ਲੋਕਾਂ ਦੇ ਸਹਿਯੋਗ ਨਾਲ ਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਫੈਸਲਾਕੁਨ ਅੰਜਾਮ ਤੱਕ ਪਹੁੰਚਾਇਆ ਜਾ ਸਕਦੈ : ਲਾਭ ਸਿੰਘ ਉਗੋਕੇ
5 Dariya News
ਤਪਾ 28-May-2025
ਪੰਜਾਬ ਸਰਕਾਰ ਵਲੋਂ ਨਸ਼ੇ ਦੀ ਅਲਾਮਤ ਨੂੰ ਜੜੋਂ ਖਤਮ ਕਰਨ ਲਈ ਸ਼ੁਰੂ ਕੀਤੀ ਗਈ ‘ਨਸ਼ਾ ਮੁਕਤੀ ਯਾਤਰਾ’ ਤਹਿਤ ਹਲਕਾ ਭਦੌੜ ਦੇ ਪਿੰਡ ਧੌਲਾ ਵਿਖੇ ਕਰਵਾਏ ਸਮਾਗਮ ਵਿਚ ਲੋਕਾਂ ਨੇ ਨਸ਼ਿਆਂ ਵਿਰੁੱਧ ਅਹਿਦ ਲਿਆ। ਇਸ ਸਮਾਗਮ ਵਿਚ ਵੱਡੀ ਗਿਣਤੀ ਵਿਚ ਲੋਕਾਂ ਨੇ ਸ਼ਮੂਲੀਅਤ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਨਸ਼ੇ ਵਿਰੁੱਧ ਛੇੜੀ ਜੰਗ ਵਿਚ ਭਾਗੀਦਾਰ ਬਣਨ ਦੀ ਸਹੁੰ ਚੁੱਕੀ ਗਈ।
ਇਸ ਮੌਕੇ ਹਲਕਾ ਵਿਧਾਇਕ ਭਦੌੜ ਸ. ਲਾਭ ਸਿੰਘ ਉਗੋਕੇ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਈ ਗਈ ਇਸ ਯਾਤਰਾ ਦਾ ਮਕਸਦ ਨਸ਼ੇ ਵਿਰੁੱਧ ਲੜਾਈ ਨੂੰ ਲੋਕ ਲਹਿਰ ਬਣਾਉਣਾ ਹੈ ਕਿਉਂਕਿ ਲੋਕਾਂ ਦੇ ਸਹਿਯੋਗ ਨਾਲ ਹੀ ਇਸਨੂੰ ਨਿਰਣਾਇਕ ਅੰਜਾਮ ਤੱਕ ਪਹੁੰਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ‘ਨਸ਼ਾ ਮੁਕਤੀ ਯਾਤਰਾ’ ਕੋਈ ਸਿਆਸੀ ਯਾਤਰਾ ਨਹੀਂ, ਸਗੋਂ ਨਸ਼ੇ ਦੇ ਖਾਤਮੇ ਦਾ ਸਮਾਜਿਕ ਸੰਕਲਪ ਹੈ।
ਉਨ੍ਹਾਂ ਕਿਹਾ ਕਿ ਸਮਾਜ ਦਾ ਹਰ ਵਰਗ, ਪੰਚਾਇਤ, ਮਾਤਾ-ਪਿਤਾ ਇਸ ਅੰਦੋਲਨ ਨਾਲ ਜੁੜਨ ਤਾਂ ਜੋ ਨਸ਼ੇ ਦੇ ਦੈਂਤ ਨੂੰ ਹਰਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਲੜਾਈ ਪਿੰਡ-ਪਿੰਡ ਤੋਂ ਸ਼ੁਰੂ ਹੋ ਚੁੱਕੀ ਹੈ, ਜਿਸ ਤਹਿਤ ਹਰੇਕ ਪਿੰਡ ਵਾਸੀ ਆਪਣੇ ਪਿੰਡ ਦਾ ਪਹਿਰੇਦਾਰ ਬਣੇਗਾ।
ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਕਿਮਮ ਦੀ ਸਿਆਸੀ ਸਰਪ੍ਰਸਤੀ ਨਹੀਂ ਮਿਲੇਗੀ ਤੇ ਨਾ ਹੀ ਉਨ੍ਹਾਂ ਦੀ ਕੋਈ ਜ਼ਮਾਨਤ ਦੇਵੇਗਾ। ਉਨ੍ਹਾਂ ਪ੍ਰਸਾਸ਼ਨ ਦੇ ਅਧਿਕਾਰੀਆਂ ਨੂੰ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਸਖਤੀ ਨਾਲ ਕਾਰਵਾਈ ਕਰਨ ਲਈ ਕਿਹਾ। ਇਸ ਮੌਕੇ ਵੱਖ ਵੱਖ ਵਿਭਾਗਾਂ ਤੋਂ ਅਧਿਕਾਰੀ, ਕਰਮਚਾਰੀ ਅਤੇ ਮੋਹਤਬਰ ਹਾਜ਼ਰ ਸਨ।