5 Dariya News

ਅਭਿਜੀਤ ਕਪਲਿਸ਼ ਨੇ ਮੌਨਸੂਨ ਸੀਜ਼ਨ ਦੌਰਾਨ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ

5 Dariya News

ਸ੍ਰੀ ਮੁਕਤਸਰ ਸਾਹਿਬ 07-May-2025

ਜਿ਼ਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸੰਭਾਵੀ ਹੜ੍ਹਾਂ ਤੋਂ ਬਚਾਅ ਲਈ ਸ੍ਰੀ ਅਭਿਜੀਤ ਕਪਲਿਸ਼ ਡਿਪਟੀ ਕਮਿਸ਼ਨਰ ਨੇ ਅੱਜ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਮੀਟਿੰਗ ਹਾਲ ਵਿੱਚ ਜਿ਼ਲ੍ਹਾ ਹੜ੍ਹ ਕੰਟਰੋਲ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ, ਇਸ ਮੀਟਿੰਗ ਵਿੱਚ ਸ੍ਰੀ ਗੁਰਪ੍ਰੀਤ ਸਿੰਘ ਥਿੰਦ ਵਧੀਕ ਡਿਪਟੀ ਕਮਿਸ਼ਨਰ , ਸ੍ਰੀ ਸੁਰਿੰਦਰ ਸਿੰਘ ਢਿੱਲੋਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ ), ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ ਸ੍ਰੀ ਮੁਕਤਸਰ ਸਾਹਿਬ, ਸ਼੍ਰੀ ਜਸਪਾਲ ਸਿੰਘ ਐਸ.ਡੀ.ਐਮ ਗਿੱਦੜਬਾਹਾ, ਡੀਐਸਪੀ(ਐਚ ) ਅਮਨਦੀਪ, ਜਿ਼ਲ੍ਹਾ ਭਲਾਈ ਅਫਸਰ ਸ਼੍ਰੀ ਜਗਮੋਹਨ ਸਿੰਘ ਮਾਨ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੰਭਾਵੀ ਹੜ੍ਹਾਂ ਦੀ ਸਥਿਤੀ ਤੇ ਕੰਟਰੋਲ ਕਰਨ ਲਈ ਸਾਰੀਆਂ ਡਰੇਨਾਂ ਦੀ ਸਫਾਈ ਮੁਕੰਮਲ ਕਰ ਲਈ ਜਾਵੇ ਤਾਂ ਜੋ ਬਰਸਾਤੀ ਸੀਜਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੇਸ਼ ਨਾ ਆਵੇ। ਉਹਨਾਂ ਜਿ਼ਲ੍ਹਾ ਦੇ ਬੀ.ਡੀ.ਪੀ.ਓਜ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਛੱਪੜਾਂ ਦੀ ਸਫਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇ ਅਤੇ ਜੋ ਛੱਪੜਾ ਵਿੱਚ ਪਾਣੀ ਮੌਜੂਦ ਹੈ, ਇਸ ਪਾਣੀ ਦੀ ਨਿਕਾਸੀ ਕੀਤੀ ਜਾਵੇ ਅਤੇ ਛੱਪੜਾਂ ਤੇ ਜੋ ਮੋਟਰਾਂ ਲੱਗੀਆਂ ਹਨ, ਚਾਲੂ ਹਾਲਤ ਵਿੱਚ ਰੱਖੀਆਂ ਜਾਣ  ਤਾਂ ਜੋ ਬਰਸਾਤ ਦੌਰਾਨ ਪਿੰਡ ਵਾਸੀਆਂ ਨੂੰ ਕੋਈ ਪ੍ਰੇਸ਼ਾਨੀ ਪੇਸ਼ ਨਾ ਆਵੇ।

ਉਹਨਾਂ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਅਤੇ ਸਬੰਧਿਤ ਕਾਰਜ ਸਾਧਕ ਅਫਸਰਾਂ ਨੂੰ ਵੀ ਹਦਾਇਤ ਕੀਤੀ ਕਿ ਸੀਵਰੇਜਾਂ ਦੇ ਮੈਨ ਹੋਲਾਂ ਦੀ ਸਫਾਈ ਨਿਰੰਤਰ ਰੱਖੀ ਜਾਵੇ। ਇਸ ਤੋਂ ਇਲਾਵਾ ਬਿਜਲੀ ਬੋਰਡ ਨੂੰ ਐਗਰੀਕਲਚਰ ਪਾਵਰ ਸਪਲਾਈ ਨਿਰੰਤਰ ਦੇਣ ਦੀ ਹਦਾਇਤ ਕੀਤੀ। ਉਨਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਫਲੱਡ ਕੰਟਰੋਲ ਰੂਮ ਦਾ ਨੰਬਰ 01633-260341 ਹੈ। ਇਸ ਤੋਂ ਬਿਨਾਂ ਮਲੋਟ ਵਿਖੇ ਸਥਾਪਿਤ ਫਲੱਡ ਕੰਟਰੋਲ ਰੂਮ ਦਾ ਨੰਬਰ 01637-261072 ਅਤੇ ਗਿੱਦੜਬਾਹਾ ਵਿਖੇ ਸਥਾਪਿਤ ਹੜ੍ਹ  ਕੰਟਰੋਲ ਰੂਮ ਦਾ ਨੰਬਰ 01637-231931  ਹੈ । ਜ਼ਿਲ੍ਹਾ ਵਾਸੀ ਹੜਾਂ ਸਬੰਧੀ ਕੋਈ ਵੀ ਜਾਣਕਾਰੀ ਲੈਣ ਜਾਂ ਕੋਈ ਸੂਚਨਾ ਦੇਣ ਲਈ ਇਸ ਕੰਟਰੋਲ ਰੂਮ ਤੇ ਕਾਲ ਕਰ ਸਕਦੇ ਹਨ। ਇਹ ਕੰਟਰੋਲ ਰੂਮ 24 ਘੰਟੇ ਕਾਰਜਸ਼ੀਲ ਰਹਿਣਗੇ।