇਨ੍ਹਾਂ ਵੱਲੋਂ ਆਪਣੇ ਰਾਜਨੀਤਿਕ ਆਕਾਵਾਂ ਨੂੰ ਖੁਸ਼ ਕਰਨ ਤੇ ਝੂਠੇ ਕੇਸ ਦਰਜ ਕਰਕੇ ਬੇਕਸੂਰ ਲੋਕਾਂ ਨੂੰ ਪ੍ਰਤਾੜਿਤ ਕਰਨ ਦੀ ਸੋਚ ਵਿਰੁੱਧ ਸਖ਼ਤ ਸਟੈਂਡ ਲੈਂਦੇ ਹੋਏ, ਕਿਹਾ ਹੈ ਕਿ ਇੱਕ ਵਾਰ ਕਾਂਗਰਸ ਸਰਕਾਰ ਬਣਨ 'ਤੇ ਉਹ ਅਜਿਹੇ ਮਾਮਲਿਆਂ ਦੀ ਜਾਂਚ ਲਈ ਨਿਆਂਇਕ ਕਮਿਸ਼ਨ ਸਥਾਪਤ ਕਰੇਗੀ।

ਅੱਜ ਇੱਥੇ ਕੈਪਟਨ ਸੰਦੀਪ ਸਿੰਘ ਸੰਧੂ ਵੱਲੋਂ ਸ਼ਹਿਰ ਦੇ ਬਾਹਰਵਾਰ ਦਾਖਾ ਵਿਧਾਨ ਸਭਾ ਹਲਕੇ ਵਿੱਚ ਆਯੋਜਿਤ 'ਸੰਵਿਧਾਨ ਬਚਾਓ' ਮੀਟਿੰਗ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਸੰਵਿਧਾਨ ਦੀ ਪੂਰੀ ਤਰ੍ਹਾਂ ਦੁਰਵਰਤੋਂ ਹੋ ਰਹੀ ਹੈ, ਜਿਸ ਵਿੱਚ ਪੁਲਿਸ ਦਾ ਇੱਕ ਹਿੱਸਾ ਆਪਣੀ ਵਰਦੀ ਨਾਲ ਧੋਖਾ ਕਰ ਰਿਹਾ ਹੈ।

ਉਨ੍ਹਾਂ ਨੇ ਝੂਠੇ ਮਾਮਲਿਆਂ ਲਈ ਜ਼ਿੰਮੇਵਾਰੀ ਤੈਅ ਕਰਨ ਲਈ ਸਖ਼ਤ ਕਦਮ ਚੁੱਕੇ ਜਾਣ ਦੀ ਮੰਗ ਕਰਦਿਆਂ, ਸੁਝਾਅ ਦਿੱਤਾ ਕਿ ਜਿਹੜਾ ਵੀ ਅਧਿਕਾਰੀ ਝੂਠਾ ਕੇਸ ਦਰਜ ਕਰਦਾ ਪਾਇਆ ਜਾਂਦਾ ਹੈ, ਉਸਨੂੰ ਨਾ ਸਿਰਫ਼ ਨੌਕਰੀ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ, ਸਗੋਂ ਉਸਨੂੰ ਪਾਸੋਂ ਝੂਠੀ ਐਫ.ਆਈ.ਆਰ ਦੇ ਨਿਰਦੋਸ਼ ਪੀੜਤ ਵਾਂਗ ਹੀ ਜੇਲ੍ਹ ਵਿੱਚ ਸਮਾਂ ਬਿਤਾਉਣਾ ਚਾਹੀਦਾ ਹੈ।

ਉਨ੍ਹਾਂ ਨੇ ਪੰਜਾਬ ਪੁਲਿਸ ਰਾਜ ਵਿੱਚ ਬਦਲਣ ਸਬੰਧੀ ਦੋਸ਼ ਲਗਾਉਂਦੇ ਹੋਏ, ਹਾਲ ਹੀ ਵਿੱਚ ਪੁਲਿਸ ਹਿਰਾਸਤ ਵਿੱਚ ਇੱਕ ਵਿਅਕਤੀ ਦੀ ਹੱਤਿਆ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ ਕਿ ਕੋਈ ਜਵਾਬਦੇਹੀ ਨਹੀਂ ਹੈ ਅਤੇ ਇਸ ਪ੍ਰਥਾ ਨੂੰ ਰੋਕਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਸੱਤਾ ਦੀ ਦੁਰਵਰਤੋਂ ਨੂੰ ਰੋਕਣ ਲਈ ਪੰਜਾਬ ਨੂੰ ਗੰਭੀਰ ਪੁਲਿਸ ਸੁਧਾਰਾਂ ਦੀ ਲੋੜ ਹੈ। 

ਸੂਬਾ ਕਾਂਗਰਸ ਪ੍ਰਧਾਨ ਨੇ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮ, 'ਯੁੱਧ ਨਸ਼ਿਆਂ ਵਿਰੁੱਧ' 'ਤੇ ਵੀ ਚੁਟਕੀ ਲਈ। ਇਸ ਦੌਰਾਨ 'ਆਪ' ਸਰਕਾਰ ਦੇ ਦਾਅਵਿਆਂ ਦਾ ਹਵਾਲਾ ਦਿੰਦੇ ਹੋਏ ਕਿ ਇਨ੍ਹਾਂ ਨੇ 8500 ਮਾਮਲੇ ਦਰਜ ਕੀਤੇ ਹਨ, ਉਨ੍ਹਾਂ ਪੁੱਛਿਆ ਕਿ ਕੀ ਨਸ਼ੇ ਸਿਰਫ਼ ਐਫ.ਆਈ.ਆਰ ਦਰਜ ਕਰਨ ਜਾਂ ਲੋਕਾਂ ਦੇ ਘਰਾਂ ਨੂੰ ਢਾਹ ਦੇਣ ਨਾਲ ਖਤਮ ਹੋ ਜਾਂਦੇ ਹਨ?

ਵੜਿੰਗ ਨੇ ਸੂਬੇ ਵਿੱਚੋਂ ਨਸ਼ਿਆਂ ਨੂੰ ਰੋਕਣ ਵਿੱਚ ਸਰਕਾਰ ਦੀ ਪੂਰੀ ਤਰ੍ਹਾਂ ਅਸਫਲਤਾ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦੀ ਅਜੇ ਵੀ ਤਸਕਰੀ ਹੋ ਰਹੀ ਹੈ ਅਤੇ ਲੋਕ ਅਜੇ ਵੀ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ। ਇਸ ਮੌਕੇ ਵੜਿੰਗ ਨੇ ਦਾਖਾ ਦੇ ਲੋਕਾਂ ਅਤੇ ਜਨਰਲ ਸਕੱਤਰ ਸੰਗਠਨ ਕੈਪਟਨ ਸੰਦੀਪ ਸੰਧੂ, ਜੋ ਕਿ ਹਲਕਾ ਇੰਚਾਰਜ ਵੀ ਹਨ, ਦਾ ਧੰਨਵਾਦ ਪ੍ਰਗਟ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਉਹ ਲੁਧਿਆਣਾ ਪਾਰਲੀਮਾਨੀ ਸੀਟ ਨਹੀਂ ਜਿੱਤ ਸਕਦੇ ਸਨ।

ਇਸ ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਫਿਲੌਰ ਦੇ ਮੁਅੱਤਲ ਕਾਂਗਰਸੀ ਵਿਧਾਇਕ ਵਿਕਰਮਜੀਤ ਸਿੰਘ ਚੌਧਰੀ ਨੂੰ ਵੀ ਪਾਰਟੀ ਵਿੱਚ ਦੁਬਾਰਾ ਸ਼ਾਮਲ ਕੀਤਾ ਅਤੇ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਵਿੱਚ ਪਰਿਵਾਰ ਦੀ ਤੀਜੀ ਪੀੜ੍ਹੀ ਹੈ। ਉਨ੍ਹਾਂ ਵੱਲੋਂ ਮਾਂ ਪਾਰਟੀ, ਕਾਂਗਰਸ ਵਿੱਚ ਵਾਪਸੀ ਨਾਲ ਪਾਰਟੀ ਮਜ਼ਬੂਤ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਲਖਵਿੰਦਰ ਲੱਖਾ, ਕੁਦਲੀਪ ਸਿੰਘ ਵੈਦ, ਸੁਖਪਾਲ ਭੁੱਲਰ ਅਤੇ ਹੋਰ ਸ਼ਾਮਲ ਸਨ।