ਨਸ਼ੇ ਦੀ ਬਿਮਾਰੀ ਦੀਆਂ ਜੜਾਂ ਪੁੱਟਣ ਲਈ ਪੰਜਾਬੀਆਂ ਨੇ ਖਿਚੀਆਂ ਤਿਆਰੀਆਂ : ਜਸਵਿੰਦਰ ਸਿੰਘ ਰਮਦਾਸ
ਅਟਾਰੀ ਹਲਕੇ ਦੇ ਪਿੰਡਾਂ ਵਿੱਚ ਕੀਤੀਆਂ ਨਸ਼ਾ ਮੁਕਤ ਯਾਤਰਾਵਾਂ
5 Dariya News
ਅੰਮ੍ਰਿਤਸਰ 28-May-2025
ਹਲਕਾ ਅਟਾਰੀ ਦੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਅੱਜ ਆਪਣੇ ਹਲਕੇ ਦੇ ਪਿੰਡ ਚੀਚਾ, ਨੱਥੂਪੁਰਾ, ਮਾਲੂਵਾਲ ਹੇਅਰ, ਭਕਨਾ ਕਲਾਂ ਅਤੇ ਭਕਨਾ ਖੁਰਦ ਵਿੱਚ ਨਸ਼ਾ ਮੁਕਤੀ ਲਈ ਕੀਤੀਆਂ ਯਾਤਰਾਵਾਂ ਵਿੱਚ ਪਹੁੰਚੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਜਿਸ ਤਰ੍ਹਾਂ ਦਾ ਉਤਸ਼ਾਹ ਭਰਪੂਰ ਹੁੰਗਾਰਾ ਤੁਸੀਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੇ ਗਏ ਯੁੱਧ ਨੂੰ ਦਿੱਤਾ ਹੈ, ਉਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਲਾ ਦੌਰ ਹੁਣ ਬਹੁਤਾ ਲੰਮਾ ਨਹੀਂ ਚੱਲ ਸਕਦਾ।
ਉਹਨਾਂ ਕਿਹਾ ਕਿ ਪੰਜਾਬੀ ਨਸ਼ੇ ਦੀ ਜੜਾਂ ਪੁੱਟਣ ਲਈ ਤਿਆਰੀ ਕਰ ਚੁੱਕੇ ਹਨ। ਸ ਰਮਦਾਸ ਨੇ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਇੱਛਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਹੈ, ਜਿਸ ਵਿੱਚ ਖੁਸ਼ੀਆਂ ਖੇੜੇ ਹੋਣ। ਇਹ ਸੁਪਨਾ ਤਾਂ ਹੀ ਪੂਰਾ ਹੋ ਸਕਦਾ ਹੈ ਜੇਕਰ ਪੰਜਾਬ ਵਿੱਚੋਂ ਨਸ਼ੇ ਦਾ ਕੋਹੜ ਕੱਢੀਏ, ਸੋ ਸਰਕਾਰ ਨੇ ਇੱਕ ਮਾਰਚ ਤੋਂ ਜੋ ਨਸ਼ਿਆਂ ਵਿਰੁੱਧ ਯੁੱਧ ਸ਼ੁਰੂ ਕੀਤਾ ਹੈ, ਆਓ ਸਾਰੇ ਇਸ ਦਾ ਹਿੱਸਾ ਬਣੀਏ ਅਤੇ ਆਪਣੇ ਆਪਣੇ ਪਿੰਡਾਂ ਵਿੱਚੋਂ ਨਸ਼ੇ ਨੂੰ ਖਤਮ ਕਰੀਏ।
ਉਹਨਾਂ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਤੁਸੀਂ ਵੀ ਬੜੇ ਉਤਸ਼ਾਹ ਅਤੇ ਜੋਸ਼ ਨਾਲ ਇਸ ਯਾਤਰਾ ਵਿੱਚ ਭਾਗ ਲੈ ਰਹੇ ਹੋ। ਉਹਨਾਂ ਕਿਹਾ ਕਿ ਪੰਜਾਬੀਆਂ ਦੀ ਇੱਕ ਗੱਲ ਪੱਕੀ ਹੈ ਕਿ ਜਿਸ ਚੀਜ਼ ਦੇ ਮਗਰ ਪੈ ਜਾਣ, ਉਸ ਨੂੰ ਬੰਨੇ ਲਾ ਕੇ ਹਟਦੇ ਹਨ। ਸੋ ਹੁਣ ਆਪਾਂ ਨਸ਼ੇ ਨੂੰ ਖਤਮ ਕਰਕੇ ਰਹਿਣਾ ਹੈ ਅਤੇ ਜੇਕਰ ਤੁਹਾਡਾ ਸਾਥ ਇਸੇ ਤਰ੍ਹਾਂ ਹੀ ਮਿਲਦਾ ਰਿਹਾ ਤਾਂ ਨਸ਼ਾ ਚੰਦ ਦਿਨਾਂ ਵਿੱਚ ਮੁਕੇਗਾ। ਇਸ ਮੌਕੇ ਸਿਵਲ ਅਤੇ ਪੁਲਿਸ ਦੇ ਅਧਿਕਾਰੀ ਪਿੰਡਾਂ ਦੇ ਪੰਚ, ਸਰਪੰਚ, ਮੋਹਤਬਰ, ਵਿਲੇਜ ਲੈਵਲ ਡਿਫੈਂਸ ਕਮੇਟੀਆਂ ਦੇ ਮੈਂਬਰ, ਨੌਜਵਾਨ, ਬੱਚਿਆਂ ਨੇ ਬੜੇ ਉਤਸ਼ਾਹ ਦੇ ਨਾਲ ਯਾਤਰਾ ਵਿੱਚ ਭਾਗ ਲਿਆ।