ਨਸ਼ਿਆਂ ਦੇ ਖਾਤਮੇ ਲਈ ਲੋਕਾਂ ਦਾ ਲਾਮਬੰਦ ਹੋਣਾ ਜ਼ਰੂਰੀ-ਵਿਧਾਇਕ ਡਾ: ਜਸਬੀਰ ਸਿੰਘ ਸੰਧੂ
ਸਮਾਜ ਵਿੱਚੋਂ ਨਸ਼ਿਆਂ ਦੀ ਲਾਹਨਤ ਨੂੰ ਜੜ੍ਹੋਂ ਖਤਮ ਕਰਨਾ ਅਤੇ ਜਵਾਨੀ ਨੂੰ ਬਚਾਉਣਾ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਪਹਿਲੀ ਪ੍ਰਥਾਮਿਕਤਾ
5 Dariya News
ਅੰਮ੍ਰਿਤਸਰ 17-May-2025
ਹਲਕਾ ਪੱਛਮੀ ਦੇ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਦੀ ਅਗਵਾਈ ਅਧੀਨ ਹਲਕੇ ’ਚ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਫ਼ੈਸਲਾਕੁਨ ਲੜਾਈ ਨੂੰ ਜ਼ਮੀਨੀ ਪੱਧਰ ਤੇ ਮਜ਼ਬੂਤ ਕਰਨ ਲਈ ਪੱਛਮੀ ਹਲਕੇ ਦੇ ਵਾਰਡ ਨੰ: 64 ਅਤੇ 65 ਦੇ ਇਲਾਕੇ ਗਵਾਲ ਮੰਡੀ ਤੋ਼ ਸ਼ੁਰੂ ਹੋ ਕੇ ਪੁਤਲੀਘਰ ਤੱਕ ਨਸ਼ਾ ਮੁਕਤੀ ਯਾਤਰਾ ਕੱਢੀ ਗਈ। ਆਮ ਆਦਮੀ ਪਾਰਟੀ ਵਲੋ ਸ਼ੁਰੂ ਕੀਤੀ ਗਈ ਇਸ ਨਸ਼ਾ ਮੁਕਤੀ ਯਾਤਰਾ ਮਾਝਾ ਜੋਨ ਦੇ ਇੰਚਾਰਜ਼ ਮੈਡਮ ਸੋਨੀਆ ਮਾਨ ਅਤੇ ਜ਼ਿਲਾ੍ ਕੁਆਡੀਨੇਟਰ ਸ਼੍ਰੀ ਦੀਕਸ਼ਤ ਧਵਨ ਵਲੋ ਇਸ ਯਾਤਰਾ ਨੂੰ ਲੋਕ ਲਹਿਰ ਬਣਾਉਨ ਲਈ ਲਗਾਤਾਰ ਲੋਕਾਂ ਦਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਬਣਾਇਆ ਜਾ ਸਕੇ।
ਵਿਧਾਇਕ ਡਾ: ਸੰਧੂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਆਪਸੀ ਵਿਰੋਧਤਾ ਤੋਂ ਉਪਰ ਉਠਕੇ ਨਸ਼ਾ ਤਸਕਰਾਂ ਖ਼ਿਲਾਫ਼ ਇੱਕ ਰੁੱਖ ਅਖਤਿਆਰ ਕਰਨਾ ਚਾਹੀਦਾ ਹੈ ਤਾਂ ਹੀ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਬਚਾ ਸਕਾਂਗੇ । ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਇਹ ਕਰਾਰ ਕਰਨ ਕਿ ਉਹ ਨਸ਼ਾ ਤਸਕਰਾਂ ਦੀ ਕਿਸੇ ਵੀ ਤਰੀਕੇ ਨਾਲ ਮਦਦ ਨਹੀਂ ਕਰਨਗੇ ਤਾਂ ਜੋ ਅਸੀ ਆਪਣੇ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾ ਸਕੀਏ । ਉਨ੍ਹਾਂ ਲੋਕਾਂ ਨੂੰ ਕਿਹਾ ਕਿ ਸਰਕਾਰੀ ਉਪਰਾਲਿਆਂ ਨਾਲ ਨਾਲ ਸਮੂਹ ਸਮਾਜ ਦੀ ਭਾਗੀਦਾਰੀ ਵੀ ਬੇਹੱਦ ਜਰੂਰੀ ਹੈ।
ਨਸ਼ਿਆਂ ਦੇ ਖ਼ਾਤਮੇ ਲਈ ਪੰਜਾਬ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਖ਼ਾਤਮੇ ਲਈ ਬਹੁ-ਪੱਖੀ ਰਣਨੀਤੀ ਅਪਣਾਈ ਹੈ, ਜਿਸ ਤਹਿਤ ਇੱਕ ਪਾਸੇ ਨਸ਼ਿਆਂ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਨਸ਼ਾ ਪੀੜਤਾਂ ਦਾ ਮੁੜ ਵਸੇਬਾ ਲਈ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਉਹ ਸਮਾਜ ਦੀ ਧਾਰਾ ਵਿੱਚ ਮੁੜ ਜੁੜ ਸਕਣ।
ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਨਸ਼ਿਆਂ ਵਿਰੁੱਧ ਇੱਕ ਅਵਾਜ ਬੁਲੰਦ ਕਰੀਏ ਅਤੇ ਸਰਕਾਰ ਦਾ ਹਰ ਤਰ੍ਹਾਂ ਸਾਥ ਦੇ ਕੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਨਸ਼ਾ ਮੁਕਤ ਰੰਗਲਾ ਪੰਜਾਬ ਦਾ ਸੁਪਨਾ ਸਾਕਾਰ ਕਰੀਏ । ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ। ਪੁਲਿਸ ਵਲੋਂ ਪੁਲਿਸ ਨਿਰਪੱਖਤਾ ਕਾਰਵਾਈ ਨੂੰ ਅਮਲ ਵਿੱਚ ਲਿਆਂਦਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਨਸ਼ਾ ਤਸਕਰਾਂ ਦੀ ਜਾਣਕਾਰੀ ਸਾਂਝੀ ਕਰਨ ਦੀ ਮੁੜ ਅਪੀਲ ਵੀ ਕੀਤੀ । ਇਸ ਮੌਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਸਹੁੰ ਵੀ ਚੁਕਾਈ ਗਈ।