ਨਸ਼ਾ ਮੁਕਤੀ ਯਾਤਰਾ ਤਹਿਤ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਪਿੰਡ ਬਾਜੇਵਾਲਾ, ਤੂਤ, ਮਾਣਾ ਸਿੰਘ ਵਾਲਾ ਤੇ ਖਾਨਪੁਰ ਵਿਖੇ ਕੀਤਾ ਗਿਆ ਲੋਕਾਂ ਨੂੰ ਜਾਗਰੂਕ
ਪਿੰਡ ਦਾ ਹਰੇਕ ਨਾਗਰਿਕ ਪਿੰਡ ਵਿੱਚ ਨਸ਼ਾ ਵੇਚਣ ਵਾਲਿਆਂ ਤੇ ਰੱਖੇ ਨਜ਼ਰ:ਦਹੀਯਾ
5 Dariya News
ਫ਼ਿਰੋਜ਼ਪੁਰ 29-May-2025
ਨਸ਼ਿਆਂ ਦੇ ਮੁਕੰਮਲ ਖਾਤਮੇ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਵਿੱਚ ਹਰੇਕ ਨਾਗਰਿਕ ਦੇ ਸਹਿਯੋਗ ਦੀ ਅਹਿਮ ਭੂਮਿਕਾ ਹੈ। ਪਿੰਡ ਦਾ ਹਰੇਕ ਵਿਅਕਤੀ ਆਪਣੇ ਆਲੇ ਦੁਆਲੇ ਨਜ਼ਰ ਰੱਖੇ ਕਿ ਕੋਈ ਵਿਅਕਤੀ ਪਿੰਡ ਵਿੱਚ ਨਸ਼ਾ ਤਾਂ ਨਹੀਂ ਵੇਚਦਾ ਜੇਕਰ ਕੋਈ ਨਸ਼ਾ ਵੇਚਦਾ ਨਜ਼ਰ ਆਉਂਦਾ ਹੈ ਤਾਂ ਉਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਸ਼੍ਰੀ ਰਜਨੀਸ਼ ਦਹੀਯਾ ਨੇ ਹਲਕੇ ਦੇ ਪਿੰਡ ਬਾਜੇਵਾਲਾ, ਤੂਤ, ਮਾਣਾ ਸਿੰਘ ਵਾਲਾ ਤੇ ਖਾਨਪੁਰ ਵਿਖੇ ਨਸ਼ਾ ਮੁਕਤੀ ਯਾਤਰਾ ਦੌਰਾਨ ਇੱਕਠ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਨਸ਼ੇ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਲੋਕ ਹੁਣ ਖੁਦ ਨਸ਼ਿਆਂ ਖਿਲਾਫ਼ ਅੱਗੇ ਆ ਰਹੇ ਹਨ।
ਸ਼੍ਰੀ ਦਹੀਯਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਸ ਨਸ਼ਾ ਮੁਕਤੀ ਯਾਤਰਾ ਦਾ ਮਕਸਦ ਨਸ਼ੇ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣਾ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸ ਜੰਗ ਨੂੰ ਜਿੱਤਿਆ ਜਾ ਸਕਦਾ ਹੈ।ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਤਸਕਰਾਂ ਵਿਰੁੱਧ ਖੁੱਲ਼੍ਹ ਕੇ ਆਵਾਜ਼ ਉਠਾਉਣ ਤਾਂ ਜੋ ਇਸ ਸਮਾਜਿਕ ਬੁਰਾਈ ਦਾ ਅੰਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਉਨ੍ਹਾਂ ਨੇ ਇਹ ਵੀ ਕਿਹਾ ਕਿ ਨਸ਼ੇ ਦੇ ਆਦੀ ਜਾਂ ਨਸ਼ਾ ਛੱਡ ਚੁੱਕੇ ਲੋਕਾਂ ਨਾਲ ਹਮਦਰਦੀ ਦਾ ਰਵੱਈਆ ਅਪਣਾਇਆ ਜਾਵੇ ਤਾਂ ਜੋ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਵਿੱਚ ਸਹਿਯੋਗ ਮਿਲ ਸਕੇ। ਇਸ ਮੌਕੇ ਵਿਧਾਇਕ ਵੱਲੋਂ ਸਮੂਹ ਹਾਜ਼ਰੀਨ ਨੂੰ ਨਸ਼ੇ ਵਿਰੁੱਧ ਜੰਗ ਵਿਚ ਅਹਿਮ ਭੂਮਿਕਾ ਨਿਭਾਉਣ ਦੀ ਸਹੁੰ ਵੀ ਚੁਕਾਈ ਗਈ।
ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ, ਨਸ਼ਾ ਮੁਕਤੀ ਮੋਰਚਾ ਦੇ ਹਲਕਾ ਕੋਆਰਡੀਨੇਟਰ ਹਰਮਨ ਸਿੱਧੂ, ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ / ਵਰਕਰਾਂ, ਪਿੰਡਾਂ ਦੇ ਸਰਪੰਚਾਂ, ਪੰਚਾਂ, ਗਰਾਮ ਸੁਰੱਖਿਆ ਕਮੇਟੀਆਂ ਦੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿੱਚ ਪਿੰਡਾਂ ਦੇ ਲੋਕ ਹਾਜ਼ਰ ਸਨ।