5 Dariya News

ਯੁੱਧ ਨਸ਼ਿਆਂ ਵਿਰੁੱਧ - ਨਸ਼ਾ ਮੁਕਤੀ ਯਾਤਰਾ ਮੁਹਿੰਮ ਤਹਿਤ ਜ਼ਿਲ੍ਹੇ ‘ਚ ਜਾਗਰੂਕਤਾ ਮੁਹਿੰਮ ਜ਼ੋਰਾਂ 'ਤੇ

ਨਸ਼ੇ ਖਿਲਾਫ਼ ਇਕਜੁੱਟ ਹੋ ਕੇ ਸਮਾਜ ਸਮਾਜ ਦੇ ਸਾਰੇ ਵਰਗਾਂ ਨੇ ਚੁੱਕੀ ਆਵਾਜ਼

5 Dariya News

ਹੁਸ਼ਿਆਰਪੁਰ 19-May-2025

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਵੱਲੋਂ  ਨਸ਼ਿਆਂ ਨੂੰ ਖ਼ਤਮ ਕਰਨ ਲਈ ਚਲਾਈ ਜਾ ਰਹੀ ਰਾਜ ਵਿਆਪੀ ਮੁਹਿੰਮ ਤਹਿਤ ਸੋਮਵਾਰ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਨਸ਼ਾ ਮੁਕਤੀ ਯਾਤਰਾਵਾਂ ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਯਾਤਰਾਵਾਂ ਵਿਚ ਸਥਾਨਕ ਵਿਧਾਇਕਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਸਮਾਜਿਕ ਸੰਗਠਨਾਂ, ਨੌਜਵਾਨਾਂ ਅਤੇ ਨਾਗਰਿਕਾਂ ਨੇ ਉਤਸ਼ਾਹ ਨਾਲ ਭਾਗ ਲਿਆ।

ਸ਼ਾਮ ਚੁਰਾਸੀ ਵਿਧਾਨ ਸਭਾ ਹਲਕੇ ਵਿਚ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਦੀ ਅਗਵਾਈ ਹੇਠ ਅਜਡਾਮ, ਮੇਘੋਵਾਲ ਅਤੇ ਬੱਦੋਵਾਲ ਵਿਚ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਕੱਢੀ ਗਈ। ਚੱਬੇਵਾਲ ਵਿਧਾਨ ਸਭਾ ਹਲਕੇ ਵਿਚ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਅਤੇ ਵਿਧਾਇਕ ਡਾ. ਇਸ਼ਾਂਕ ਨੇ ਅਜਨੋਹਾ, ਟੋਡਰਪੁਰ ਅਤੇ ਨਡਾਲੋਂ ਵਿਚ ਯਾਤਰਾਵਾਂ ਦੀ ਅਗਵਾਈ ਕੀਤੀ। 

ਗੜ੍ਹਸ਼ੰਕਰ ਵਿਚ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਡੋਗਰਪੁਰ, ਰਸੂਲਪੁਰ ਅਤੇ ਗੋਲੇਵਾਲ ਵਿਚ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ। ਹੁਸ਼ਿਆਰਪੁਰ ਵਿਚ ਵਿਧਾਇਕ ਬ੍ਰਮ ਸ਼ੰਕਰ ਜਿੰਪਾ ਦੀ ਅਗਵਾਈ ਹੇਠ ਬਹਾਦਰਪੁਰ ਬਾਹੀਆਂ, ਮੰਨਣ ਅਤੇ ਬੱਸੀ ਹਸਤ ਖਾਂ ਵਿਚ ਰੈਲੀਆਂ ਦਾ ਆਯੋਜਨ ਕੀਤਾ ਗਿਆ। ਉੜਮੁੜ ਟਾਂਡਾ ਵਿਧਾਨ ਸਭਾ ਹਲਕੇ ਵਿਚ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਭੂਲਪੁਰ ਅਤੇ ਟਾਹਲੀ ਵਿਚ ਮੁਹਿੰਮ ਦੀ ਸ਼ੁਰੂਆਤ ਕੀਤੀ। 

ਦਸੂਹਾ ਵਿਚ ਵਿਧਾਇਕ ਕਰਮਬੀਰ ਸਿੰਘ ਘੁੰਮਣ ਨੇ ਚਾਵਰੀਆਂ, ਤਕੀਪੁਰ ਅਤੇ ਮੁਡੀਆਂ ਵਿਚ ਨਸ਼ਾ ਮੁਕਤੀ ਯਾਤਰਾਵਾਂ ਚਲਾਈਆਂ ਅਤੇ ਮੁਕੇਰੀਆਂ ਵਿਧਾਨ ਸਭਾ ਹਲਕੇ ਵਿਚ ਵਿਧਾਨ ਸਭਾ ਹਲਕਾ ਇੰਚਾਰਜ ਪ੍ਰੋ. ਜੀ.ਐਸ ਮੁਲਤਾਨੀ ਨੇ ਬੰਬੋਵਾਲ, ਸਿੰਘੋਵਾਲ ਅਤੇ ਧੀਰੋਵਾਲ ਵਿਚ ਰੈਲੀਆਂ ਦਾ ਸੰਚਾਲਨ ਕੀਤਾ। ਇਸ ਮੌਕੇ ਜਨ ਪ੍ਰਤੀਨਿਧੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ਿਆਂ ਵਿਰੁੱਧ ਗੰਭੀਰ ਹੈ ਅਤੇ ਇਸ ਮੁਹਿੰਮ ਨੂੰ ਪੂਰੀ ਵਚਨਬੱਧਤਾ ਨਾਲ ਅੱਗੇ ਵਧਾ ਰਹੀ ਹੈ। 

ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹੋਂ ਖਤਮ ਕਰਨ ਲਈ ਸਮੂਹਿਕ ਯਤਨ ਜ਼ਰੂਰੀ ਹਨ ਅਤੇ ਜਨਤਕ ਭਾਗੀਦਾਰੀ ਇਸ ਦਿਸ਼ਾ ਵਿਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਸਮਾਜ ਨੂੰ  ਨਸ਼ੇ ਦੀ ਗ੍ਰਿਫਤ ਤੋਂ ਮੁਕਤ ਕਰਨ ਲਈ ਨਿਰੰਤਰ ਯਤਨ ਕੀਤੇ ਜਾ ਰਹੇ ਹਨ, ਅਤੇ ਅਜਿਹੇ ਜਾਗਰੂਕਤਾ ਯਾਤਰਾਵਾਂ ਲੋਕਾਂ ਨੂੰ ਪ੍ਰੇਰਿਤ ਕਰਨ ਵਿਚ ਸਹਾਈ ਸਾਬਤ ਹੋ ਰਹੀਆਂ ਹਨ।