ਨਸ਼ਾ ਮੁਕਤੀ ਯਾਤਰਾ ਤਹਿਤ ਸਿਰਜਿਆ ਜਾ ਰਿਹਾ ਹੈ ਨਸ਼ਾ ਮੁਕਤ ਪੰਜਾਬ: ਦਿਨੇਸ਼ ਚੱਢਾ
ਪਿੰਡ ਮਗਰੋੜ, ਪੁਰਖਾਲੀ ਅਤੇ ਪੰਜੋਲਾ ਵਿਖੇ ਨਸ਼ਾ ਮੁਕਤੀ ਯਾਤਰਾ 'ਚ ਕੀਤੀ ਸ਼ਮੂਲੀਅਤ
5 Dariya News
ਰੂਪਨਗਰ 24-May-2025
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਤਹਿਤ ਹਲਕਾ ਰੂਪਨਗਰ ਦੇ ਪਿੰਡ ਮਗਰੋੜ, ਪੁਰਖਾਲੀ ਅਤੇ ਪੰਜੋਲਾ ਵਿਖੇ ਹਲਕਾ ਵਿਧਾਇਕ ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਦੀ ਅਗਵਾਈ ਵਿੱਚ ਨਸ਼ਾ ਮੁਕਤੀ ਯਾਤਰਾ ਦੇ ਪ੍ਰੋਗਰਾਮਾਂ ਦੌਰਾਨ ਨਸ਼ਿਆਂ ਖਿਲਾਫ ਮਿਲ ਕੇ ਜੰਗ ਲੜਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਚੱਢਾ ਨੇ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਸੂਬਾ ਸਰਕਾਰ ਦੀ ਇਹ ਅਜਿਹੀ ਪਹਿਲ ਕਦਮੀ ਹੈ, ਜਿਸ ਨਾਲ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਸੂਬੇ ਵਿਚੋਂ ਨਸ਼ਿਆਂ ਦਾ ਮੁਕੰਮਲ ਖਾਤਮਾ ਕਰਨ ਵਿੱਚ ਵੱਡੇ ਪੱਧਰ ਉੱਤੇ ਮਦਦ ਮਿਲ ਰਹੀ ਹੈ। ਉਨ੍ਹਾਂ ਇਸ ਮੌਕੇ ਹਾਜ਼ਰੀਨ ਅਤੇ ਪਿੰਡਾਂ ਦੀਆਂ ਡਿਫੈਂਸ ਕਮੇਟੀਆਂ ਨੂੰ ਕਿਹਾ ਕਿ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਵਿੱਚ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ ਅਤੇ ਪਿੰਡ ਵਾਸੀਆਂ ਨੂੰ ਨਿਰੰਤਰ ਨਸ਼ੇ ਖਿਲਾਫ ਲੜੀ ਜਾ ਰਹੀ ਜੰਗ ਵਿੱਚ ਇੱਕਜੁੱਟ ਹੋ ਕੇ ਸਰਕਾਰ ਦਾ ਸਹਿਯੋਗ ਦੇਣ ਲਈ ਪ੍ਰੇਰਤ ਕੀਤਾ ਜਾਵੇ।
ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਨਸ਼ਿਆਂ ਦੇ ਆਦੀ ਵਿਅਕਤੀਆਂ ਦਾ ਨਸ਼ਾ ਛੁਡਵਾਉਣ ਲਈ ਉਹਨਾਂ ਨੂੰ ਸਰਕਾਰੀ ਨਸ਼ਾ ਛੁਡਾਊ ਕੇਂਦਰਾਂ ਵਿੱਚ ਲਿਆਂਦਾ ਜਾਵੇ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰੀ ਵਾਰਡਾਂ ਵਿੱਚ ਹਰੇਕ ਨਾਗਰਿਕ ਤੱਕ ਸਿੱਧੀ ਪਹੁੰਚ ਨੂੰ ਯਕੀਨੀ ਬਣਾਉਣ ਲਈ ਨਸ਼ਾ ਮੁਕਤੀ ਯਾਤਰਾ ਆਰੰਭ ਕੀਤੀ ਗਈ ਹੈ ਤਾਂ ਜੋ ਲੋਕਾਂ ਤੋਂ ਸਿੱਧੀ ਫੀਡਬੈਕ ਲੈ ਕੇ ਨਸ਼ਿਆਂ ਦੀ ਸਪਲਾਈ ਲਾਈਨ ਖਤਮ ਕੀਤੀ ਜਾ ਸਕੇ ਅਤੇ ਨਸ਼ਿਆਂ ਦੀ ਦਲਦਲ ਵਿੱਚ ਫਸੇ ਵਿਅਕਤੀਆਂ ਦਾ ਮੁਫਤ ਅਤੇ ਢੁਕਵਾਂ ਇਲਾਜ ਕਰਵਾਇਆ ਜਾ ਸਕੇ।
ਉਨ੍ਹਾਂ ਕਿਹਾ ਕਿ ਸੂਬੇ ਦੀ ਨੌਜਵਾਨੀ ਨੂੰ ਹੁਣ ਨਸ਼ਿਆਂ ਦੇ ਦਲਦਲ ਵਿੱਚੋਂ ਨਿਕਲ ਰਹੀ ਹੈ ਅਤੇ ਪੰਜਾਬ ਮੁੜ ਤੋਂ ਸਿਹਤਮੰਦ ਪੰਜਾਬ ਬਣਨ ਵੱਲ ਵਧ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਸੌਦਾਗਰਾਂ ਨੂੰ ਹੁਣ ਕਿਸੇ ਦੀ ਵੀ ਸਿਆਸੀ ਸ਼ੈਅ ਨਹੀਂ ਹੈ। ਸਰਕਾਰ ਨੇ ਪੁਲਿਸ ਵਿਭਾਗ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਹਦਾਇਤ ਹੈ ਕਿ ਨਸ਼ਿਆਂ ਦਾ ਵਪਾਰੀ ਭਾਵੇਂ ਕਿਸੇ ਵੀ ਪਰਿਵਾਰ ਨਾਲ ਸਬੰਧ ਰੱਖਦਾ ਹੋਵੇ, ਉਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।
ਇਸ ਮੌਕੇ ਐਸਡੀਐਮ ਸੰਜੀਵ ਕੁਮਾਰ, ਤਹਿਸੀਲਦਾਰ ਹਰਸਿਮਰਨ ਸਿੰਘ, ਬੀਡੀਪੀਓ ਰਵਿੰਦਰ ਸਿੰਘ, ਐਸਐਮਓ ਰੋਪੜ ਡਾ. ਓਪਿੰਦਰ ਸਿੰਘ, ਐਸ ਐਚ ਓ ਸਿਮਰਨਜੀਤ ਸਿੰਘ, ਐਡਵੋਕੇਟ ਗੌਰਵ ਕਪੂਰ, ਸਰਪੰਚ ਵਿਕਰਾਂਤ ਚੌਧਰੀ, ਸੰਦੀਪ ਜੋਸ਼ੀ, ਹਲਕਾ ਕੋਆਰਡੀਨੇਟਰ ਅਵਤਾਰ ਸਿੰਘ ਕੁੰਨਰ, ਚੌਂਕੀ ਇੰਚਾਰਜ ਪੁਰਖਾਲੀ, ਸਰਪੰਚ ਜਗਜੀਤ ਸਿੰਘ ਮਗਰੋੜ, ਜਸਵਿੰਦਰ ਸਿੰਘ ਸੋਨੀ ਸਨਾਨਾ, ਬਾਗਵਾਲੀ ਸਰਪੰਚ ਤਰਸੇਮ ਸਿੰਘ, ਰਿੰਕੂ ਪਹਿਲਵਾਨ, ਬਲਜਿੰਦਰ, ਗੁਰਦੀਪ ਸਿੰਘ ਕਾਲਾ, ਜਰਨੈਲ ਸਿੰਘ, ਰਣਜੋਧ ਸਿੰਘ ਸਰਪੰਚ ਰਾਮਪੁਰ, ਸੁਖਦੇਵ ਸਿੰਘ ਚੇਅਰਮੈਨ, ਹਰਚੰਦ ਸਿੰਘ, ਕਲਵਿੰਦਰ ਸਿੰਘ, ਚਰਨਜੀਤ ਸਿੰਘ, ਬਲਬੀਰ ਸਿੰਘ ਮਗਰੋੜ ਗਗਨ ਅਕਬਰਪੁਰ, ਜਸਪਾਲ ਸਿੰਘ ਤੇ ਵੱਡੀ ਗਿਣਤੀ ਪਿੰਡ ਵਾਸੀ ਹਾਜ਼ਰ ਸਨ।