5 Dariya News

ਨਸ਼ਾ ਮੁਕਤੀ ਯਾਤਰਾ ਨੂੰ ਜ਼ਿਲ੍ਹੇੇ ਦੇ ਪਿੰਡਾਂ ਵਿੱਚ ਮਿਲ ਰਿਹਾ ਭਰਵਾਂ ਹੁੰਗਾਰਾ-ਸੋਨੀਆ ਮਾਨ

ਹਲਕਾ ਖਡੂਰ ਸਾਹਿਬ ਦੇ ਵੱਖ-ਵੱਖ ਪਿੰਡਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਸਮਾਗਮਾਂ ਦਾ ਆਯੋਜਨ

5 Dariya News

ਤਰਨ ਤਾਰਨ 02-Jun-2025

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਅਧੀਨ ਰਾਜ ਭਰ ਵਿੱਚ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਤਹਿਤ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਕਸਬਾ ਚੋਹਲਾ ਸਾਹਿਬ, ਰੱਤੋਕੇ, ਧੁੰਨ ਢਾਏ ਵਾਲ, ਕੰਬੋਅ ਢਾਏ ਵਾਲਾ, ਚੰਬਾਂ ਕਲਾਂ ਅਤੇ ਕਰਮੂਵਾਲਾ ਵਿਖੇ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸੋਨੀਆ ਮਾਨ ਦੀ ਅਗਵਾਈ ਹੇਠ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਅਮਿੰਦਰ ਐਮੀ, ਹਲਕਾ ਕੋਆਰਡੀਨੇਟਰ ਸ੍ਰੀ ਜਸਕਰਨ ਸਿੰਘ ਅਤੇ ਪਿੰਡ ਪੱਧਰੀ ਰੱਖਿਆ ਕਮੇਟੀਆਂ ਦੇ ਮੈਂਬਰ, ਪੰਚ-ਸਰਪੰਚ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਨਸ਼ਾ ਮੁਕਤੀ ਮੋਰਚਾ ਦੇ ਮਾਝਾ ਕੋਆਰਡੀਨੇਟਰ ਸੋਨੀਆ ਮਾਨ ਨੇ ਕਿਹਾ ਕਿ ਨਸ਼ਿਆਂ ਦੇ ਖ਼ਾਤਮੇ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਉਹਨਾਂ ਕਿਹਾ ਕਿ ਹੁਣ ਉਹ ਦਿਨ ਦੂਰ ਨਹੀਂ ਜਦੋਂ ਸੂਬੇ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਉੱਤੇ ਖ਼ਾਤਮਾ ਹੋ ਜਾਵੇਗਾ। ਉਹਨਾਂ ਕਿਹਾ ਕਿ ਨਸ਼ਾ ਮੁਕਤੀ ਯਾਤਰਾ ਦਾ ਉਦੇਸ਼ ਸੂਬੇ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣਾ ਅਤੇ ਉਨ੍ਹਾਂ ਨੂੰ ਸਿਹਤਮੰਦ ਅਤੇ ਉੱਜਵਲ ਭਵਿੱਖ ਵੱਲ ਲਿਜਾਣਾ ਹੈ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਦੇ ਖ਼ਿਲਾਫ਼ ਜੰਗ ਨੂੰ ਪੂਰੀ ਗੰਭੀਰਤਾ ਨਾਲ ਲੜ ਰਹੀ ਹੈ ਅਤੇ ਇਸਦੇ ਲਈ ਜ਼ਮੀਨੀ ਪੱਧਰ `ਤੇ ਜਾਗਰੂਕਤਾ ਫੈਲਾਉਣਾ ਬਹੁਤ ਜ਼ਰੂਰੀ ਹੈ। ਇਸ ਦੌਰਾਨ ਉਹਨਾਂ ਪਿੰਡ ਪੱਧਰੀ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖ਼ਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਪਿੰਡ ਵਾਸੀਆਂ ਨੂੰ ਨਿਰੰਤਰ ਨਸ਼ਿਆਂ ਵਿਰੁੱਧ ਲੜੀ ਜਾ ਰਹੀ ਜੰਗ ਵਿੱਚ ਇੱਕਜੁੱਟ ਹੋ ਕੇ ਸਰਕਾਰ ਦਾ ਸਹਿਯੋਗ ਦੇਣ ਲਈ ਪ੍ਰੇਰਤ ਕੀਤਾ ਜਾਵੇ।

ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਉਨ੍ਹਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਂਦਾ ਜਾਵੇ। ਜਿੱਥੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਦਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਅਤੇ ਢੁਕਵਾਂ ਇਲਾਜ ਕੀਤਾ ਜਾਂਦਾ ਹੈ।

ਉਹਨਾਂ ਕਿਹਾ ਕਿ ਸੂਬੇ ਦੀ ਨੌਜਵਾਨੀ ਹੁਣ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਰਹੀ ਹੈ ਅਤੇ ਪੰਜਾਬ ਮੁੜ ਤੋਂ ਸਿਹਤਮੰਦ ਪੰਜਾਬ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਹੁਣ ਕਿਸੇ ਦੀ ਵੀ ਸਿਆਸੀ ਸ਼ਹਿ ਪ੍ਰਾਪਤ ਨਹੀਂ ਹੈ।ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨਸ਼ਿਆਂ ਖਿਲਾਫ਼ ਇਹ ਫ਼ੈਸਲਾਕੁਨ ਯੁੱਧ ਲੋਕਾਂ ਦੇ ਸਹਿਯੋਗ ਨਾਲ ਜ਼ਰੂਰ ਜਿੱਤੇਗੀ।

ਇਸ ਮੌਕੇ `ਤੇ ਉਨ੍ਹਾਂ ਪਿੰਡ ਵਾਸੀਆਂ, ਖ਼ਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਅਤੇ ਸਮਾਜ ਨੂੰ ਵੀ ਇਸ ਬੁਰਾਈ ਤੋਂ ਮੁਕਤ ਕਰਵਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ। ਇਸ ਦੌਰਾਨ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।